ਚੰਡੀਗੜ੍ਹ ਹਾਊਸਿੰਗ ਬੋਰਡ ਦੇ ਇਨਫੋਰਸਮੈਂਟ ਵਿੰਗ ਨੇ ਸੈਕਟਰ-41 ਦੇ ਘਰਾਂ 'ਤੇ ਚਲਾਇਆ ਬੁਲਡੋਜ਼ਰ
ਚੰਡੀਗੜ੍ਹ, 1 ਮਈ: ਚੰਡੀਗੜ੍ਹ ਹਾਊਸਿੰਗ ਬੋਰਡ ਦੇ ਇਨਫੋਰਸਮੈਂਟ ਵਿੰਗ ਨੇ ਸੈਕਟਰ - 41 ਦੇ ਘਰਾਂ ਵਿੱਚ ਨਾਜਾਇਜ਼ ਉਸਾਰੀਆਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਇਨਫੋਰਸਮੈਂਟ ਟੀਮ ਦੇ ਪਹੁੰਚਦਿਆਂ ਸਾਰ ਹੀ ਮੌਕੇ 'ਤੇ ਭਾਰੀ ਭੀੜ ਇਕੱਠੀ ਹੋ ਗਈ, ਜਿਸ ਕਾਰਨ ਪੁਲਿਸ ਫੋਰਸ ਨੂੰ ਵੀ ਸੱਦਣਾ ਪਿਆ।
ਇਹ ਵੀ ਪੜ੍ਹੋ: ਕਿਸਾਨਾਂ ਵੱਲੋਂ 2 ਮਈ ਨੂੰ ਪੰਜਾਬ ਭਰ ਵਿਚ ਰੋਸ ਪ੍ਰਦਰਸ਼ਨ ਦੇ ਐਲਾਨ ਤੋਂ ਬਾਅਦ ਘਬਰਾਈ ਸੂਬਾ ਸਰਕਾਰ
ਦੱਸ ਦੇਈਏ ਕਿ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਪੰਜੇ ਇਸ ਵਰਾ 41-ਏ ਦੇ ਰਿਹਾਇਸ਼ੀ ਮਕਾਨਾਂ ’ਤੇ ਚੱਲੇ ਨੇ ਤੇ ਵਿਭਾਗ ਵੱਲੋਂ ਮਕਾਨਾਂ ਦੀਆਂ ਬਾਲਕੋਨੀਆਂ ਨੂੰ ਨਸਤੋ-ਨਾਬੂਤ ਕਰ ਦਿੱਤਾ ਗਿਆ ਹੈ। ਬੀਤੇ ਦਿਨੀਂ ਵੀ ਜਦੋਂ ਅਧਿਕਾਰੀਆਂ ਨੇ ਨਾਜਾਇਜ਼ ਉਸਾਰੀ ਨੂੰ ਢਾਹੁਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਲੋਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਸੀ। ਉਸ ਵੇਲੇ ਅਕਾਲੀ ਕੌਂਸਲਰ ਹਰਦੀਪ ਸਿੰਘ ਵੀ ਆਪਣੇ ਸਮਰਥਕਾਂ ਨਾਲ ਮੌਕੇ ’ਤੇ ਪਹੁੰਚ ਗਏ ਸਨ ਅਤੇ ਜ਼ੋਰਦਾਰ ਵਿਰੋਧ ਕੀਤਾ ਸੀ।
ਪੁਲਿਸ ਵੱਲੋਂ ਅਕਾਲੀ ਆਗੂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਹਟਾਉਣ ਦੌਰਾਨ ਹੋਏ ਝਗੜੇ ਵਿਚ ਆਗੂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਨਿਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਸਾਰੀ ਢਾਹੁਣ ਤੋਂ ਪਹਿਲਾਂ ਕੁੱਝ ਸਮਾਂ ਦਿੱਤਾ ਜਾਣਾ ਚਾਹੀਦਾ ਸੀ। ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਇਹ ਘਰ ਕਾਫ਼ੀ ਸਮਾਂ ਪਹਿਲਾਂ ਬਣਾਏ ਸਨ ਤੇ ਜੇਕਰ ਬੋਰਡ ਨੂੰ ਕੋਈ ਇਤਰਾਜ਼ ਸੀ ਤਾਂ ਉਸੇ ਵੇਲੇ ਕੰਮਕਾਜ ਰੋਕ ਦਿੰਦੀ।
ਉੱਥੇ ਹੀ ਹਾਊਸਿੰਗ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਉਸਾਰੀ ਹਟਾਉਣ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਅਤੇ ਇਸ ਸਬੰਧੀ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਅਜਿਹਾ ਨਾ ਕਰਨ 'ਤੇ ਇਹ ਉਸਾਰੀ ਢਾਹ ਦਿੱਤੀ ਗਈ ਹੈ। ਇਨਫੋਰਸਮੈਂਟ ਵਿੰਗ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਕਰੀਬ ਚਾਰ ਘਰਾਂ ਤੋਂ ਨਾਜਾਇਜ਼ ਉਸਾਰੀਆਂ ਹਟਾ ਦਿੱਤੀਆਂ ਗਈਆਂ ਹਨ ਅਤੇ ਵਾਧੂ ਬਾਲਕੋਨੀਆਂ, ਕਮਰੇ ਤੇ ਖਿੜਕੀਆਂ ਨੂੰ ਵੀ ਢਾਹ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਪਟਿਆਲਾ ਹਿੰਸਾ ਮਾਮਲੇ 'ਚ ਬਰਜਿੰਦਰ ਪਰਵਾਨਾ ਗ੍ਰਿਫ਼਼ਤਾਰ, ਹੁਣ ਤੱਕ 6 ਗ੍ਰਿਫ਼ਤਾਰੀਆਂ
ਇਸਤੋਂ ਪਹਿਲਾਂ ਅੱਜ ਸਵੇਰੇ ਚੰਡੀਗੜ੍ਹ ਪ੍ਰਸ਼ਾਸਨ ਨੇ ਕਲੋਨੀ ਨੰਬਰ 4, ਇੰਡਸਟਰੀਅਲ ਏਰੀਆ, ਫੇਜ਼-1 ਵਿੱਚ ਨਾਜਾਇਜ਼ ਉਸਾਰੀਆਂ ਢਾਹੁਣ ਦੀ ਮੁਹਿੰਮ ਵਿੱਢੀ ਸੀ। ਮੁਹਿੰਮ ਦੇ ਚਲਦਿਆਂ ਪ੍ਰਸ਼ਾਸਨ ਨੇ ਖੇਤਰ ਵਿੱਚ 500 ਮੀਟਰ ਦੇ ਅੰਦਰ ਐਤਵਾਰ ਅੱਧੀ ਰਾਤ ਤੱਕ ਸੀਆਰਪੀਸੀ ਦੀ ਧਾਰਾ 144 ਲਾਗੂ ਕਰ ਦਿੱਤੀ ਹੈ।
-PTC News