ਮੁੱਖ ਖਬਰਾਂ

ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਕੇਰੀਆਂ ਤੋਂ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ

By Jashan A -- August 27, 2019 7:19 pm

ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਕੇਰੀਆਂ ਤੋਂ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ,ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਕੇਰੀਆਂ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਨਿੱਜੀ ਘਾਟਾ ਦੱਸਿਆ। ਸ੍ਰੀ ਬੱਬੀ ਨੇ ਅੱਜ ਸਵੇਰੇ ਇੱਥੇ ਪੀ.ਜੀ.ਆਈ ਵਿਖੇ ਆਖਰੀ ਸਾਹ ਲਿਆ।

ਇਕ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਸ੍ਰੀ ਬੱਬੀ ਨੂੰ ਇੱਕ ਹੰਢਿਆ ਹੋਇਆ ਸਿਆਸਤਦਾਨ ਦੱਸਿਆ ਜਿਨ੍ਹਾਂ ਨੂੰ ਸਿਆਸੀ ਕਦਰਾਂ ਕੀਮਤਾਂ 'ਤੇ ਅਧਾਰਿਤ ਵਿਰਾਸਤ ਆਪਣੇ ਪਿਤਾ ਅਤੇ ਪਾਰਟੀ ਦੇ ਕੱਦਾਵਰ ਆਗੂ ਡਾ. ਕੇਵਲ ਕ੍ਰਿਸ਼ਨ ਪਾਸੋਂ ਵਿਰਸੇ ਵਿੱਚੋਂ ਮਿਲੀ।

ਪਾਰਟੀ ਨੂੰ ਹੇਠਲੇ ਪੱਧਰ 'ਤੇ ਮਜ਼ਬੂਤ ਕਰਨ ਲਈ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਚੇਤੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਬੱਬੀ ਨੇ ਕੰਢੀ ਇਲਾਕੇ ਖਾਸ ਕਰਕੇ ਮੁਕੇਰੀਆਂ ਦੇ ਸਰਬਪੱਖੀ ਵਿਕਾਸ ਲਈ ਸਿਰੜ ਨਾਲ ਕੰਮ ਕਰਨ ਤੋਂ ਇਲਾਵਾ ਸਮਾਜ ਦੇ ਪੱਛੜੇ ਵਰਗਾਂ ਦੀ ਭਲਾਈ ਨੂੰ ਵੀ ਯਕੀਨੀ ਬਣਾਇਆ।

ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਣ ਅਤੇ ਪਿੱਛੇ ਪਰਿਵਾਰਕ ਮੈਂਬਰਾਂ ਅਤੇ ਸਾਕ-ਸਨੇਹੀਆਂ ਨੂੰ ਭਾਣਾ ਮਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।

ਇਸੇ ਦੌਰਾਨ ਪੰਜਾਬ ਸਰਕਾਰ ਨੇ ਵਿਛੜੇ ਨੇਤਾ ਦੇ ਸਤਿਕਾਰ ਵਜੋਂ ਦਿਨ ਦੇ ਬਾਕੀ ਰਹਿੰਦੇ ਸਮੇਂ ਲਈ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿਦਿਅਕ ਸੰਸਥਾਵਾਂ ਵਿਚ ਛੁੱਟੀ ਕਰ ਦਿੱਤੀ। ਅੱਜ ਦੇ ਦਿਨ ਲਈ ਰਾਜਕੀ ਸੋਗ ਵੀ ਐਲਾਨਿਆ ਗਿਆ ਜਿਸ ਦੌਰਾਨ ਕੌਮੀ ਝੰਡਾ ਅੱਧਾ ਝੁਕਿਆ ਰੱਖਿਆ ਗਿਆ ਅਤੇ ਸਰਕਾਰੀ ਪੱਧਰ 'ਤੇ ਹੋਣ ਵਾਲੇ ਮਨੋਰੰਜਨ ਸਮਾਗਮ ਵੀ ਰੱਦ ਕਰ ਦਿੱਤੇ ਗਏ।

-PTC News

  • Share