ਕੋਵਿਡ 19- ਜੂਨ-ਜੁਲਾਈ ‘ਚ ਕੋਰੋਨਾ ਮਹਾਮਾਰੀ ਪਹੁੰਚੇਗੀ ਸਿਖਰ ‘ਤੇ – ਮਾਹਰ

https://www.ptcnews.tv/wp-content/uploads/2020/05/WhatsApp-Image-2020-05-08-at-1.39.51-PM.jpeg

ਨਵੀਂ ਦਿੱਲੀ :- ਕੋਵਿਡ 19-  ਜੂਨ-ਜੁਲਾਈ ‘ਚ ਕੋਰੋਨਾ ਮਹਾਮਾਰੀ ਪਹੁੰਚੇਗੀ ਸਿਖਰ ‘ਤੇ – ਮਾਹਰ: ਭਾਰਤ ਦੇਸ਼ ‘ਚ ਲਗਾਤਾਰ ਵੱਧ ਰਹੇ ਕੇਸਾਂ ਨੂੰ ਦੇਖਦੇ ਮਾਹਰਾਂ ਨੇ ਆਪਣੀ ਰਾਏ ਦਿੰਦੇ ਕਿਹਾ ਹੈ ਕਿ ਇਹ ਮਹਾਮਾਰੀ ਦਾ ਪ੍ਰਸਾਰ ਅਜੇ ਹੋਰ ਵਧੇਗਾ । ਮਾਹਰਾਂ ਅਨੁਸਾਰ ਕੋਰੋਨਾ ਮਹਾਮਾਰੀ ਨੂੰ ਠੱਲ ਪਾਉਣ ਲਈ ਅਜੇ ਕਾਫ਼ੀ ਸਮਾਂ ਲੱਗੇਗਾ । ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ “ਟੈਸਟਾਂ ਦੀ ਪ੍ਰਤੀਸ਼ਤ ਦਰ ਦੇਖੀਏ ਤਾਂ ਭਾਰਤ ਦੀ ਕੁੱਲ ਕੋਵਿਡ 19 ਪਾਜ਼ਿਟਿਵ ਕੇਸਾਂ ਦੀ ਦਰ ਅਜੇ ਵੀ 4 ਤੋਂ 4.5 ਪ੍ਰਤੀਸ਼ਤ ਦੇ ਵਿਚਕਾਰ ਹੈ। ਬਹੁਤੇ ਕੇਸ ਕੁਝ ਖੇਤਰਾਂ ਤੱਕ ਸੀਮਤ ਹਨ।

“ਹਾਲਾਂਕਿ ਮਈ ਤੋਂ ਅਗਸਤ ਤੱਕ ਪਹਿਲਾਂ ਅਨੁਮਾਨ ਲਗਾਉਣਾ ਥੋੜਾ ਕਠਿਨ ਹੈ , ਪਰ ਅੰਕੜਿਆਂ ਦੇ ਆਧਾਰ ‘ਤੇ ਜੇਕਰ ਗੌਰ ਕਰੀਏ ਤਾਂ ਇਸ ਸਮੇਂ ਸਾਡੇ ਕੇਸਾਂ ਵਿੱਚ ਜਿਸ ਤਰ੍ਹਾਂ ਵਾਧਾ ਹੋ ਰਿਹਾ ਹੈ, ਸੰਭਾਵਨਾ ਹੈ ਕਿ ਜੂਨ ਅਤੇ ਜੁਲਾਈ ਵਿੱਚ ਕੇਸ ਸਿਖ਼ਰ ਤੇ ਆ ਸਕਦੇ ਹਨ । ਹਾਂ , ਸਥਿਤੀ ‘ਚ ਪਰਿਵਰਤਨ ਹੋ ਸਕਦਾ ਹੈ ਇਸ ਲਈ ਇਸ ਸਮੇਂ ਕੁਝ ਕਹਿਣਾ ਸੰਭਵ ਨਹੀਂ ਹੈ, “ਡਾਕਟਰ ਗੁਲੇਰੀਆ ਨੇ ਕਿਹਾ।

ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਇੰਡੀਅਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਡਾਇਰੈਕਟਰ ਨੇ ਕਿਹਾ ਕਿ ਜ਼ਰੂਰੀ ਕਦਮ ਉਠਾਏ ਜਾਣ ਦੇ ਬਾਵਜੂਦ ਵੀ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ , ਹਾਲਾਂਕਿ ਦੇਸ਼ ‘ਚ ਕੋਵਿਡ-19 ਮਹਾਮਾਰੀ ਅਜੇ ਸਿਖ਼ਰ ਤੱਕ ਨਹੀਂ ਅੱਪੜੀ ਹੈ । ਉਹਨਾਂ ਕਿਹਾ ਸਮੇਂ ਦੇ ਹਿਸਾਬ ਨਾਲ ਹੀ ਅਸੀਂ ਇਹ ਜਾਣ ਪਾਵਾਂਗੇ ਕਿ ਇਹ ਬਿਮਾਰੀ ਕਿੰਨੀ ਫੈਲੀ ਅਤੇ ਲੌਕਡਾਊਨ ਦਾ ਇਸਤੇ ਕੀ ਪ੍ਰਭਾਵ ਪਿਆ ।

ਡਾਇਰੈਕਟਰ ਨੇ ਕਿਹਾ ਕਿ ਫ਼ਿਲਹਾਲ ਸਾਵਧਾਨੀ ਵਰਤਣਾ ਅਤੇ ਇੱਕ-ਦੂਜੇ ਤੋਂ ਦੂਰੀ ਬਣਾਏ ਰੱਖਣਾ ਹੀ ਇਸ ਬਿਮਾਰੀ ਤੋਂ ਬਚੇ ਰਹਿਣ ਦਾ ਹੱਲ ਹੈ ਕਿਉਂਕਿ ਇਹ ਬਿਮਾਰੀ ਇਕ ਵਾਰ ‘ਚ ਖਤਮ ਨਹੀਂ ਹੋਣ ਵਾਲੀ ਅਤੇ ਆਉਣ ਵਾਲੇ ਸਮੇਂ ‘ਚ ਇਸਦੇ ਕੇਸ ਹੋਰ ਵਧਣ ਦਾ ਅਨੁਮਾਨ ਹੈ । ਡਾ. ਗੁਲੇਰੀਆ ਨੇ ਕਿਹਾ ਕਿ ” ਸਾਨੂੰ ਕੋਰੋਨਾ ਤੋਂ ਬਚਾਅ ਕਰਨ ਦੀ ਆਦਤ ਪਾਉਣੀ ਹੋਵੇਗੀ ਤਾਂ ਕਿਤੇ ਜਾ ਕੇ ਵਾਇਰਸ ਦੇ ਮਾਮਲੇ ਘੱਟ ਹੋਣ ਦੇ ਆਸਾਰ ਹਨ ।

ਡਾ. ਗੁਲੇਰੀਆ ਅਨੁਸਾਰ ਲੌਕਡਾਊਨ ਦਾ ਕਿਤੇ ਨਾ ਕਿਤੇ ਲਾਭ ਜ਼ਰੂਰ ਹੋਇਆ ਹੈ , ਇਹੀ ਕਾਰਨ ਹੈ ਕਿ ਮਾਮਲੇ ਬਹੁਤ ਤੇਜ਼ੀ ਨਾਲ ਨਹੀਂ ਵਧੇ , ਜਿਵੇਂ ਕਿ ਦੂਸਰੇ ਦੇਸ਼ਾਂ ‘ਚ ਵਧੇ ਹਨ । ਦੂਜੇ ਦੇਸ਼ਾਂ ਦੀ ਤੁਲਨਾ ਕਰੀਏ ਤਾਂ ਸਾਡੇ ਦੇਸ਼ ‘ਚ ਮਾਮਲੇ ਵਧਣ ਦੀ ਰਫ਼ਤਾਰ ਘੱਟ ਹੈ ।

ਉਹਨਾਂ ਕਿਹਾ ਕਿ ਇਹ ਕਹਿਣਾ ਮੁਨਾਸਿਬ ਨਹੀਂ ਹੋਵੇਗਾ ਕਿ ਇਹ ਕਦੋਂ ਖਤਮ ਹੋਵੇਗੀ , ਪਰ ਸਿਖ਼ਰ ਤੱਕ ਪਹੁੰਚਣ ਤੋਂ ਬਾਅਦ ਹੀ ਗਿਰਾਵਟ ਦਾ ਦੌਰ ਸ਼ੁਰੂ ਹੁੰਦਾ ਹੈ ਇਸ ਲਈ ਉਮੀਦ ਹੈ ਕਿ ਜੂਨ-ਜੁਲਾਈ ‘ਚ ਮਾਮਲੇ ਵਧਣ ਤੋਂ ਬਾਅਦ ਵਾਇਰਸ ਦਾ ਕਹਿਰ ਘੱਟ ਹੋਣਾ ਸ਼ੁਰੂ ਹੋ ਸਕਦਾ ਹੈ ।

ਦੱਸ ਦੇਈਏ ਕਿ ਦੇਸ਼ ‘ਚ ਹੁਣ ਤੱਕ ਪਾਜ਼ਿਟਿਵ ਕੇਸਾਂ ਦੀ ਗਿਣਤੀ 56 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ ਜਦਕਿ 16 ਹਜ਼ਾਰ ਤੋਂ ਉੱਪਰ ਲੋਕ ਠੀਕ ਹੋ ਚੁੱਕੇ ਹਨ ਅਤੇ ਮੌਤਾਂ ਦੀ ਗਿਣਤੀ 1800 ਤੋਂ ਵੱਧ ਦਰਜ ਕੀਤੀ ਗਈ ਹੈ। ਮੌਜੂਦਾ ਸਮੇਂ ‘ਚ ਸਾਨੂੰ ਸਾਰਿਆਂ ਨੂੰ ਅਹਿਤਿਆਤ ਵਰਤਣ ਦੀ ਲੋੜ ਹੈ ਤਾਂ ਜੋ ਇਸ ਮਹਾਮਾਰੀ ‘ਤੇ ਕਾਬੂ ਪਾਇਆ ਜਾ ਸਕੇ।