#COVID19: ਪੰਜਾਬ ਵਿੱਚ ਇਕੋ ਦਿਨ 'ਚ 8 ਨਵੇਂ ਕੇਸ ਆਏ ਸਾਹਮਣੇ, ਹੁਣ ਤੱਕ 65 ਲੋਕ ਕੋਰੋਨਾ ਨਾਲ ਪੀੜਤ 

By Shanker Badra - April 04, 2020 9:04 pm

#COVID19: ਪੰਜਾਬ ਵਿੱਚ ਇਕੋ ਦਿਨ 'ਚ 8 ਨਵੇਂ ਕੇਸ ਆਏ ਸਾਹਮਣੇ, ਹੁਣ ਤੱਕ 65 ਲੋਕ ਕੋਰੋਨਾ ਨਾਲ ਪੀੜਤ:ਚੰਡੀਗੜ੍ਹ : ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਵਿਚ ਇਕੋ ਦਿਨ (ਸ਼ਨੀਵਾਰ) ਨੂੰ ਕੋਰੋਨਾ ਵਾਇਰਸ ਦੇ 8 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 65 ਹੋ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਅੱਜ ਮ੍ਰਿਤਕ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਕਰੀਬੀ ਦਰਸ਼ਨ ਸਿੰਘ ਦੇ 3 ਪਰਿਵਾਰਿਕ ਮੈਂਬਰਾਂ ਦੇ ਟੈਸਟ ਵੀ ਪਾਜ਼ੀਟਿਵਆਏ ਹਨ। ਜਿਸ ਵਿੱਚ ਦਰਸ਼ਨ ਸਿੰਘ ਦੀ ਪਤਨੀ, ਬੇਟਾ ਅਤੇ ਪੋਤਰਾ ਵੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਜਲੰਧਰ ਵਿੱਚ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਬੇਟੀ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ ਅਤੇ ਉਹ ਜਲੰਧਰ ਵਿਚ ਜ਼ੇਰੇ ਇਲਾਜ ਹੈ।

ਇਸ ਤੋਂ ਇਲਾਵਾ ਫਰੀਦਕੋਟ ਵਿੱਚ ਇੱਕ ਕੋਰੋਨਾ ਵਾਇਰਸ ਦਾ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਕੋਰੋਨਾ ਵਾਇਰਸ ਪੀੜਤ ਵਿਅਕਤੀ ਦੀ ਪਹਿਚਾਣ ਅਨੰਦ ਗੋਇਲ ਵਜੋਂ ਹੋਈ ਹੈ, ਜੋ ਟਿਕਟਾਂ ਵੇਚਣ ਦਾ ਕੰਮ ਕਰਦਾ ਹੈ। ਉਕਤ ਵਿਅਕਤੀ ਕਦੇ ਵੀ ਵਿਦੇਸ਼ ਨਹੀਂ ਗਿਆ। ਇਸ ਦੇ ਨਾਲ ਪਠਾਨਕੋਟ ਦੇ ਸੁਜਾਨਪੁਰ ਦੀ ਰਾਜ ਰਾਣੀ (75) ਜੋ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਅਧੀਨ ਹੈ, ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਮੋਹਾਲੀ ਅੰਦਰ ਅੱਜ ਕੋਰੋਨਾ ਵਾਇਰਸ ਦੇ 2 ਹੋਰ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸ਼ਹਿਰ 'ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 14 ਹੋ ਗਈ ਹੈ। ਜਾਣਕਾਰੀ ਅਨੁਸਾਰ ਮੋਹਾਲੀ ਦੇਸੈਕਟਰ-91 ਦੀਆਂ ਰਹਿਣ ਵਾਲੀਆਂ 2 ਮਹਿਲਾਵਾਂ ਕੋਰੋਨਾ ਨਾਲ ਪਾਜ਼ੀਟਿਵ ਪਾਈਆਂ ਗਈਆਂ ਹਨ, ਜੋ ਕਿ ਕੁੱਝ ਦਿਨ ਪਹਿਲਾਂ ਵਿਦੇਸ਼ ਤੋਂ ਆਈ ਆਪਣੀ ਇਕ ਮਹਿਲਾ ਰਿਸ਼ਤੇਦਾਰ ਦੇ ਸੰਪਰਕ 'ਚ ਆਈ ਸੀ, ਜੋ ਕੁੱਝ ਦਿਨਾਂ ਲਈ ਇਨ੍ਹਾਂ ਦੇ ਘਰ ਵਿਖੇ ਹੀ ਠਹਿਰੀ ਸੀ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 65 ਕੇਸ ਪਾਜ਼ੀਟਿਵ ਪਾਏ ਹਨ। ਇਨ੍ਹਾਂ ‘ਚ ਨਵਾਂਸ਼ਹਿਰ -19 , ਮੋਹਾਲੀ -14 , ਹੁਸ਼ਿਆਰਪੁਰ -7, ਜਲੰਧਰ -6 , ਅੰਮ੍ਰਿਤਸਰ -8 , ਲੁਧਿਆਣਾ -4 , ਮਾਨਸਾ -3 , ਰੋਪੜ -1 ,  ਫਰੀਦਕੋਟ-1,ਪਠਾਨਕੋਟ- 1 ਅਤੇ ਪਟਿਆਲਾ -1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਸ਼ਿਆਰਪੁਰ ਦਾ ਇੱਕ ਮਰੀਜ਼ ਠੀਕ ਹੋ ਗਿਆ ਹੈ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 5 ਮੌਤਾਂ ਹੋ ਚੁੱਕੀਆਂ ਹਨ।
-PTCNews

adv-img
adv-img