ਹੋਰ ਖਬਰਾਂ

ਕਾਫਿਲਾ-ਏ-ਮੀਰ ਦੇ ਵਫਦ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਕੀਤੀ ਮੁਲਾਕਾਤ

By Shanker Badra -- August 24, 2021 3:28 pm

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਕਾਫਿਲਾ-ਏ-ਮੀਰ ਆਲ ਇੰਡੀਆ (ਰਜਿ.) ਪੰਜਾਬ ਦੇ ਵਫ਼ਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਮੁਲਾਕਾਤ ਕੀਤੀ। ਇਸ ਵਫਦ ਵਿਚ ਪੰਜਾਬੀ ਦੇ ਕਈ ਨਾਮਵਰ ਗਾਇਕ ਸ਼ਾਮਲ ਸਨ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮੰਗ ਪੱਤਰ ਦੇ ਕੇ ਭਾਈ ਮਰਦਾਨਾ ਜੀ ਦੀ ਯਾਦ ਵਿਚ ਸੰਗੀਤ ਅਕੈਡਮੀ ਸਥਾਪਤ ਕਰਨ ਦੀ ਮੰਗ ਕੀਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਈ ਮਰਦਾਨਾ ਜੀ ਗੁਰੂ ਘਰ ਦੇ ਪਹਿਲੇ ਰਬਾਬੀ ਕੀਰਤਨੀਏ ਸਨ, ਜਿਨ੍ਹਾਂ ਨੂੰ ਲੰਮਾਂ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ।

ਉਨ੍ਹਾਂ ਕਿਹਾ ਕਿ ਭਾਈ ਮਰਦਾਨਾ ਜੀ ਦਾ ਸਿੱਖ ਇਤਿਹਾਸ ਅੰਦਰ ਅਹਿਮ ਸਥਾਨ ਹੈ ਅਤੇ ਸਿੱਖ ਉਨ੍ਹਾਂ ਨੂੰ ਹਮੇਸ਼ਾਂ ਸਤਿਕਾਰ ਨਾਲ ਯਾਦ ਕਰਦੇ ਹਨ। ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਮਾਗਮਾਂ ਦੀ ਸ਼ੁਰੂਆਤ ਭਾਈ ਮਰਦਾਨਾ ਜੀ ਦੀ ਯਾਦ ਵਿਚ ਬਣੇ ਗੁਰਦੁਆਰਾ ਸ੍ਰੀ ਰਬਾਬਸਰ ਸਾਹਿਬ ਤੋਂ ਵਿਸ਼ੇਸ਼ ਨਗਰ ਕੀਰਤਨ ਨਾਲ ਕੀਤੀ ਗਈ ਸੀ, ਜਿਸ ਵਿਚ ਤੰਤੀ ਸਾਜ਼ਾਂ ਨਾਲ 550 ਰਾਗੀ ਸਿੰਘਾਂ ਨੇ ਸ਼ਮੂਲੀਅਤ ਕੀਤੀ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹਿਲਾਂ ਹੀ ਭਾਈ ਮਰਦਾਨਾ ਜੀ ਦੀ ਯਾਦ ਵਿਚ ਹਾਲ ਉਸਾਰਿਆ ਹੋਇਆ ਹੈ।

ਉਨ੍ਹਾਂ ਵਫਦ ਨੂੰ ਭਰੋਸਾ ਦਿੱਤਾ ਕਿ ਤੁਹਾਡੇ ਵੱਲੋਂ ਪੁੱਜੀ ਮੰਗ ਅਨੁਸਾਰ ਸ਼੍ਰੋਮਣੀ ਕਮੇਟੀ ਭਾਈ ਮਰਦਾਨਾ ਜੀ ਦੀ ਯਾਦ ਵਿਚ ਢੁੱਕਵੀਂ ਜਗ੍ਹਾ ’ਤੇ ਸੰਗੀਤ ਅਕੈਡਮੀ ਖੋਲ੍ਹੇਗੀ, ਜਿਸ ਵਿਚ ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਦੀ ਸਿੱਖਿਆ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਸਾਰੇ ਸਕੂਲਾਂ ਵਿਚ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇ ਨਾਲ-ਨਾਲ ਸੰਗੀਤ ਦੀ ਸਿੱਖਿਆ ਵੀ ਦਿੱਤੀ ਜਾ ਰਹੀ ਹੈ। ਜੇਕਰ ਭਾਈ ਮਰਦਾਨਾ ਜੀ ਦੇ ਵਾਰਸਾਂ ਵਿਚੋਂ ਚੰਗੀ ਰਬਾਬ ਵਜਾਉਣ ਵਾਲੇ ਅਧਿਆਪਕ ਮਿਲਦੇ ਹਨ ਤਾਂ ਉਨ੍ਹਾਂ ਨੂੰ ਜ਼ਰੂਰ ਵਿਸ਼ੇਸ਼ ਸਥਾਨ ਦਿੱਤਾ ਜਾਵੇਗਾ। ਉਨ੍ਹਾਂ ਭਰੋਸਾ ਦਵਾਇਆ ਕਿ ਉਨ੍ਹਾਂ ਦੀਆਂ ਮੰਗਾਂ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਵਿਚਾਰ ਕਰਕੇ ਯੋਗ ਫੈਸਲੇ ਲਏ ਜਾਣਗੇ। ਇਸ ਮੌਕੇ ਕਾਫਿਲਾ-ਏ-ਮੀਰ ਆਲ ਇੰਡੀਆ ਦੇ ਅਹੁਦੇਦਾਰਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਧੰਨਵਾਦ ਕੀਤਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਵਧੀਕ ਸਕੱਤਰ ਸ. ਸੁਖਮਿੰਦਰ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਓਐਸਡੀ ਡਾ. ਅਮਰੀਕ ਸਿੰਘ ਲਤੀਫ਼ਪੁਰ, ਡਾ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਮਲਕੀਤ ਸਿੰਘ ਬਹਿੜਵਾਲ, ਦਿਲਬਾਗ ਸਿੰਘ ਵਿਰਕ, ਮਨਜੀਤ ਸਿੰਘ ਅੰਮ੍ਰਿਤਸਰ, ਕਾਫਿਲਾ-ਏ-ਮੀਰ ਦੇ ਚੇਅਰਮੈਨ ਬੂਟਾ ਮੁਹੰਮਦ, ਪ੍ਰਧਾਨ ਸਰਦਾਰ ਅਲੀ ਮਤੋਈ, ਵਾਈਸ ਚੇਅਰਮੈਨ ਕਮਲ ਖਾਨ, ਜਨਰਲ ਸਕੱਤਰ ਮਾਸ਼ਾ ਅਲੀ, ਫਿਰੋਜ਼ ਖਾਨ, ਜੀ ਖਾਨ, ਮਹਿਲਾ ਵਿੰਗ ਪ੍ਰਧਾਨ ਪ੍ਰਵੀਨ ਅਖ਼ਤਰ, ਰਵੀਨਾ ਖਾਨ, ਮਾਸਟਰ ਸਲੀਮ, ਜੋਤੀ ਨੂਰਾ, ਗੁਰਲੇਜ ਅਖ਼ਤਰ, ਕੁਲਵਿੰਦਰ ਕੈਲੀ, ਸੁਰਿੰਦਰ ਖਾਨ, ਅਫਸਾਨਾ ਖਾਨ, ਡਾ. ਵਿਕੀ ਤੇ ਮਾਨਕ ਅਲੀ ਸਮੇਤ ਹੋਰ ਮੌਜੂਦ ਸਨ।
-PTCNews

  • Share