ਲੁਧਿਆਣਾ 'ਚ ਬਜ਼ੁਰਗ ਪਤੀ ਪਤਨੀ ਦਾ ਹੋਇਆ ਕਤਲ, 15 ਮਈ ਨੂੰ ਜਾਣਾ ਸੀ ਵਿਦੇਸ਼
ਲੁਧਿਆਣਾ: ਪੰਜਾਬ ਦੇ ਸ਼ਹਿਰ ਲੁਧਿਆਣਾ 'ਚ ਬੀਤੀ ਦੇਰ ਰਾਤ ਥਾਣਾ ਸਰਾਭਾ ਨਗਰ ਅਧੀਨ ਪੈਂਦੇ ਭਾਈ ਰਣਧੀਰ ਸਿੰਘ (ਬੀ.ਆਰ.ਐੱਸ.) ਨਗਰ 'ਚ ਦੋਹਰੇ ਕਤਲ ਨੂੰ ਅੰਜਾਮ ਦਿੱਤਾ ਗਿਆ। ਸੀਪੀਡਬਲਿਊਡੀ ਦੇ ਸੇਵਾਮੁਕਤ ਅਧਿਕਾਰੀ ਅਤੇ ਉਨ੍ਹਾਂ ਦੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਜੋੜਾ ਇਲਾਕੇ ਦੇ ਡੀ-ਬਲਾਕ ਵਿੱਚ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਦੇ ਨਾਲ ਲੱਗਦੀ ਗਲੀ ਦੇ ਬਿਲਕੁਲ ਸਾਹਮਣੇ ਇੱਕ ਮਕਾਨ ਵਿੱਚ ਰਹਿੰਦਾ ਸੀ।
ਮ੍ਰਿਤਕਾਂ ਦੀ ਪਛਾਣ ਸੁਖਦੇਵ ਸਿੰਘ ਲੋਟੇ (60) ਅਤੇ ਉਸ ਦੀ ਪਤਨੀ ਗੁਰਮੀਤ ਕੌਰ (64) ਵਜੋਂ ਹੋਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਸੁਖਦੇਵ ਸਿੰਘ ਦੇ ਤਿੰਨ ਬੱਚੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸਿਰਫ 20 ਮਿੰਟਾਂ 'ਚ ਵਾਪਰੀ। ਦੋਸ਼ੀ ਘਰ 'ਚ ਦਾਖਲ ਹੁੰਦਾ ਹੈ ਅਤੇ ਕੁਝ ਸਮੇਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੰਧ 'ਤੇ ਚੜ੍ਹ ਕੇ ਫਰਾਰ ਹੋ ਜਾਂਦਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਰਾਭਾ ਨਗਰ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਮੌਕੇ 'ਤੇ ਪਹੁੰਚੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਤੱਖ ਦਰਸ਼ੀਆਂ ਨੇ ਕਿਹਾ ਕਿ ਮੁਲਜ਼ਮ ਕੰਧ ਟੱਪ ਕੇ ਆਇਆ ਸੀ ਜਿਸ ਤੋਂ ਬਾਅਦ ਹੀ ਮੁਹੱਲਾ ਵਾਸੀਆਂ ਨੂੰ ਇਸ ਕਤਲ ਬਾਰੇ ਪਤਾ ਲੱਗਾ।
ਇਹ ਵੀ ਪੜ੍ਹੋ: ਪਟਿਆਲਾ ਹਿੰਸਾ ਮਾਮਲਾ: ਮੁੱਖ ਮੁਲਜ਼ਮ ਬਰਜਿੰਦਰ ਪਰਵਾਨਾ ਨੂੰ ਅੱਜ ਕੋਰਟ 'ਚ ਕੀਤਾ ਜਾਏਗਾ ਪੇਸ਼
ਮ੍ਰਿਤਕ ਜੋੜੇ ਦੇ ਦੋ ਲੜਕੇ ਲੱਕੀ ਅਤੇ ਰਾਜੂ ਵਿਦੇਸ਼ ਰਹਿੰਦੇ ਹਨ। ਉਸ ਦੀ ਇੱਕ ਧੀ ਰਿੰਪੀ ਦਾ ਵਿਆਹ ਲੁਧਿਆਣਾ ਦੇ ਅਗਰ ਨਗਰ ਵਿੱਚ ਹੀ ਹੋਇਆ ਹੈ। ਉਸ ਦੇ ਪਿਤਾ ਦਾ ਫੋਨ ਬੰਦ ਹੋਣ 'ਤੇ ਉਹ ਉਸ ਨੂੰ ਮਿਲਣ ਆਈ ਸੀ ਪਰ ਘਰ ਦਾ ਦਰਵਾਜ਼ਾ ਖੁੱਲ੍ਹਾ ਮਿਲਿਆ ਤਾਂ ਉਹ ਸਿੱਧਾ ਅੰਦਰ ਚਲੀ ਗਈ। ਉੱਥੇ ਆਪਣੇ ਮਾਂ ਬਾਪ ਦਾ ਕਤਲ ਹੋਇਆ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ। ਗੁਆਂਢੀਆਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਰਿੰਪੀ ਨੇ ਦੱਸਿਆ ਕਿ ਪਿਤਾ ਸੁਖਦੇਵ ਸਿੰਘ ਉਸ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ। ਅਚਾਨਕ ਫੋਨ ਬੰਦ ਹੋ ਗਿਆ ਤਾਂ ਉਹ ਆਪਣੇ ਪਿਤਾ ਨੂੰ ਮਿਲਣ ਆਈ।
ਜਾਂਚ ਦੌਰਾਨ ਪੁਲੀਸ ਨੂੰ ਕਮਰੇ ਵਿੱਚੋਂ ਪਾਣੀ ਦੇ 3 ਗਲਾਸ ਮਿਲੇ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਮਲਾਵਰ ਪਹਿਲਾਂ ਪਤੀ-ਪਤਨੀ ਦੇ ਕੋਲ ਹੀ ਬੈਠਾ ਹੋਵੇਗਾ ਅਤੇ ਕਿਸੇ ਗੱਲ ਨੂੰ ਲੈ ਕੇ ਗੱਲਬਾਤ ਕੀਤੀ ਹੋਵੇਗੀ। ਹਮਲਾਵਰ ਨੂੰ ਪਤੀ-ਪਤਨੀ ਨੇ ਪਾਣੀ ਪਿਲਾਇਆ ਹੋਵੇਗਾ, ਜਿਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਪੁਲਿਸ ਵੱਖ-ਵੱਖ ਥਿਊਰੀਆਂ 'ਤੇ ਕੰਮ ਕਰ ਰਹੀ ਹੈ ਜਿਸ ਕਮਰੇ ਵਿੱਚ ਕਤਲ ਹੋਇਆ ਸੀ, ਉਸ ਤੋਂ ਪੁਲੀਸ ਨੇ ਕਈ ਸੈਂਪਲ ਵੀ ਲਏ ਹਨ। ਪੁਲੀਸ ਨੂੰ ਮੁਲਜ਼ਮਾਂ ਦੀਆਂ ਜੁੱਤੀਆਂ ਦੇ ਨਿਸ਼ਾਨ ਵੀ ਮਿਲੇ ਹਨ ਕਿਉਂਕਿ ਜਦੋਂ ਮੁਲਜ਼ਮ ਘਰ ਦੀ ਕੰਧ ਟੱਪ ਕੇ ਗਿਆ ਤਾਂ ਉਸ ਦੇ ਪੈਰ ਘਰ ਦੇ ਬਾਹਰ ਲੱਗੇ ਬਗੀਚੇ ਵਿੱਚ ਮਿੱਟੀ ਵਿੱਚ ਮਿਲ ਗਏ। ਰਿੰਪੀ ਨੇ ਦੱਸਿਆ ਕਿ ਮਾਪਿਆਂ ਨੇ 15 ਮਈ ਨੂੰ ਆਪਣੇ ਬੇਟੇ ਲੱਕੀ ਕੋਲ ਕੈਨੇਡਾ ਜਾਣਾ ਸੀ। ਇਸ ਕਰਕੇ ਉਹ ਸ਼ਾਪਿੰਗ ਆਦਿ ਲਈ ਜਾਂਦਾ ਸੀ।
(ਨਵੀਨ ਸ਼ਰਮਾ ਦੀ ਰਿਪੋਰਟ)
-PTC News