ਮੇਥੀ ਦੇ ਭੁਲੇਖੇ ਬਣਾ ਕੇ ਖਾ ਲਈ ਭੰਗ ਦੀ ਸਬਜ਼ੀ , ਪਰਿਵਾਰ ਹੋ ਗਿਆ ਬੇਹੋਸ਼

https://www.ptcnews.tv/wp-content/uploads/2020/07/WhatsApp-Image-2020-07-02-at-3.19.06-PM.jpeg

ਕਨੌਜ(ਉੱਤਰ ਪ੍ਰਦੇਸ਼): ਮੇਥੀ ਦੇ ਭੁਲੇਖੇ ਬਣਾ ਕੇ ਖਾ ਲਈ ਭੰਗ ਦੀ ਸਬਜ਼ੀ , ਪਰਿਵਾਰ ਹੋ ਗਿਆ ਬੇਹੋਸ਼: ਇਹ ਕਈ ਵਾਰ ਹੁੰਦੇ ਦੇਖਿਆ ਹੈ ਕਿ ਹਰੀਆਂ ਸਬਜ਼ੀਆਂ ਦੀ ਪਛਾਣ ‘ਚ ਲੋਕਾਂ ਨੂੰ ਭੁਲੇਖਾ ਲੱਗ ਜਾਂਦਾ ਹੈ, ਸਿਰਫ਼ ਇਹੀ ਨਹੀਂ ,ਬਹੁਤ ਵਾਰ ਇੰਝ ਹੁੰਦਾ ਹੈ ਕਿ ਕਈ ਲੋਕਾਂ ਨੂੰ ਅਸਲੀ ਖੁੰਬਾਂ ਜਾਂ ਸਾਗ ਦੀ ਕਿਸਮ ਦੀ ਪਹਿਚਾਣ ਛੇਤੀ ਨਹੀਂ ਹੁੰਦੀ। ਪਰ ਜੇ ਕਹੀਏ ਕਿ ਕਿਸੇ ਨੇ ਮੇਥੀ ਦੇ ਭੁਲੇਖੇ ਭੰਗ ਖਾ ਲਈ ਤਾਂ ਯਕੀਨ ਕਰਨਾ ਔਖਾ ਹੈ। ਪਰ ਅਜਿਹਾ ਹੋਇਆ ਹੈ, ਉੱਤਰ ਪ੍ਰਦੇਸ਼ ਦੇ ਕਨੌਜ ‘ਚ, ਜਿੱਥੇ ਇੱਕ ਪਰਿਵਾਰ ਵੱਲੋਂ ਮੇਥੀ ਦੀ ਜਗ੍ਹਾ ਭੰਗ ਦੀ ਸਬਜ਼ੀ ਬਣਾ ਕੇ ਖਾ ਲੈਣ ਉਪਰੰਤ ਉਹਨਾਂ ਨੂੰ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ਭਰਤੀ ਕਰਵਾਉਣਾ ਪਿਆ ।

ਮਿਲੀ ਜਾਣਕਾਰੀ ਮੁਤਾਬਿਕ ਨਵਲ ਕਿਸ਼ੋਰ ਨਾਮਕ ਵਿਅਕਤੀ ਨੇ ਆਪਣੇ ਗੁਆਂਢੀ ਓਮ ਪ੍ਰਕਾਸ਼ ਦੇ ਬੇਟੇ ਨਿਤਿਸ਼ ਨੂੰ ਇਹ ਭੰਗ ਦੀ ਬੂਟੀ ਦਿੱਤੀ ਅਤੇ ਆਖਿਆ ਕਿ ਇਹ ਸੁੱਕੀ ਮੇਥੀ ਹੈ । ਨਿਤਿਸ਼ ਨੇ ਭੰਗ ਦੇ ਪੱਤੇ ਆਪਣੀ ਭੈਣ ਪਿੰਕੀ ਨੂੰ ਦਿੱਤੇ ਅਤੇ ਉਸਨੇ ਮੇਥੀ ਦੇ ਭੁਲੇਖੇ ਭੰਗ ਰਿੰਨ੍ਹਣ ਲਈ ਚੁੱਲ੍ਹੇ ‘ਤੇ ਚਾੜ੍ਹ ਦਿੱਤੀ । ਪਰਿਵਾਰ ਨੇ ਜਦੋਂ ਸਬਜ਼ੀ ਖਾਧੀ ਤਾਂ ਕੁਝ ਚਿਰ ਬਾਅਦ ਹੀ ਉਹਨਾਂ ਦੀ ਹਾਲਤ ਖ਼ਰਾਬ ਹੋ ਗਈ । ਪਰ ਓਮ ਪ੍ਰਕਾਸ਼ ਅਜੇ ਐਨਾ ਬੇਸੁਰਤ ਨਹੀਂ ਸੀ , ਇਸ ਲਈ ਉਸਨੇ ਕਿਸੇ ਨਾ ਕਿਸੇ ਤਰੀਕੇ ਇਹ ਜਾਣਕਾਰੀ ਆਪਣੇ ਗੁਆਂਢੀਆਂ ਤੱਕ ਪਹੁੰਚਾ ਦਿੱਤੀ ।ਇਸ ਤੋਂ ਕੁਝ ਦੇਰ ਬਾਅਦ ਪੂਰਾ ਪਰਿਵਾਰ ਬੇਸੁਰਤ ਹੋ ਗਿਆ ।

ਇੱਥੇ ਦੱਸਣਯੋਗ ਹੈ ਕਿ ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ , ਜਿਸ ਉਪਰੰਤ ਉਹਨਾਂ ਨੂੰ ਹਸਪਤਾਲ ਵਿਖੇ ਪਹੁੰਚਾਇਆ ਗਿਆ। ਪੁਲਿਸ ਨੇ ਬਚੀ ਹੋਈ ਭੰਗ ਜ਼ਬਤ ਕੀਤੀ ਅਤੇ ਇਸ ਘਟਨਾ ਦੇ ਦੋਸ਼ੀ ਨਵਲ ਕਿਸ਼ੋਰ ਨੂੰ ਗ੍ਰਿਫ਼ਤਾਰ ਕਰ ਲਿਆ । ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਪਰਿਵਾਰ ਖ਼ਤਰੇ ਤੋਂ ਬਾਹਰ ਹੈ ।

ਦੱਸ ਦੇਈਏ ਕਿ ਭੰਗ , ਜਿਸਦਾ ਇਸਤੇਮਾਲ ਵਿਸ਼ੇਸ਼ ਮੌਕਿਆਂ ‘ਤੇ ਕਰਦੇ ਹਨ। ਖਾਸਕਰ ਹੋਲੀ ‘ਤੇ  ਪਕੌੜੇ ਅਤੇ ਠੰਡਾਈ ਦੇ ਰੂਪ ‘ਚ ਲੋਕ ਭੰਗ ਦਾ ਸੇਵਨ ਕਰਦੇ ਹਨ, ਪਰ ਸੀਮਿਤ ਮਾਤਰਾ ‘ਚ ! ਪਰ ਸਬਜ਼ੀ ਆਦਿਕ ‘ਚ ਜ਼ਿਆਦਾ ਮਾਤਰਾ ‘ਚ ਇਸਨੂੰ ਖਾਧਾ ਜਾਣਾ ਖ਼ਤਰਨਾਕ ਸਿੱਧ ਹੋ ਸਕਦਾ ਹੈ । ਇਸ ਲਈ ਸਬਜ਼ੀ ਬਣਾਉਣ ਤੋਂ ਪਹਿਲਾਂ ਉਸਦੀ ਪਹਿਚਾਣ ਲਾਜ਼ਮੀ ਹੈ, ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਨ।