ਫ਼ਿਰੋਜ਼ਪੁਰ ਦੇ ਜ਼ੀਰਾ 'ਚ ਪਤੀ-ਪਤਨੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ ,ਗਰਭਵਤੀ ਸੀ ਮਹਿਲਾ
ਫ਼ਿਰੋਜ਼ਪੁਰ ਦੇ ਜ਼ੀਰਾ 'ਚ ਪਤੀ-ਪਤਨੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ ,ਗਰਭਵਤੀ ਸੀ ਮਹਿਲਾ:ਫ਼ਿਰੋਜ਼ਪੁਰ ਦੇ ਪਿੰਡ ਪੰਡੋਰੀ ਖੱਤਰੀਆਂ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਪਤੀ-ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕਾਂ ਦੀ ਪਛਾਣ 48 ਸਾਲਾ ਰਾਜਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਪ੍ਰਭਦੀਪ ਕੌਰ ਵਾਸੀ ਪੰਡੋਰੀ ਖੱਤਰੀਆਂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕੁੱਝ ਹਥਿਆਰਬੰਦ ਵਿਅਕਤੀ ਉਨ੍ਹਾਂ ਦੇ ਘਰ ਅੰਦਰ ਦਾਖਲ ਹੋਏ ਅਤੇ ਉਸ ਵੇਲੇ ਇਸ ਹਾਦਸੇ ਨੂੰ ਅੰਜਾਮ ਦਿੱਤਾ ਗਿਆ ਜਦੋਂ ਪਤੀ ਪਤਨੀ ਆਪਣੇ ਘਰ ਅੰਦਰ ਬੈਠੇ ਸਨ।ਇਸ ਘਟਨਾ ਬਾਰੇ ਉਦੋਂ ਪਤਾ ਲੱਗਾ ਜਦੋਂ ਕੰਮ ਵਾਲੀ ਉਨ੍ਹਾਂ ਦੇ ਘਰ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਘਰ ਦੀ ਮਾਲਕਣ ਪ੍ਰਭਦੀਪ ਕੌਰ ਦੀ ਲਾਸ਼ ਰਸੋਈ ਅਤੇ ਘਰ ਦੇ ਮਾਲਕ ਦੀ ਲਾਸ਼ ਕੋਠੀ ਅੰਦਰ ਪਈ ਸੀ ਜਿਨ੍ਹਾਂ ਦੇ ਸਿਰ 'ਚੋਂ ਖ਼ੂਨ ਵਗ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਸਿਰ 'ਚ ਗੋਲੀਆਂ ਮਾਰੀਆਂ ਹਨ।ਇਸ ਮੌਕੇ ਪੁੱਜੀ ਪੁਲਿਸ ਵੱਲੋਂ ਪਿਸਤੌਲ ਦੀਆਂ ਚੱਲੀਆਂ ਗੋਲੀਆਂ ਦੇ ਖ਼ੋਲ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਉਕਤ ਜੋੜੇ ਦੇ ਘਰ ਬੱਚਾ ਨਹੀਂ ਸੀ ਅਤੇ ਹੁਣ ਪ੍ਰਭਦੀਪ ਕੌਰ ਗਰਭਵਤੀ ਸੀ ਜਿਸ ਨੂੰ ਲੈ ਕੇ ਪੁਲਿਸ ਬਾਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। -PTCNews