ਕੁੜੀਆਂ ਹਿਜਾਬ ਨਹੀਂ ਪਾ ਸਕਦੀਆਂ, ਭਾਵੇਂ 'ਸ਼ਰਮ' ਦੇ ਕੱਪੜੇ ਉੱਤਰ ਜਾਣ?
ਚੰਡੀਗੜ੍ਹ: ਸਾਡੀਆਂ ਧਾਰਮਿਕ ਪੁਸਤਕਾਂ ਸਾਨੂੰ ਸਾਡੀ ਸਦੀਆਂ ਪੁਰਾਣੀ ਸੰਸਕ੍ਰਿਤੀ ਦੀ ਮਹਾਨਤਾ ਦੱਸ ਰਹੀਆਂ ਹਨ ਪਰ ਅਸੀਂ ਅਪਣੀ ਨਵੀਂ ਪੀੜ੍ਹੀ ਨੂੰ ਨੈਤਿਕਤਾ ਤੋਂ ਦੂਰ ਕਰਨ ਦਾ ਕੰਮ ਖ਼ੁਦ ਹੀ ਪ੍ਰਚੰਡ ਰਫ਼ਤਾਰ ਨਾਲ ਕਰ ਰਹੇ ਹਾਂ।
ਕਰਨਾਟਕ ਵਿਚ ਬੱਚੀਆਂ ਨੂੰ ਹਿਜਾਬ ਪਹਿਨ ਕੇ ਸਕੂਲਾਂ ਵਿਚ ਦਾਖ਼ਲ ਹੋਣ ਤੋਂ ਰੋਕ ਦਿਤਾ ਗਿਆ ਹੈ। ਮੁਸਕਾਨ ਖ਼ਾਨ ਨਾਮ ਦੀ ਇਕ ਲੜਕੀ ਨੂੰ ਕੌਣ ਭੁੱਲ ਸਕਦਾ ਹੈ ਜਿਸ ਨੇ ਇਕੱਲਾ ਹੋਣ ਦੇ ਬਾਵਜੂਦ 100 ਤੋਂ ਜਿ਼ਆਦਾ ਦੀ ਭੀੜ ਵਿਚ ਇਕੱਠੇ ਹੋਏ ਗੁੰਡਿਆਂ ਦਾ ਡਟ ਕੇ ਮੁਕਾਬਲਾ ਕੀਤਾ ਸੀ। ਮੁਸਕਾਨ ਖ਼ਾਨ ਵਰਗੀਆਂ ਹਜ਼ਾਰਾਂ ਅਜਿਹੀਆਂ ਕੁੜੀਆਂ ਹਨ। ਜਿਹੜੀਆਂ ਅਪਣੇ ਜਿਸਮ ਦੀ ਨੁਮਾਇਸ਼ ਨਹੀਂ ਕਰਨਾ ਚਾਹੁੰਦੀਆਂ ਅਤੇ ਉਹ ਖ਼ੁਦ ਨੂੰ ਜ਼ਮਾਨੇ ਦੀ ਗੰਦੀ ਨਜ਼ਰ ਤੋਂ ਬਚਾਉਣਾ ਚਾਹੁੰਦੀਆਂ ਹਨ।
ਪੂਰੇ ਦੇਸ਼ ਵਿਚੋਂ ਇਕ ਵੀ ਆਵਾਜ਼ ਅਜਿਹੀਆਂ ਔਰਤਾਂ ਬਾਰੇ ਸੁਣਾਈ ਨਹੀਂ ਦਿਤੀ ਪਰ ਹਿਜਾਬ ਪਹਿਨ ਕੇ ਆਉਣ ਵਾਲੀਆਂ ਕੁੜੀਆਂ ਖਿ਼ਲਾਫ਼ ਦੇਸ਼ ਦੇ ਹਰ ਕੋਨੇ ਵਿਚੋਂ ਆਵਾਜ਼ ਆਈ ਹੈ। ਕਈ ਕੁੜੀਆਂ ਵਿਰੁੱਧ ਪਰਚੇ ਤਕ ਦਰਜ ਕਰ ਲਏ ਗਏ। ਕਿਸੇ ਨੂੰ ਸੰਸਕ੍ਰਿਤੀ ਖ਼ਰਾਬ ਹੋਣ ਜਾਂ ਖ਼ਤਮ ਹੋਣ ਖ਼ਤਰਾ ਨਜ਼ਰ ਨਹੀਂ ਆਉਂਦਾ ਪਰ ਜੇ ਕੋਈ ਮੁਸਕਾਨ ਖ਼ਾਨ ਵਰਗੀ ਲੜਕੀ ਨਕਾਬ ਯਾਨੀ ਹਿਜਾਬ ਕਰਦੀ ਹੈ ਅਤੇ ਅਪਣੇ ਜਿਸਮ ਦੀ ਢਕ ਕੇ ਰੱਖਣਾ ਚਾਹੁੰਦੀ ਹੈ ਤਾਂ ਦੇਸ਼ ਦੇ ਇਕ ਖ਼ਾਸ ਤਬਕੇ ਦੇ ਡਿੱਢੀਂ ਪੀੜਾਂ ਪੈਣ ਲੱਗ ਜਾਂਦੀਆਂ ਹਨ। ਇਸ ਤੋਂ ਵੀ ਅਫ਼ਸੋਸਨਾਕ ਪਲ ਉਹ ਬਣ ਜਾਂਦੇ ਹਨ ਜਦ ਕਿਸੇ ਸੂਬੇ ਦੀ ਹਾਈ ਕੋਰਟ ਵੀ ਇਹ ਐਲਾਨੀਆ ਤੌਰ ਤੇ ਮੰਨਣ ਲੱਗ ਜਾਂਦੀ ਹੈ ਕਿ ਇਸਲਾਮ ਵਿਚ ਹਿਜਾਬ ਜ਼ਰੂਰੀ ਨਹੀਂ ਹੈ।
ਘੱਟ ਗਿਣਤੀਆਂ ਦੇ ਮੰਨਣ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਕੁੱਝ ਲੋਕ ਅਸ਼ਲੀਲਤਾ ਦੀ ਪ੍ਰਸ਼ੰਸਾ ਕਰ ਰਹੇ ਹਨ ਅਤੇ ਅਸ਼ਲੀਲ ਦ੍ਰਿਸ਼ਾਂ ਨੂੰ ਢਕ ਕੇ ਰੱਖਣ ਵਾਲਿਆਂ ਦੀ ਨਿੰਦਾ ਕੀਤੀ ਜਾ ਰਹੀ ਹੈ। ਇਹ ਸਾਰਾ ਕੁੱਝ ਸਾਡੇ ਧਾਰਮਿਕ ਗ੍ਰੰਥਾਂ ਦੀ ਸਿੱਖਿਆ ਦੇ ਉਲਟ ਤਾਂ ਹੈ ਹੀ, ਨਾਲ ਹੀ ਭਾਰਤੀ ਰਵਾਇਆਤ ਯਾਨੀ ਸਭਿਆਚਰ ਦੇ ਵੀ ਵਿਰੁਧ ਹੈ। ਸਰਕਾਰਾਂ ਅਤੇ ਸਿਆਸੀ ਪਾਰਟੀਆਂ ਤਾਂ ਸੱਤਾ ਦੇ ਨਸ਼ੇ ਜਾਂ ਲਾਲਚ ਵਿਚ ਇਸ ਦਿਸ਼ ਵਿਚ ਕੰਮ ਕਰਨਗੀਆਂ ਪਰ ਮੇਰੀ ਅਪੀਲ ਹੈ ਕਿ ਸਮਾਜਕ ਸੰਸਥਾਵਾਂ, ਧਾਰਮਕ ਸੰਸਥਾਵਾਂ ਅਤੇ ਲੋਕ-ਪ੍ਰੇਮੀਆਂ ਨੂੰ ਇਸ ਉਲਟ ਵਰਤਾਰੇ ਨੂੰ ਸਿੱਧਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਜ਼ਾਹਿਦਾ ਸੁਲੇਮਾਨ
ਇਹ ਵੀ ਪੜ੍ਹੋ:ਪੰਜਾਬ ਸਰਕਾਰ ਨੇ ਕਈ ਅਧਿਕਾਰੀਆਂ ਦੇ ਕੀਤੇ ਤਬਾਦਲੇ
-PTC News