ਹਰਸਿਮਰਤ ਕੌਰ ਬਾਦਲ ਵੱਲੋਂ ਇਤਿਹਾਸਕ ਜਿੱਤ ਲਈ ਕਿਸਾਨਾਂ ਨੂੰ ਵਧਾਈ
ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਵੱਲੋਂ ਸਾਲ ਭਰ ਚੱਲੇ ਅੰਦੋਲਨ ਨੂੰ ਮੁਅੱਤਲ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਲੋਕਤੰਤਰ ਦੀ 'ਜਿੱਤ' ਦੱਸਿਆ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 'ਮੈਂ ਅੱਜ ਕਿਸਾਨਾਂ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੰਦੀ ਹਾਂ। ਇਹ 378 ਦਿਨ ਦਾ ਜਿਹੜਾ ਕਿਸਾਨ ਅੰਦੋਲਨ ਚੱਲਿਆ ਹੈ, ਸਭ ਤੋਂ ਪਹਿਲਾਂ ਸੰਸਦ 'ਚ ਅਸਤੀਫ਼ਾ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਸੀ। ਜੇਕਰ ਸਾਡੀ ਗੱਲ ਸੁਣ ਲਈ ਹੁੰਦੀ ਤਾਂ 700 ਲੋਕਾਂ ਦੀ ਜਾਨ ਨਾ ਜਾਂਦੀ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਠਿੰਡਾ ਹਲਕੇ ਦੇ ਲਗਭਗ 150 ਕਿਸਾਨ ਇਸ ਅੰਦੋਲਨ ਵਿੱਚ ਸ਼ਹੀਦ ਹੋਏ ਹਨ। ਕੁਝ ਪਰਿਵਾਰਾਂ ਦੇ ਤਾਂ 10-10 ਮੈਂਬਰ ਵੀ ਅੰਦੋਲਨ ਵਿੱਚ ਬੈਠੇ ਹੋਏ ਸਨ। ਅੱਜ ਖੁਸ਼ੀ ਤਾਂ ਇਸ ਗੱਲ ਦੀ ਹੈ ਕਿ ਉਹ ਸਾਰੇ ਘਰ ਵਾਪਸੀ ਕਰਨਗੇ ਪਰ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਹੈ ਕਿ ਇਸ ਅੰਦੋਲਨ ਵਿੱਚ 700 ਕਿਸਾਨ ਸ਼ਹੀਦ ਹੋਏ।
ਉਨ੍ਹਾਂ ਕਿਹਾ, ‘‘ਭਾਵੇਂ ਕਿਸਾਨਾਂ ਨੇ ਅੰਦੋਲਨ ਮੁਲਤਵੀ ਕਰ ਦਿੱਤਾ ਹੈ ਪਰ ਉਨ੍ਹਾਂ ਦੇ ਜ਼ਖ਼ਮਾਂ ਨੂੰ ਭਰਨ ਵਿੱਚ ਸਮਾਂ ਲੱਗੇਗਾ।’’ ਕਿਸਾਨਾਂ ਦਾ ਅੰਦੋਲਨ ਕੜਕਦੀ ਗਰਮੀ ਵਿੱਚ ਧਰਨੇ ’ਤੇ ਬੈਠਣ ਲਈ ਮਜਬੂਰ ਹੋ ਗਿਆ ਫਿਰ ਉਹਨਾਂ ਨੂੰ ਖਾਲਿਸਤਾਨੀ ਕਿਹਾ ਗਿਆ। ਇਨ੍ਹਾਂ ਜ਼ਖ਼ਮਾਂ ਨੂੰ ਭਰਨ ਵਿੱਚ ਸਮਾਂ ਲੱਗੇਗਾ।"
-PTC News