ਡੇਰਾ ਪ੍ਰੇਮੀ ਦੀ ਹੱਤਿਆ ਤੋਂ ਬਾਅਦ ਪੰਜਾਬ ਵਿਚ ਹਾਈ ਅਲਰਟ, ਘਰਾਂ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ
ਚੰਡੀਗੜ੍ਹ: ਮੁਕਤਸਰ ਜ਼ਿਲ੍ਹੇ ਦੇ ਪਿੰਡ ਭੂੰਦੜ ਵਿੱਚ ਡੇਰਾ ਸਿਰਸਾ ਦੇ ਪੈਰੋਕਾਰ ਚਰਨਦਾਸ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਚਰਨਦਾਸ ਦੇ ਕਤਲ ਤੋਂ ਬਾਅਦ ਡੇਰਾ ਸਿਰਸਾ ਦੇ ਉਨ੍ਹਾਂ ਪ੍ਰੇਮੀਆਂ ਦੇ ਘਰਾਂ ਦੇ ਬਾਹਰ ਪੂਰੀ ਰਾਤ ਪੁਲਿਸ ਤਾਇਨਾਤ ਰਹੀ। ਦੱਸ ਦੇਈਏ ਕਿ ਪੁਲਿਸ ਦੀ ਮੁਸਤੈਦੀ ਕੋਟਕਪੂਰਾ, ਫਰੀਦਕੋਟ ਤੇ ਬਠਿੰਡਾ ਵਿੱਚ ਜ਼ਿਆਦਾ ਦੇਖਣ ਨੂੰ ਮਿਲੀ ਕਿਉਂਕਿ ਡੇਰਾ ਸਿਰਸਾ ਨੂੰ ਲੈ ਕੇ ਸਭ ਤੋਂ ਵੱਧ ਵਿਵਾਦ ਇਨ੍ਹਾਂ ਇਲਾਕਿਆਂ ਵਿੱਚ ਹੀ ਹੁੰਦੇ ਰਹੇ ਹਨ।
ਇਸ ਲਈ ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਪੁਲਿਸ ਨੂੰ ਕਾਤਲਾਂ ਬਾਰੇ ਵੀ ਕੋਈ ਸੁਰਾਗ ਨਹੀਂ ਮਿਲਿਆ। ਸ਼ਨੀਵਾਰ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਚਰਨਦਾਸ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਦੱਸਣਯੋਗ ਹੈ ਕਿ ਬੀਤੇ ਦਿਨੀ ਗਿੱਦੜਬਾਹਾ ਦੇ ਨਜ਼ਦੀਕੀ ਪਿੰਡ ਭੂੰਦੜ ਵਿੱਚ ਸ਼ੁੱਕਰਵਾਰ ਰਾਤ ਅੱਠ ਵਜੇ ਦੇ ਕਰੀਬ 2 ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਇੱਕ ਡੇਰਾ ਸੱਚਾ ਸੌਦਾ ਸਮਰਥਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਨੰਗੇ ਸਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਡੇਰਾ ਪ੍ਰੇਮੀ ਚਰਨਦਾਸ ਖਿਲਾਫ ਬੇਅਦਬੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਗੋਲੀ ਚਲਾਉਣ ਤੋਂ ਬਾਅਦ ਦੋਵੇਂ ਨੌਜਵਾਨ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ।
ਡੇਰਾ ਪ੍ਰੇਮੀ ਚਰਨਦਾਸ (40) ਪਿੰਡ ਵਿੱਚ ਆਪਣੀ ਕਰਿਆਨੇ ਦੀ ਦੁਕਾਨ ’ਤੇ ਬੈਠਾ ਸੀ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰ ਵੀ ਉਸ ਦੇ ਨੇੜੇ ਬੈਠੇ ਸਨ। ਇਸੇ ਦੌਰਾਨ ਮੋਟਰਸਾਈਕਲ ’ਤੇ ਦੋ ਨੌਜਵਾਨ ਆ ਗਏ। ਇਕ ਮੋਟਰਸਾਈਕਲ 'ਤੇ ਬੈਠਾ ਰਿਹਾ, ਜਦਕਿ ਦੂਜਾ ਦੁਕਾਨ 'ਤੇ ਪਹੁੰਚ ਗਿਆ। ਦੁਕਾਨ 'ਤੇ ਪਹੁੰਚਦਿਆਂ ਹੀ ਉਸ ਨੇ ਚਰਨਦਾਸ ਤੋਂ ਚੀਨੀ ਅਤੇ ਚਾਹ ਪੱਤੀ ਦੀ ਮੰਗ ਕੀਤੀ। ਜਿਵੇਂ ਹੀ ਚਰਨਦਾਸ ਲਿਫਾਫੇ 'ਚ ਚੀਨੀ ਪਾਉਣ ਲੱਗਾ ਤਾਂ ਨੌਜਵਾਨ ਨੇ ਉਸ 'ਤੇ ਗੋਲੀ ਚਲਾ ਦਿੱਤੀ। ਗੋਲੀ ਡੇਰਾ ਪ੍ਰੇਮੀ ਦੇ ਮੱਥੇ 'ਤੇ ਅੱਖ ਨੇੜੇ ਲੱਗੀ।
ਸਾਲ 2015 ਵਿੱਚ ਪਿੰਡ ਬੁਰਜ ਜਵਾਹਰਕੇ ਦੇ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਪੰਜ ਡੇਰਾ ਪ੍ਰੇਮੀਆਂ ਨਿਸ਼ਾਨ ਸਿੰਘ, ਕੋਟਕਪੂਰਾ ਦੇ ਰਣਜੀਤ ਸਿੰਘ ਤੇ ਪ੍ਰਦੀਪ ਸਿੰਘ, ਫਰੀਦਕੋਟ ਦੇ ਬਲਜੀਤ ਸਿੰਘ ਤੇ ਸ਼ਕਤੀ ਸਿੰਘ ਤੇ ਇੱਕ ਹੋਰ ਮੁਲਜ਼ਮ ਸੁਖਵਿੰਦਰ ਸਿੰਘ ਸੰਨੀ ਨੂੰ ਨਾਮਜ਼ਦ ਕੀਤਾ ਸੀ। ਇਹ ਸਾਰੇ ਹੁਣ ਜ਼ਮਾਨਤ 'ਤੇ ਬਾਹਰ ਹਨ। ਪੁਲਿਸ ਤਰਫ਼ੋਂ ਦੇਰ ਰਾਤ ਤੱਕ ਸਾਰਿਆਂ ਦੇ ਘਰਾਂ ਦੇ ਬਾਹਰ ਪੁਲਿਸ ਪਹਿਰਾ ਲਾਇਆ ਗਿਆ ਸੀ। ਉਨ੍ਹਾਂ ਨੂੰ ਪਹਿਲਾਂ ਹੀ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ, ਜਿਸ ਨੂੰ ਹੋਰ ਸਖ਼ਤ ਕੀਤਾ ਗਿਆ ਹੈ।
-PTC News