ਛੋਟੇ ਸਾਹਿਬਜਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਲਗਾਇਆ ਗਿਆ ਵਿਸ਼ਾਲ ਮੈਡੀਕਲ ਕੈਂਪ
ਅੰਮ੍ਰਿਤਸਰ: ਛੋਟੇ ਸਾਹਿਬਜਾਦਿਆਂ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਸਦਕਾ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਵੱਲ੍ਹਾ ਵਲੋਂ ਵਿਸ਼ਾਲ ਮੈਡੀਕਲ ਕੈਂਪ ਗੁਰਦੁਆਰਾ ਅਟਾਰੀ ਸਾਹਿਬ, ਛੇਵੀਂ ਪਾਤਸ਼ਾਹੀ, ਪਿੰਡ ਸੁਲਤਾਨਵਿੰਡ, ਅੰਮ੍ਰਿਤਸਰ ਵਿਖੇ ਲਗਾਇਆ ਗਿਆ। ਜਿਸ ਦਾ ਉਦਘਾਟਨ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਵਲੋਂ ਕੀਤਾ ਗਿਆ।
ਇਸ ਮੌਕੇ ਗਿੱਲ ਨੇ ਕਿਹਾ ਕਿ ਰੋਗੀ ਨੂੰ ਰੋਗਾਂ ਤੋਂ ਨਿਜਾਤ ਦਿਵਾਉਣਾ ਅਤੇ ਜ਼ਰੂਰਤਮੰਦਾਂ ਦੀ ਦੁਵਿਧਾ ਭਰੀ ਘੜੀ ’ਚ ਬਾਂਹ ਫੜ੍ਹਣਾ ਸਭ ਤੋਂ ਉਤਮ ਸੇਵਾ ਕਾਰਜ ਹੈ, ਜੋ ਪ੍ਰਮਾਤਮਾ ਨੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇਹ ਸੇਵਾ ਦਾ ਕਾਰਜ ਆਪਣੇ ਇਸ ਨਿਮਾਣੇ ਜਿਹੇ ਦਾਸ ਦੀ ਝੋਲੀ ਪਾਇਆ ਹੈ। ਉਨ੍ਹਾਂ ਇਸ ਮੌਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦੇਸ਼, ਕੌਮ ਅਤੇ ਮਜ਼ਲੂਮਾਂ ਦੀ ਰਖਿਆ ਖਾਤਿਰ ਆਪਣੇ ਚਾਰ ਸਾਹਿਬਜਾਦਿਆਂ ਦੀ ‘ਨਿੱਕੀਆਂ ਜਿੰਦਾ, ਵੱਡੇ ਸਾਕੇ’ ਕਥਨ ਨੂੰ ਦੁਹਰਾਉਂਦਿਆਂ ਕਿਹਾ ਕਿ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਬਹੁਤ ਮਹਾਨ ਹੈ। ਜਿਨ੍ਹਾਂ ਨੇ ਆਪਣੇ ਧਰਮ, ਦੇਸ਼ ਅਤੇ ਲਾਚਾਰਾਂ ਦੀ ਰਾਖੀ ਕਰਦਿਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਦੀ ਇਸੇ ਮਹਾਨ ਯਾਦ ਨੂੰ ਸਮਰਪਿਤ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ।
ਹੋਰ ਪੜ੍ਹੋ: ਲੁਧਿਆਣਾ ਬੰਬ ਧਮਾਕਾ: ਗੁਆਂਢੀਆਂ ਨੇ ਮੁਲਜ਼ਮ ਗਗਨਦੀਪ ਸਿੰਘ ਦੇ ਖੋਲ੍ਹੇ ਕਈ ਭੇਦ, ਕਹੀਆਂ ਇਹ ਗੱਲਾਂ
ਗਿੱਲ ਨੇ ਦੱਸਿਆ ਕਿ ਉਕਤ ਕੈਂਪ ਦੌਰਾਨ ਜਿੱਥੇ ਮਾਹਿਰ ਡਾਕਟਰਾਂ ਦੁਆਰਾ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ, ਉਥੇ ਲੋੜਵੰਦ ਮਰੀਜ਼ਾਂ ਦੇ ਹਰ ਤਰ੍ਹਾਂ ਦੇ ਇਲਾਜ ਤੋਂ ਇਲਾਵਾ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲ੍ਹਾ ਵਿਖੇ ਅੱਖਾਂ ਦੇ ਆਪ੍ਰੇਸ਼ਨ ਜਿਵੇਂ ਕਿ ਮੋਤੀਆ ਬਿੰਦ ਆਦਿ ਲੈਨਜ਼ ਅਤੇ ਦਵਾਈਆਂ ਸਮੇਤ ਫ੍ਰੀ ਕੀਤੇ ਜਾਣਗੇ।
ਇਸ ਮੌਕੇ ਗਿੱਲ ਨੇ ਕਿਹਾ ਕਿ ਸੂਬੇ ਦੇ ਲੋਕ ਜਾਣਦੇ ਹਨ ਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੱਤਾ ’ਚ ਰਹੀ ਹੈ ਤਾਂ ਉਨ੍ਹਾਂ ਬਿਨ੍ਹਾਂ ਦੇ ਕਿਸੇ ਭੇਦਭਾਵ ਹਰੇਕ ਪੰਜਾਬ ਅਤੇ ਜਨਤਾ ਦੀਆਂ ਸੁਵਿਧਾਵਾਂ ਨੂੰ ਧਿਆਨ ’ਚ ਰੱਖਦਿਆਂ ਹਰ ਤਰ੍ਹਾਂ ਯਤਨਸ਼ੀਲ ਰਹੀ ਹੈ, ਜਿਸ ਕਰਕੇ ਅੱਜ ਵੀ ਲੋਕ ਸ਼੍ਰੋਮਣੀ ਅਕਾਲੀ ਦਲ ਦੁਆਰਾ ਕਰਵਾਏ ਗਏ ਵਿਕਾਸ ਨੂੰ ਚੇਤੇ ਕਰਦੇ ਹਨ। ਉਨ੍ਹਾਂ ਇਸ ਮੌਕੇ ਕਿਹਾ ਕਿ ਸੂਬਾ ਸਰਕਾਰ ਨੂੰ ਆਪਣੀ ਹਾਰ ਪ੍ਰਤੱਖ ਨਜ਼ਰ ਆ ਰਹੀ ਹੈ, ਜਿਸ ਕਰਕੇ ਉਸ ਨੇ ਹੁਣ ਅਕਾਲੀ ਬਸਪਾ ਗਠਜੋੜ ਨੂੰ ਢਾਹ ਲਗਾਉਣ ਲਈ ਆਗੂਆਂ ਤੇ ਵਰਕਰਾਂ ’ਤੇ ਝੂਠੇ ਪਰਚੇ ਦਰਜ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਜਿਸ ਸਬੂਤ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ’ਤੇ ਕਰਵਾਇਆ ਗਿਆ ਝੂਠਾ ਪਰਚਾ ਹੈ। ਕੈਂਪ ਦੌਰਾਨ ਗਿੱਲ ਵਲੋਂ ਚੈਕਅੱਪ ਕਰਵਾਉਣ ਆਏ ਮਰੀਜ਼ਾਂ ਲੋੜ ਮੁਤਾਬਕ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।
ਇਸ ਮੌਕੇ ਹਰਜਾਪ ਸਿੰਘ ਮੈਂਬਰ ਅੰਤ੍ਰਿਗ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਕਮੇਟੀ ਮੈਂਬਰ ਬਾਵਾ ਸਿੰਘ ਗੁਮਾਨਪੁਰਾ ਤੇ ਹੋਰ ਅਕਾਲੀ ਬਸਪਾ ਵਰਕਰ ਹਾਜ਼ਿਰ ਸਨ। ਡਾਕਟਰੀ ਜਾਂਚ ਕਰਵਾਉਣ ਪਹੁੰਚੇ ਮਰੀਜਾਂ ਵਲੋਂ ਸ਼੍ਰੋਮਣੀ ਕਮੇਟੀ ਅਤੇ ਤਲਬੀਰ ਗਿੱਲ ਦਾ ਧੰਨਵਾਦ ਕੀਤਾ ਗਿਆ।
-PTC News