ਚੰਡੀਗੜ੍ਹ

ਮੁਹਾਲੀ ਦੇ ਮਸ਼ਹੂਰ ਕਟਾਣੀ ਢਾਬੇ ਦੀਆਂ ਥਾਲ਼ੀਆਂ 'ਚੋਂ ਨਿਕਲੇ ਕੀੜੇ-ਮਕੌੜੇ, ਵੀਡੀਓ ਹੋ ਰਹੀ ਵਾਇਰਲ

By Jasmeet Singh -- May 25, 2022 6:14 pm -- Updated:May 25, 2022 6:16 pm

ਮੁਹਾਲੀ, 25 ਮਈ: ਪੰਜਾਬ ਸਿਵਲ ਸਕੱਤਰੇਤ ਵਿਚ ਅੱਜ ਇੱਕ ਨਿੱਕੇ ਜਿਹੇ ਜਸ਼ਨ ਲਈ ਸਰਕਾਰੀ ਮੁਲਾਜ਼ਮਾਂ ਨੇ ਮੁਹਾਲੀ ਦੇ ਪ੍ਰਸਿੱਧ ਕਟਾਣੀ ਢਾਬੇ ਤੋਂ ਖਾਣਾ ਮੰਗਵਾਇਆ ਪਰ ਉਨ੍ਹਾਂ ਮੁਲਜ਼ਮਾਂ ਨੂੰ ਕੀ ਪਤਾ ਸੀ ਵੀ ਇਹ ਖਾਣਾ ਸ਼ੁੱਧਤਾ ਦੇ ਮਾਪਦੰਡਾਂ 'ਤੇ ਖਰਾ ਨਹੀਂ ਉੱਤਰਨ ਵਾਲਾ ਹੈ।

ਇਹ ਵੀ ਪੜ੍ਹੋ: ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਤੋਂ ਰੋਕਣ ਲਈ ਪੰਜਾਬ ਸਰਕਾਰ ਸੰਜੀਦਾ ਹੋਵੇ: ਐਡਵੋਕੇਟ ਧਾਮੀ

ਰੋਟੀ ਖਾਉਂਦੇ ਹੋਏ ਉਨ੍ਹਾਂ ਵੇਖਿਆ ਕਿ ਜਿਹੜੀ ਰੋਟੀ ਖਾਣ ਲਈ ਉਨ੍ਹਾਂ 25 ਥਾਲ਼ੀਆਂ ਮੰਗਵੀਆਂ ਨੇ ਦਰਅਸਲ ਉਨ੍ਹਾਂ ਵਿਚ ਕੀੜੇ ਵਾਲੀ ਦਾਲ ਅਤੇ ਸਾਬਤ ਮਾਟਰ ਦੇ ਛਿਲਕੇ ਤੱਕ ਮੌਜੂਦ ਸਨ। ਵਾਇਰਲ ਹੋ ਰਹੀ ਵੀਡੀਓ ਵਿਚ ਮੁਲਾਜ਼ਮਾਂ ਨੇ ਇਹ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਇਸ ਸੰਬੰਧੀ ਢਾਬੇ ਵਾਲਿਆਂ ਨੂੰ ਫ਼ੋਨ ਕੀਤਾ ਤਾਂ ਉੱਨੇ ਇਹ ਕਹਿ ਕੇ ਫ਼ੋਨ ਕੱਟ ਦਿੱਤਾ ਵੀ ਸਾਡਾ ਢਾਬਾ ਉਂਜ ਹੀ ਬਹੁਤ ਚਲਦਾ ਹੈ ਤੇ ਤੁਸੀਂ ਜੋ ਕਰਨਾ ਕਰ ਲਵੋ।

ਇਸ ਘਟਨਾ ਤੋਂ ਬਾਅਦ ਮੁਲਾਜ਼ਮਾਂ ਦਾ ਗ਼ੁੱਸਾ ਭੜਕ ਗਿਆ ਤੇ ਉਨ੍ਹਾਂ ਵੀਡੀਓ ਬਣਾ ਕੇ ਇੰਟਰਨੈੱਟ 'ਤੇ ਵਾਇਰਲ ਕਰ ਦਿੱਤੀ। ਵੀਡੀਓ ਵਿਚ ਮੁਲਾਜ਼ਮਾਂ ਵੱਲੋਂ ਖਾਣੇ ਦੀ ਰਸੀਦ ਵੀ ਦਿਖਾਈ ਗਈ ਹੈ ਜਿਸ ਵਿਚ ਅੱਜ ਦੀ ਹੀ ਤਰੀਕ 'ਤੇ ਇਹ 25 ਥਾਲ਼ੀਆਂ ਪੰਜਾਬ ਸਿਵਲ ਸਕੱਤਰੇਤ ਮੰਗਵਾਈਆਂ ਗਈਆਂ ਸਨ।

ਇਸ ਤੋਂ ਬਾਅਦ ਜਦੋਂ ਕਟਾਣੀ ਢਾਬੇ ਦੇ ਮਾਲਕ ਹਰਵਿੰਦਰ ਸਿੰਘ ਨਾਲ ਪੀਟੀਸੀ ਨੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਗ਼ਲਤੀ ਉਨ੍ਹਾਂ ਦੇ ਢਾਬੇ ਦੇ ਇੱਕ ਕਰਮਚਾਰੀ ਦਾ ਨਤੀਜਾ ਸੀ, ਜਿਸ ਦੇ ਖ਼ਿਲਾਫ਼ ਉਨ੍ਹਾਂ ਵੱਲੋਂ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੈਸੇ ਵੀ ਉਨ੍ਹਾਂ ਦੀ ਕਾਫ਼ੀ ਬਦਨਾਮੀ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਆਪਣੀ ਗ਼ਲਤੀ ਨੂੰ ਸੁਧਾਰਨ ਲਈ ਤਿਆਰ ਹਾਂ।

ਇਹ ਵੀ ਪੜ੍ਹੋ: ਚੋਰ ਨੇ ਘਰ ਦੇ ਮਾਲਕ ਲਈ ਛੱਡਿਆ 'I LOVE U' ਦਾ ਸਨੇਹਾ, ਜਾਣੋ ਪੂਰੀ ਕਹਾਣੀ

ਹੁਣ ਵੇਖਣਾ ਇਹ ਹੋਵੇਗਾ ਕਿ ਮੁਹਾਲੀ ਦੇ 3 ਫੇਸ ਸਥਿਤ ਇਸ ਮਸ਼ਹੂਰ ਪੰਜਾਬੀ ਢਾਬੇ ਵਿਰੁੱਧ ਸੂਬੇ ਦਾ ਫੂਡ ਸਪਲਾਈ ਵਿਭਾਗ ਕੀ ਕਾਰਵਾਈ ਕਰਦਾ ਹੈ।

-PTC News

  • Share