‘ਫ਼ਲਾਪ ਸ਼ੋਅ’ ਵਾਲਾ ਸੁਪਰ ਹਿੱਟ ਕਮੇਡੀਅਨ ਜਸਪਾਲ ਭੱਟੀ, ਜਨਮ ਦਿਨ ‘ਤੇ ਵਿਸ਼ੇਸ਼

ਅੱਜ 3 ਮਾਰਚ ਹੈ, ਮਰਹੂਮ ਜਸਪਾਲ ਭੱਟੀ ਦਾ ਜਨਮ ਦਿਨ। ਉਹ ਜਸਪਾਲ ਭੱਟੀ ਜਿਸ ਦੇ ਵਿਅੰਗਾਂ ਨੇ ਦੇਖਣ ਤੇ ਸੁਣਨ ਵਾਲੇ ਨੂੰ ਖ਼ੂਬ ਹਸਾਇਆ ਤੇ ਸੋਚਣ ਵੀ ਲਾਇਆ। ਪੰਜਾਬੀ ਹਾਸਰਸ ਕਲਾਕਾਰਾਂ ‘ਚ ਜਸਪਾਲ ਭੱਟੀ ਮੂਹਰਲੀ ਕਤਾਰ ਵਿੱਚ ਗਿਣਿਆ ਜਾਂਦਾ ਹੈ। ਨਾ ਦੋ-ਅਰਥੀ ਡਾਇਲਾਗ ਤੇ ਨਾ ਬਹੁਤ ਵੱਡੇ ਸੈਲੀਬ੍ਰਿਟੀ ਅਦਾਕਾਰ। ਘਰੇਲੂ ਪ੍ਰੋਡਕਸ਼ਨ, ਆਮ ਬੋਲ-ਚਾਲ ਪਰ ਹਰ ਮੁੱਦੇ ‘ਤੇ ਕਰਾਰੀ ਚੋਟ ਤੇ ਉਹ ਵੀ ਬਿਨਾਂ ਕਿਸੇ ਪੱਖਪਾਤ ਤੋਂ। ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ ਨੇ ਇਸ ਖੇਤਰ ‘ਚ ਆਪਣੇ ਪਤੀ ਦਾ ਪੂਰਾ ਸਾਥ ਦਿੱਤਾ। ਅਦਾਕਾਰੀ ਤੋਂ ਲੈ ਕੇ ਪ੍ਰਬੰਧ ਤੱਕ, ਸਵਿਤਾ ਭੱਟੀ ਨੇ ਹਰ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ।

ਜਸਪਾਲ ਭੱਟੀ ਦੀ ਕਾਮਯਾਬੀ ਦਾ ਸਫ਼ਰ

3 ਮਾਰਚ 1955 ਨੂੰ ਅੰਮ੍ਰਿਤਸਰ ਵਿਖੇ ਜੰਮੇ ਜਸਪਾਲ ਭੱਟੀ ਨੇ ਦੂਰਦਰਸ਼ਨ ‘ਤੇ ‘ਫ਼ਲਾਪ ਸ਼ੋਅ’ ਅਤੇ ‘ਉਲਟਾ ਪੁਲਟਾ’ ਵਰਗੇ ਪ੍ਰੋਗਰਾਮਾਂ ਦੀ ਸ਼ੁਰੂਆਤ ਉਸ ਵੇਲੇ ਕੀਤੀ, ਜਿਸ ਵੇਲੇ ਮੀਡੀਆ ਤੇ ਟੀਵੀ ਜਗਤ ਕੁੱਲ ਮਿਲਾ ਕੇ ਦੂਰਦਰਸ਼ਨ ਵਿੱਚ ਹੀ ਸਮਾਇਆ ਹੁੰਦਾ ਸੀ। 90ਵਿਆਂ ਦੇ ਦਿਨਾਂ ‘ਚ ਚੱਲਿਆ ‘ਫ਼ਲਾਪ ਸ਼ੋਅ’ ਲੋਕਾਂ ਨੂੰ ਅੱਜ ਵੀ ਯਾਦ ਹੈ। ਬੇਕਾਬੂ ਮਹਿੰਗਾਈ, ਰਿਸ਼ਵਤਖੋਰੀ ਤੇ ਨੈਤਿਕਤਾ ਤੋਂ ਡਿੱਗਦੀ ਸਿਆਸਤ ‘ਚ ਫ਼ਸੇ ਆਮ ਆਦਮੀ ਦੀਆਂ ਮੁਸ਼ਕਿਲਾਂ ਨੂੰ ਜਸਪਾਲ ਭੱਟੀ ਨੇ ਰਾਸ਼ਟਰੀ ਪੱਧਰ ‘ਤੇ ਬੜੀ ਸਹਿਜਤਾ ਨਾਲ ਪੇਸ਼ ਕੀਤਾ ਅਤੇ ਕਲਾਤਮਕ ਵਿਲੱਖਣਤਾ ਸਦਕਾ ਉਸ ਦਾ ਬਾਲੀਵੁੱਡ ਦਾ ਸਫ਼ਰ ਵੀ ਬੜਾ ਜ਼ਿਕਰਯੋਗ ਰਿਹਾ। ਲਗਭਗ 28 ਤੋਂ ਵੱਧ ਬਾਲੀਵੁੱਡ ਫ਼ਿਲਮਾਂ ਵਿੱਚ ਉਨ੍ਹਾਂ ਆਪਣੀ ਯਾਦਗਾਰੀ ਅਦਾਕਾਰੀ ਦੀ ਛਾਪ ਛੱਡੀ ਅਤੇ ‘ਮਾਹੌਲ ਠੀਕ ਹੈ’ ਅਤੇ ‘ਪਾਵਰ ਕੱਟ’ ਵਰਗੀਆਂ ਫ਼ਿਲਮਾਂ ਦੇ ਨਿਰਮਾਣ ਅਤੇ ਨਿਰਦੇਸ਼ਨ ਰਾਹੀਂ ਸਮਾਜਿਕ ਮੁੱਦਿਆਂ ‘ਤੇ ਕਰਾਰੀ ਚੋਟ ਵੀ ਕੀਤੀ। ਜਸਪਾਲ ਭੱਟੀ ਨਾਲ ਸ਼ੁਰੂਆਤ ਕਰਨ ਵਾਲੇ ਅਨੇਕਾਂ ਹੋਰ ਕਲਾਕਾਰ ਵੀ ਕਲਾ ਤੇ ਅਦਾਕਾਰੀ ਦੇ ਖੇਤਰ ਵਿੱਚ ਵੱਡੇ ਨਾਂਅ ਕਮਾਉਣ ਵਿੱਚ ਕਾਮਯਾਬ ਰਹੇ, ਜਿਨ੍ਹਾਂ ਵਿੱਚ ਸਵਰਗੀ ਵਿਵੇਕ ਸ਼ੌਕ (ਬਾਲੀਵੁੱਡ ਫ਼ਿਲਮ ਗ਼ਦਰ ਫ਼ੇਮ ਦਰਮਿਆਨ ਸਿੰਘ) ਅਤੇ ਸੁਨੀਲ ਗਰੋਵਰ (ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਦੀ ਗੁੱਥੀ) ਦੇ ਨਾਂਅ ਸ਼ਾਮਲ ਹਨ।

ਦੁਨੀਆ ਭਰ ‘ਚ ਵਸਦੇ ਪੰਜਾਬੀਆਂ ਦਾ ਪਿਆਰਾ ਸੀ ਜਸਪਾਲ ਭੱਟੀ

ਦੇਸ਼-ਵਿਦੇਸ਼ ਵਸਦੇ ਪੰਜਾਬੀਆਂ ਦਾ ਮਣਾਂਮੂੰਹੀਂ ਪਿਆਰ ਸਤਿਕਾਰ ਹਾਸਲ ਕਰਨ ਵਾਲਾ ਜਸਪਾਲ ਭੱਟੀ, 25 ਅਕਤੂਬਰ 2012 ਨੂੰ ਇੱਕ ਸੜਕ ਹਾਦਸੇ ‘ਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਕਲਾ ਤੇ ਸਿਨੇ ਜਗਤ ‘ਚ ਆਪਣੀ ਅਮਿੱਟ ਛਾਪ ਛੱਡਣ ਵਾਲੇ ਜਸਪਾਲ ਭੱਟੀ ਨੂੰ ਭਾਰਤ ਸਰਕਾਰ ਨੇ ਦਿਹਾਂਤ ਉਪਰੰਤ 2013 ‘ਚ ਪਦਮ ਭੂਸ਼ਨ ਨਾਲ ਸਨਮਾਨਿਆ।
ਸਰੀਰਕ ਤੌਰ ‘ਤੇ ਭਾਵੇਂ ਜਸਪਾਲ ਭੱਟੀ ਸਾਡੇ ਵਿਚਕਾਰ ਨਹੀਂ, ਪਰ ਇੱਕ ਚੰਗੀ ਸੋਚ ਬਣ ਕੇ ਉਹ ਸਾਡੇ ਸਭ ਵਿੱਚ ਹੈ ਅਤੇ ਆਪਣੇ ਸਮਾਜਿਕ ਤਾਣੇ-ਬਾਣੇ ਵਿੱਚੋਂ ਭ੍ਰਿਸ਼ਟਾਚਾਰ, ਬਦਅਮਨੀ ਅਤੇ ਬੁਰਾਈਆਂ ਦੇ ਖ਼ਾਤਮੇ ਲਈ ਜੁਟਣਾ ਅਜਿਹੇ ਲੋਕ ਕਲਾਕਾਰਾਂ ਦਾ ਸੱਚਾ ਸਨਮਾਨ ਹੈ।