News Ticker

ਖਹਿਰਾ ਨੇ 'AAP' ਦੇ ਰਾਜ ਸਭਾ ਮੈਂਬਰਾਂ 'ਤੇ ਲਾਏ ਪੰਚਾਇਤੀ ਜ਼ਮੀਨ ਹੜੱਪਣ ਦੇ ਇਲਜ਼ਾਮ

By Jasmeet Singh -- August 10, 2022 3:03 pm

ਸਿਆਸਤ, 10 ਅਗਸਤ: ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ 'AAP' ਦੇ 2 ਰਾਜ ਸਭਾ ਮੈਂਬਰਾਂ 'ਤੇ ਪੰਚਾਇਤੀ ਜ਼ਮੀਨਾਂ 'ਤੇ ਕਬਜ਼ਾ ਕਰਨ ਦੇ ਇਲਜ਼ਾਮ ਲਾਏ ਹਨ। ਖਹਿਰਾ ਨੇ ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ 'ਤੇ ਕਪੂਰਥਲਾ ਜ਼ਿਲ੍ਹੇ ਦੇ ਦੋ ਪਿੰਡਾਂ ਦੀ 21 ਏਕੜ ਪੰਚਾਇਤੀ ਜ਼ਮੀਨ 'ਤੇ ਗੈਰ ਕਾਸ਼ਤਕਾਰ ਵਜੋਂ ਕਬਜ਼ਾ ਕਰਨ ਦੇ ਇਲਜ਼ਾਮ ਲਾਏ ਹਨ।

ਇਸ ਦੇ ਨਾਲ ਕਾਂਗਰਸੀ ਆਗੂ ਨੇ 'ਆਪ' ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ 'ਤੇ ਵੀ ਪਿੰਡ ਦੀ ਪੰਚਾਇਤ ਨੂੰ ਲੱਖਾਂ ਰੁਪਏ ਦੀ ਜ਼ਮੀਨ ਦੇ ਬਦਲੇ ਕਰੋੜਾਂ ਰੁਪਏ ਦੀ ਜ਼ਮੀਨ ਲਵਲੀ ਯੂਨੀਵਰਸਿਟੀ ਨੂੰ ਟਰਾਂਸਫਰ ਕਰਨ ਦੇ ਗੰਭੀਰ ਇਲਜ਼ਾਮ ਵੀ ਲਾਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜ਼ਮੀਨ ਵੱਟੇ ਜਿਹੜੀ ਜ਼ਮੀਨ ਪੰਚਾਇਤ ਨੂੰ ਦਿੱਤੀ ਗਈ, ਉਹ ਬਿਲਕੁਲ ਹੀ ਬੰਜਰ ਨਿਕਲੀ ਤੇ ਉਪਜਾਊ ਨਹੀਂ ਹੈ।

ਖਹਿਰਾ ਨੇ ਕਿਹਾ ਕਿ ਜਦੋਂ ਇਹ ਜ਼ਮੀਨ ਲਵਲੀ ਯੂਨੀਵਰਸਿਟੀ ਨੂੰ ਦਿੱਤੀ ਗਈ ਸੀ ਤਾਂ ਯੂਨੀਵਰਸਿਟੀ ਨੇ ਪਹਿਲਾਂ ਉਸ ਜ਼ਮੀਨ 'ਤੇ ਕਬਜ਼ਾ ਕੀਤਾ ਅਤੇ ਫਿਰ ਉਸ 'ਤੇ ਆਪਣੀ ਇਮਾਰਤ ਬਣਾਈ ਅਤੇ ਬਾਅਦ ਵਿੱਚ ਜ਼ਮੀਨ ਦੇ ਤਬਾਦਲੇ ਦੇ ਕਾਗਜ਼ਾਤ ਤਿਆਰ ਕੀਤੇ ਸਨ।

ਖਹਿਰਾ ਨੇ ਪੰਜਾਬ ਸਰਕਾਰ 'ਤੇ ਵੀ ਤੰਜ ਕਲਦਿਆਂ ਕਿ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਹਵਾਈ ਸਫਰ ਦੇ ਖਰਚੇ ਦੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਜੋ ਕਿ ਦੇਸ਼ ਦੀ ਸੰਸਦ ਦੁਆਰਾ ਪਾਸ ਕੀਤੇ ਗਏ ਆਰ.ਟੀ.ਆਈ ਐਕਟ ਦੀ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਉਹ ਇਸ ਗੱਲ 'ਤੇ ਨਜ਼ਰ ਰੱਖਣਗੇ ਕਿ ਹਵਾਈ ਯਾਤਰਾ ਦਾ ਕਿੰਨਾ ਖਰਚਾ ਹੋਇਆ ਹੈ।

- ਰਿਪੋਰਟਰ ਰਵਿੰਦਰਮੀਤ ਦੇ ਸਹਿਯੋਗ ਨਾਲ

ਇਹ ਵੀ ਪੜ੍ਹੋ: ਮੀਡੀਆ ਵੱਲੋਂ ਪਾਰਟੀ ਦੀ ਮੀਟਿੰਗ ਨੂੰ 'ਬਾਗ਼ੀ ਪ੍ਰਚਾਰ' ਦਿਖਾਉਣ ਦਾ ਚੰਦੂਮਾਜਰਾ ਨੇ ਲਿਆ ਸਖ਼ਤ ਨੋਟਿਸ


-PTC News

  • Share