ਇੱਥੇ ਨਹੀਂ ਸਾੜਿਆ ਜਾਂਦਾ ਰਾਵਣ ਦਾ ਪੁਤਲਾ ,ਰਾਵਣ ਨੂੰ ਮੰਨਦੇ ਹਨ ਜਵਾਈ

Madhya Pradesh Madhasore Do not burn Ravana Putla

ਇੱਥੇ ਨਹੀਂ ਸਾੜਿਆ ਜਾਂਦਾ ਰਾਵਣ ਦਾ ਪੁਤਲਾ ,ਰਾਵਣ ਨੂੰ ਮੰਨਦੇ ਹਨ ਜਵਾਈ:ਦਸਹਿਰੇ ਦਾ ਤਿਉਹਾਰ ਹਰ ਸਾਲ ਪੂਰੇ ਦੇਸ਼ ਵਿੱਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਇਸ ਦਿਨ ਨੂੰ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਰਾਵਣ, ਮੇਘਨਾਥ ਸਮੇਤ ਕੁੰਭਕਰਨ ਦੇ ਪੁਤਲੇ ਫੂਕੇ ਜਾਂਦੇ ਹਨ ਪਰ ਇੱਕ ਇਲਾਕਾ ਅਜਿਹਾ ਹੈ ,ਜਿੱਥੇ ਰਾਵਣ ਦਾ ਪੁਤਲਾ ਨਹੀਂ ਸਾੜਿਆ ਜਾਂਦਾ।

ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਮੰਦਸੌਰ ਦਾ ਨਾਂ ਪਹਿਲਾਂ ਦਸ਼ਪੁਰ ਸੀ ਅਤੇ ਇਸ ਨੂੰ ਰਾਵਣ ਦੀ ਪਤਨੀ ਮੰਦੋਦਰੀ ਦਾ ਪੇਕਾ ਵੀ ਮੰਨਿਆ ਜਾਂਦਾ ਹੈ।ਇਥੋਂ ਦੇ ਕੁੱਝ ਇਲਾਕਿਆਂ ਵਿੱਚ ਲੋਕ ਰਾਵਣ ਨੂੰ ਜਵਾਈ ਮੰਨਦੇ ਹਨ ਅਤੇ ਪੁਤਲੇ ਨੂੰ ਸਾੜਿਆ ਨਹੀਂ ਜਾਂਦਾ।ਇੱਥੇ ਵੱਖ-ਵੱਖ ਰੂਪਾਂ ਵਿੱਚ ਰਾਵਣ ਨੂੰ ਪੂਜਣ ਦੀ ਰਵਾਇਤ ਹੈ ਅਤੇ ਕਈ ਸੰਗਠਨ ਰਾਵਣ ਦੇ ਪੁਤਲੇ ਸਾੜਨ ਦਾ ਵਿਰੋਧ ਕਰਦੇ ਹਨ।

ਇੰਦੌਰ ‘ਚ ਰਾਵਣ ਭਗਤਾਂ ਦੇ ਸੰਗਠਨ ਜੈ ਲੰਕੇਸ਼ ਮਿੱਤਰ ਮੰਡਲ ਦੇ ਪ੍ਰਧਾਨ ਮਹੇਸ਼ ਮੋਤੀ ਨੇ ਦੱਸਿਆ ਕਿ ਉਹ ਲਗਭਗ ਪੰਜ ਦਹਾਕੇ ਤੋਂ ਦੁਸਹਿਰੇ ਨੂੰ ਰਾਵਣ ਮੁਕਤੀ ਦਿਨ ਦੇ ਰੂਪ ਵਿੱਚ ਮਨਾਉਂਦੇ ਆ ਰਹੇ ਹਨ।ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਉਹ ਦੁਸਹਿਰੇ ਉੱਤੇ ਰਾਵਣ ਦੀ ਪੂਜਾ ਕਰਨਗੇ ਅਤੇ ਲੋਕਾਂ ਨੂੰ ਅਪੀਲ ਕਰਨਗੇ ਕਿ ਉਹ ਉਨ੍ਹਾਂ ਦੀ ਸ਼ਰਧਾ ਦੇ ਮੱਦੇਨਜ਼ਰ ਪੁਤਲੇ ਨਾ ਸਾੜਨ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸੰਗਠਨ ਨੇ ਸ਼ਹਿਰ ਦੇ ਪਰਦੇਸ਼ੀਪੁਰਾ ਇਲਾਕੇ ਵਿੱਚ ਰਾਵਣ ਦਾ ਮੰਦਰ ਵੀ ਬਣਵਾਇਆ ਹੈ।ਇਸ ਦੇ ਨਾਲ ਹੀ ਰਾਵਣ ਚਾਲੀਸਾ ਅਤੇ ਰਾਵਣ ਮਹਾਂ ਆਰਤੀ ਵੀ ਕਰਾਈ ਗਈ ਹੈ।ਉਨ੍ਹਾਂ ਦਾ ਦਾਅਵਾ ਹੈ ਕਿ ਇਕੱਲੇ ਇੰਦੌਰ ਵਿੱਚ ਲਗਭਗ 900 ਲੋਕ ਦੁਸਹਿਰੇ ਉੱਤੇ ਰਾਵਣ ਦੀ ਪੂਜਾ ਕਰਦੇ ਹਨ ਜਿਸ ਵਿੱਚ ਵੱਖ-ਵੱਖ ਜਾਤੀਆਂ ਦੇ ਲੋਕ ਸ਼ਾਮਲ ਹੈ।

ਦੱਸਿਆ ਜਾਂਦਾ ਹੈ ਕਿ ਮੰਦਸੌਰ ਕਸਬੇ ਦੇ ਖ਼ਾਨਪੁਰਾ ਇਲਾਕੇ ਵਿੱਚ ਵੀ ਰਾਵਣ ਦੀ ਪੂਜਾ ਹੁੰਦੀ ਹੈ।ਇਸ ਇਲਾਕੇ ਵਿੱਚ ਜਿਸ ਥਾਂ ‘ਤੇ ਰਾਵਣ ਦੀ ਮੂਰਤੀ ਸਥਾਪਤ ਹੈ,ਉਸ ਨੂੰ ‘ਰਾਵਣ ਰੂੰਡੀ’ ਕਿਹਾ ਜਾਂਦਾ ਹੈ।ਲੋਕ ਕਥਾ ਹੈ ਕਿ ਮੰਦਸੌਰ ਦਾ ਪੁਰਾਣਾ ਨਾਂ ‘ਦਸ਼ਪੁਰ’ ਸੀ ਅਤੇ ਇਹ ਸਥਾਨ ਰਾਵਣ ਦੀ ਪਤਨੀ ਮੰਦੋਦਰੀ ਦਾ ਪੇਕਾ ਸੀ।ਇਸ ਕਾਰਨ ਹਿੰਦੂਵਾਦੀ ਨਾਮਦੇਵ ਭਾਈਚਾਰੇ ਦੇ ਲੋਕ ਰਾਵਣ ਨੂੰ ਮੰਦਸੌਰ ਦਾ ਜਵਾਈ ਮੰਨਦੇ ਹਨ।
-PTCNews