ਹੋਰ ਖਬਰਾਂ

ਨਿਰਨੇ ਕਾਲਜੇ ਵਾਪਰਿਆ ਵੱਡਾ ਸੜਕ ਹਾਦਸਾ; ਇੱਕੋ ਪਰਿਵਾਰ ਦੇ 3 ਲੋਕ ਹਲਾਕ, 2 ਜ਼ੇਰੇ ਇਲਾਜ

By Jasmeet Singh -- March 28, 2022 1:08 pm

ਚੰਬਾ, 28 ਮਾਰਚ 2022: ਅੱਜ ਸਵੇਰੇ 5:30 ਵਜੇ ਦੇ ਕਰੀਬ ਚੰਬਾ-ਖਜੀਆਰ ਰੋਡ 'ਤੇ ਇੱਕ ਕਾਰ ਬੇਕਾਬੂ ਹੋ ਕੇ ਕਰੀਬ 150 ਮੀਟਰ ਡੂੰਘੀ ਖੱਡ 'ਚ ਜਾ ਡਿੱਗੀ। ਕਾਰ 'ਚ ਸਵਾਰ 5 ਲੋਕਾਂ 'ਚੋਂ 3 ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਲੋਕ ਗੰਭੀਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ: ADGP ਵੱਲੋਂ ਸਖ਼ਤ ਚੇਤਾਵਨੀ- ਜੇਕਰ ਪੁਲਿਸ ਹਿਰਾਸਤ 'ਚ ਹੋਈ ਮੌਤ ਤਾਂ ਅਫਸਰਾਂ ਦੀ ਆਏਗੀ ਸ਼ਾਮਤ


ਪੁਲਸ ਅਤੇ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਖੱਡ 'ਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਰਾਹੀਂ ਪੰਡਿਤ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਚੰਬਾ ਵਿਖੇ ਇਲਾਜ ਲਈ ਪਹੁੰਚਾਇਆ। ਦੋਵੇਂ ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਨਾਲ ਹੀ ਪੁਲਸ ਨੇ ਤਿੰਨਾਂ ਲਾਸ਼ਾਂ ਨੂੰ ਖੱਡ 'ਚੋਂ ਕੱਢ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

ਕਾਰ ਵਿੱਚ ਸਵਾਰ ਪੰਜ ਵਿਅਕਤੀ ਇੱਕ ਹੀ ਪਰਿਵਾਰ ਦੇ ਮੈਂਬਰ ਦੱਸੇ ਜਾ ਰਹੇ ਹਨ। ਇਹ ਪੰਜੇ ਵਿਅਕਤੀ ਟਾਂਡਾ ਮੈਡੀਕਲ ਕਾਲਜ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਦਾ ਹਾਲ-ਚਾਲ ਪੁੱਛ ਕੇ ਵਾਪਸ ਆਪਣੇ ਘਰ ਆ ਰਹੇ ਸਨ ਕਿ ਰਾਹ ਵਿੱਚ ਇਹ ਹਾਦਸਾ ਵਾਪਰ ਗਿਆ।

ਬਦਕਿਸਮਤੀ ਨਾਲ ਜਿਸ ਥਾਂ 'ਤੇ ਇਹ ਹਾਦਸਾ ਵਾਪਰਿਆ, ਉੱਥੇ ਸੜਕ ਦੇ ਆਲੇ-ਦੁਆਲੇ 200 ਮੀਟਰ ਤੋਂ ਵੱਧ ਪੈਰਾਫਾਈਟ ਅਤੇ ਕਰੈਸ਼ ਬੈਰੀਅਰ ਸਨ ਪਰ ਜਿੱਥੇ ਕਾਰ ਸੜਕ ਤੋਂ ਹੇਠਾਂ ਉਤਰ ਗਈ ਉੱਥੇ ਸੜਕ 'ਤੇ ਸਿਰਫ਼ 4 ਜਾਂ 5 ਮੀਟਰ ਦੀ ਦੂਰੀ 'ਤੇ ਹੀ ਪੈਰਾਫਾਈਟ ਸੀ, ਜਿੱਥੋਂ ਇਹ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।

ਫ਼ਿਲਹਾਲ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਹਾਦਸੇ ਦਾ ਕਾਰਨ ਕੀ ਹੋ ਸਕਦਾ ਹੈ। ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 10 ਹਜ਼ਾਰ ਅਤੇ ਜ਼ਖ਼ਮੀਆਂ ਨੂੰ ਪੰਜ-ਪੰਜ ਹਜ਼ਾਰ ਦੀ ਫ਼ੌਰੀ ਰਾਹਤ ਦਿੱਤੀ ਹੈ।

ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਪੁਲਸ ਕਪਤਾਨ ਵਿਨੋਦ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਚੰਬਾ-ਖਜਿਆਰ ਰੋਡ 'ਤੇ ਭਟਲਵਾਨ ਮੋੜ 'ਤੇ ਇੱਕ ਕਾਰ ਹਾਦਸਾਗ੍ਰਸਤ ਹੋ ਗਈ, ਜਿਸ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਸਨ।

ਇਹ ਵੀ ਪੜ੍ਹੋ: ਰਾਘਵ ਚੱਢਾ ਦੀ 'ਕੈਟਵਾਕ' ਤੋਂ ਭੜਕੀ ਕਾਂਗਰਸ: ਆਗੂਆਂ ਨੇ ਕਿਹਾ ਮਾਡਲਿੰਗ ਨਾਲੋਂ ਪੰਜਾਬ ਦੇ ਹਿੱਤ ਜ਼ਿਆਦਾ ਜ਼ਰੂਰੀ

ਜ਼ਖਮੀਆਂ ਦਾ ਇਲਾਜ ਪੰਡਿਤ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ 'ਚ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਵੀ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।


-PTC News

  • Share