ਹੋਰ ਖਬਰਾਂ

ਗ੍ਰਹਿ ਮੰਤਰਾਲੇ ਵੱਲੋਂ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਮੌਤ ਦੀ ਸੀਬੀਆਈ ਜਾਂਚ ਦੀ ਸਿਫਾਰਿਸ਼ - ਸੂਤਰ

By Jasmeet Singh -- September 12, 2022 6:20 pm

ਨਵੀਂ ਦਿੱਲੀ, 12 ਸਤੰਬਰ: ਹਾਸਿਲ ਜਾਣਕਾਰੀ ਮੁਤਾਬਕ ਗ੍ਰਹਿ ਮੰਤਰਾਲੇ ਨੇ ਸੋਨਾਲੀ ਫੋਗਾਟ ਕਤਲ ਕੇਸ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਜਾਂਚ ਦੀ ਸਿਫ਼ਾਰਸ਼ ਕੀਤੀ ਹੈ। ਇਸ ਤੋਂ ਪਹਿਲਾਂ ਦਿਨ 'ਚ ਸੋਨਾਲੀ ਫੋਗਾਟ ਦੇ ਪਰਿਵਾਰ ਨੇ ਵੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲ ਕੇ ਕੇਂਦਰੀ ਏਜੰਸੀ ਤੋਂ ਜਾਂਚ ਦੀ ਮੰਗ ਕੀਤੀ ਸੀ ਕਿਉਂਕਿ ਉਹ ਗੋਆ ਪੁਲਿਸ ਵੱਲੋਂ ਕੀਤੀ ਗਈ ਜਾਂਚ ਤੋਂ ਨਾਖੁਸ਼ ਸਨ।

ਦੂਜੇ ਪਾਸੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ "ਸਾਨੂੰ ਗੋਆ ਪੁਲਿਸ 'ਤੇ ਪੂਰਾ ਭਰੋਸਾ ਹੈ ਪਰ ਸੋਨਾਲੀ ਫੋਗਾਟ ਦੀ ਧੀ ਦੀ ਮੰਗ ਦੇ ਕਾਰਨ ਮੈਂ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਹੈ।" ਉਨ੍ਹਾਂ ਅੱਗੇ ਕਿਹਾ "ਗੋਆ ਪੁਲਿਸ ਨੂੰ ਇਸ ਮਾਮਲੇ ਵਿੱਚ ਕਈ ਚੰਗੇ ਸੁਰਾਗ ਮਿਲੇ ਹਨ ਅਤੇ ਸੋਨਾਲੀ ਫੋਗਾਟ ਦੀ ਧੀ ਅਤੇ ਪਰਿਵਾਰ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਮੈਨੂੰ ਕਈ ਲੋਕਾਂ ਦੀਆਂ ਬੇਨਤੀਆਂ ਵੀ ਮਿਲੀਆਂ ਹਨ। ਮੈਂ ਇਸ ਮਾਮਲੇ ਨੂੰ ਕੇਂਦਰ ਨੂੰ ਸੌਂਪਣ ਲਈ ਗ੍ਰਹਿ ਮੰਤਰੀ ਨੂੰ ਪੱਤਰ ਲਿਖਾਂਗਾ।"

ਸਾਵੰਤ ਨੇ ਪਣਜੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਗੋਆ ਪੁਲਿਸ ਨੇ ਇਸ ਮਾਮਲੇ ਵਿੱਚ "ਬਹੁਤ ਵਧੀਆ ਜਾਂਚ" ਕੀਤੀ ਹੈ ਅਤੇ ਕੁਝ ਸੁਰਾਗਾਂ ਦਾ ਪਰਦਾਫਾਸ਼ ਕੀਤਾ ਹੈ। ਸਾਵੰਤ ਨੇ ਕਿਹਾ ਕਿ ਹਰਿਆਣਾ ਦੇ ਲੋਕਾਂ ਅਤੇ ਸੋਨਾਲੀ ਫੋਗਾਟ ਦੀ ਧੀ ਦੀ ਮੰਗ ਦੇ ਕਾਰਨ, ਅਸੀਂ ਇਸ ਕੇਸ ਨੂੰ ਸੀਬੀਆਈ ਨੂੰ ਸੌਂਪਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖਣ ਦਾ ਫੈਸਲਾ ਕੀਤਾ ਹੈ।

ਹਰਿਆਣਾ ਦੇ ਹਿਸਾਰ ਤੋਂ ਭਾਜਪਾ ਆਗੂ ਫੋਗਾਟ ਦੀ 22-23 ਅਗਸਤ ਦੀ ਦਰਮਿਆਨੀ ਰਾਤ ਨੂੰ ਗੋਆ ਵਿੱਚ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਮੌਤ ਨੂੰ ਕਤਲ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਗੋਆ ਪੁਲਿਸ ਨੇ ਇਸ ਮਾਮਲੇ ਵਿੱਚ ਫੋਗਾਟ ਦੇ ਦੋ ਸਹਿਯੋਗੀਆਂ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਉਨ੍ਹਾਂ ਦੇ ਦੋ ਸਾਥੀਆਂ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।

ਅਨੁਵਾਦ ਨੂੰ ਛੱਡ ਕੇ, ਇਸ ਕਹਾਣੀ ਨੂੰ ਪੀਟੀਸੀ ਸਟਾਫ਼ ਦੁਆਰਾ ਸੰਪਾਦਿਤ ਨਹੀਂ ਕੀਤਾ ਗਿਆ ਹੈ ਅਤੇ ਇੱਕ ਸਿੰਡੀਕੇਟਿਡ ਫੀਡ ਤੋਂ ਪ੍ਰਕਾਸ਼ਿਤ ਹੈ


-PTC News

  • Share