Punjab Breaking News Live: 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ, ਦਿੱਲੀ ਦੇ ਸਕੂਲ ਨੇੜੇ ਗੈਸ ਲੀਕ ਹੋਣ ਦੇ ਸ਼ੱਕ ਤੋਂ ਬਾਅਦ 28 ਵਿਦਿਆਰਥੀ ਹਸਪਤਾਲ 'ਚ ਭਰਤੀ
ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਇੱਕ ਤੇਜ਼ ਰਫ਼ਤਾਰ ਥਾਰ ਕਾਰ ਨੇ ਕਈ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਕਿਸੇ ਵੀ ਵਿਅਕਤੀ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਇਹ ਸਾਰੀ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸਕੂਟੀ ਸਵਾਰ ਦੋ ਔਰਤਾਂ ਵਾਹਨ ਦੀ ਲਪੇਟ 'ਚ ਆਉਣ ਕਾਰਨ ਸੜਕ 'ਤੇ ਡਿੱਗ ਕੇ ਜ਼ਖਮੀ ਹੋ ਗਈਆਂ। ਸਥਾਨਿਕ ਲੋਕਾਂ ਨੇ ਦੱਸਿਆ ਕਿ 80 ਤੋਂ 90 ਕਿਲੋਮੀਟਰ ਦੀ ਰਫਤਾਰ ਨਾਲ ਨਿਕਲੀ ਥਾਰ ਗੱਡੀ ਨੇ ਕਰੀਬ 6 ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਲੋਕਾਂ ਨੇ ਰੌਲਾ ਪਾਇਆ ਅਤੇ ਥਾਰ ਦੇ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਬਿਨਾਂ ਰੁਕੇ ਉੱਥੋਂ ਚਲਾ ਗਿਆ।
ਜਲੰਧਰ: ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਅਮਿਤ ਕੁਮਾਰ ਗਰਗ ਦੀ ਅਦਾਲਤ ਨੇ ਹਰਵਿੰਦਰ ਕੌਰ ਮਿੰਟੀ ਕੇਸ ਵਿੱਚ ਵਾਰ-ਵਾਰ ਸੰਮਨ ਜਾਰੀ ਹੋਣ ਦੇ ਬਾਵਜੂਦ ਪੇਸ਼ ਨਾ ਹੋਣ 'ਤੇ ਪੱਛਮੀ ਹਲਕੇ ਦੀ ਵਿਧਾਇਕਾ ਸ਼ੀਤਲ ਅੰਗੁਰਾਲ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਅਦਾਲਤ ਨੇ ਵਿਧਾਇਕ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ 24 ਅਗਸਤ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਦੇ ਪਿੰਡ ਰਾਜੋਮਾਜਰਾ ਤੋਂ 76 ਹੋਰ ਮੁਹੱਲਾ ਕਲੀਨਿਕ ਸ਼ੁਰੂ ਕਰਨ ਜਾ ਰਹੇ ਹਨ। ਕੈਬਨਿਟ ਮੰਤਰੀ ਡਾ: ਬਲਬੀਰ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਕੁੱਲ 583 ਮੁਹੱਲਾ ਕਲੀਨਿਕਾਂ ਵਿੱਚੋਂ 403 ਪਿੰਡਾਂ ਵਿੱਚ ਅਤੇ 180 ਸ਼ਹਿਰਾਂ ਵਿੱਚ ਮੌਜੂਦ ਹਨ।
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਨੂੰ ਸੂਬੇ ਦੇ ਆਂਗਣਵਾੜੀ ਸੈਟਰਾਂ ਵਿਚ ਸੁਤੰਤਰਤਾ ਦਿਵਸ ਮਨਾਉਣ ਦੀ ਹਦਾਇਤ ਕੀਤੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਆਂਗਣਵਾੜੀ ਕੇਂਦਰਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ‘ਸੁਤੰਤਰਤਾ ਦਿਵਸ’ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਬੱਚਿਆਂ ਨੂੰ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਬਾਰੇ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਨਵੀਂ ਪੀੜ੍ਹੀ ਦੇ ਬੱਚੇ ਆਪਣੇ ਦੇਸ਼ ਦੀ ਆਜ਼ਾਦੀ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। ਮੰਤਰੀ ਨੇ ਆਖਿਆ ਕਿ ਵਿਭਾਗ ਵੱਲੋਂ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਨੂੰ ਉਨ੍ਹਾਂ ਅਧੀਨ ਆਉਦੇ ਸਮੂਹ ਆਂਗਣਵਾੜੀ ਸੈਂਟਰਾਂ ਵਿੱਚ ਸੁਤੰਤਰਤਾ ਦਿਵਸ ਮਨਾਉਣ ਸਬੰਧੀ ਪੱਤਰ ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਸੁਤੰਤਰਤਾ ਦਿਵਸ ਦੇ ਮੌਕੇ ਤੇ ਬੱਚਿਆਂ ਦੇ ਮਾਪਿਆਂ ਨੂੰ ਆਂਗਣਵਾੜੀ ਸੈਂਟਰਾਂ ਵਿੱਚ ਸਮੂਲੀਅਤ ਕਰਨ ਦੀ ਅਪੀਲ ਕੀਤੀ।
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਪਟਿਆਲਾ ਜ਼ਿਲ੍ਹੇ ਦੇ ਨਹਿਰੀ ਪਾਣੀ ਆਧਾਰਤ ਪ੍ਰੋਜੈਕਟ ਪੱਬਰਾ ਦਾ ਉੱਚ ਅਧਿਕਾਰੀਆਂ ਸਮੇਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਅਤੇ ਵਿਭਾਗ ਮੁਖੀ ਮੁਹੰਮਦ ਇਸ਼ਫਾਕ ਨੇ ਬ੍ਰਮ ਸ਼ੰਕਰ ਜਿੰਪਾ ਨੂੰ ਦੱਸਿਆ ਕਿ ਪਿੰਡ ਪੱਬਰਾ ਵਿਖੇ ਬਣ ਰਹੇ ਨਹਿਰੀ ਪਾਣੀ 'ਤੇ ਆਧਾਰਤ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਲਗਭਗ ਤਿਆਰ ਹੈ ਅਤੇ ਇਸ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਜਿੰਪਾ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਉਦਘਾਟਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਜਾਵੇਗੀ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਵਿਰੋਧੀ ਨੇਤਾਵਾਂ ਨੇ ਕੇਅਰਟੇਕਰ ਪੀਐਮ ਲਈ ਸੈਨੇਟਰ ਅਨਵਰ ਉਲ ਹੱਕ ਕੱਕੜ ਦੇ ਨਾਮ 'ਤੇ ਸਹਿਮਤੀ ਜਤਾਈ ਹੈ। ਜੀਓ ਨਿਊਜ਼ ਨੇ ਪੀਐਮ ਹਾਊਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਲੋਚਿਸਤਾਨ ਤੋਂ ਸੰਸਦ ਮੈਂਬਰ ਸੈਨੇਟਰ ਅਨਵਰ-ਉਲ-ਹੱਕ ਕੱਕੜ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ ਹੈ। ਇਹ ਫੈਸਲਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਜਾ ਰਿਆਜ਼ ਵਿਚਕਾਰ ਦੂਜੇ ਦੌਰ ਦੀ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ ਅਤੇ ਇਸ ਸਬੰਧ ਵਿੱਚ ਇੱਕ ਸਾਰ ਰਾਸ਼ਟਰਪਤੀ ਆਰਿਫ ਅਲਵੀ ਨੂੰ ਭੇਜਿਆ ਗਿਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੇ ਨਾਲ ਸੰਬਧਤ ਕੌਮੀ ਮੁੱਦਿਆਂ ਨੂੰ ਲੈ ਕੇ ਸਤੰਬਰ ਦੇ ਪਹਿਲੇ ਹਫਤੇ ਪੰਜ ਸਿੰਘ ਸਾਹਿਬਾਨ ਦੀ ਇੱਕਤਰਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਥਕ ਮਸਲਿਆਂ ਦਾ ਹਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਸਿੱਖ ਰਹਿਤ ਮਰਿਯਾਦਾ ਦੀ ਰੌਸ਼ਨੀ ਵਿਚ ਕੀਤਾ ਜਾਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਪੱਤਰਕਾਰਾਂ ਨਾਲ ਗਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਕੌਮੀ ਮੁੱਦਿਆਂ ਦੇ ਹਲ ਲਈ ਆਪਸ ਵਿਚ ਇਕ ਦੂਜੇ ਨਾਲ ਝਗੜਾ ਕਰਨ ਦੀ ਬਜਾਏ ਸਿੱਖ ਰਹਿਤ ਮਰਿਯਾਦਾ ਦੀ ਰੌਸ਼ਨੀ ਵਿਚ ਹਰ ਮਸਲੇ ਦਾ ਹਲ ਨਿਕਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਿੱਖ ਸੰਸਥਾਵਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਸਿੱਖ ਰਹਿਤ ਮਰਿਯਾਦਾ ਨੂੰ ਇੰਨ ਬਿਨ ਲਾਗੂ ਕੀਤੀ ਜਾਣੀ ਚਾਹੀਦੀ ਹੈ। ਇਕ ਸਵਾਲ ਦੇ ਜਵਾਬ ਵਿਚ ਜਥੇਦਾਰ ਨੇ ਕਿਹਾ ਕਿ ਕੌਮੀ ਮਸਲਿਆਂ ਤੇ ਦੀਰਘ ਵਿਚਾਰਾਂ ਕਰਨ ਲਈ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਸਤੰਬਰ ਦੇ ਪਹਿਲੇ ਹਫਤੇ ਕੀਤੀ ਜਾਵੇਗੀ। ਉਨ੍ਹਾਂ ਸੰਗਤਾਂ ਨੂੰ ਕਿਹਾ ਕਿ ਬੇਲੋੜੇ ਮਸਲੇ ਪੈਦਾ ਕਰਨ ਨਾਲੋਂ ਆਪਸੀ ਪਿਆਰ ਨਾਲ ਸਾਰੇ ਮਸਲੇ ਹਲ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਬੇਅਦਬੀਆਂ ਨੂੰ ਰੋਕਣ ਲਈ ਗੁਰੂ ਘਰਾਂ ਵਿਚ 24 ਘੰਟੇ ਪਹਿਰੇਦਾਰੀ ਨੂੰ ਸਕਰਤ ਹੋ ਕੇ ਕਰਨ ਦੀ ਅਪੀਲ ਵੀ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਸ਼ੁਰੂ ਹੋ ਰਹੇ ਵੀਆਈਪੀ ਕਲਚਰ ਤੇ ਬੋਲਦਿਆਂ ਜਥੇਦਾਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਚ ਆਉਣ ਵਾਲਾ ਕੋਈ ਵੀ ਵਿਅਕਤੀ ਵੀ ਆਈ ਪੀ ਨਹੀ ਹੈ। ਇਥੇ ਹਰ ਵਿਅਕਤੀ ਸਮਾਨ ਹੈ। ਗੁਰੂ ਘਰ ਹਮੇਸ਼ਾਂ ਤੋ ਬਰਾਬਰੀ ਤੇ ਇਕਸਮਾਨਤਾ ਦਾ ਸੰਦੇਸ਼ ਦਿੰਦਾ ਆ ਰਿਹਾ ਹੈ। ਜ਼ੇਕਰ ਕਿਸੇ ਵਿਅਕਤੀ ਨਾਲ ਵੀ ਆਈ ਪੀ ਵਾਂਗ ਸਲੂਕ ਕੀਤਾ ਜਾਂਦਾ ਹੈ ਤੇ ਇਹ ਗਲਤ ਹੈ।
ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਬੀਤੀ ਦੇਰ ਰਾਤ ਕੈਦੀਆਂ ਦੇ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਆਪਸ ਵਿਚ ਝੜਪ ਹੋ ਜਾਣ ਦੀ ਖ਼ਬਰ ਸਾਹਮਣੇ ਆ ਰਹੀਂ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਪੁਰਾਣੀ ਰੰਜਿਸ਼ ਨੂੰ ਲੈ ਕੇ ਜੇਲ੍ਹ ਵਿਚ 10 ਤੋਂ 15 ਕੈਦੀਆਂ ਵਿਚਕਾਰ ਆਪਸ ਵਿਚ ਝੜਪ ਹੋਈ ਹੈ, ਜਿਸ ਨਾਲ ਕਈ ਕੈਦੀ ਗੰਭੀਰ ਜ਼ਖ਼ਮੀ ਹੋਏ ਹਨ ਤੇ ਇਕ ਕੈਦੀ ਦੀ ਬਾਂਹ ਵੀ ਵੱਢ ਦਿੱਤੀ ਗਈ ਹੈ। ਤਿੰਨ ਕੈਦੀਆਂ ਜਿਨ੍ਹਾਂ ਦੇ ਨਾਂਅ ਗੁਰਭੇਜ ਸਿੰਘ, ਰਾਹੁਲ ਤੇ ਭਰਤ ਦੱਸੇ ਜਾ ਰਹੇ ਹਨ, ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਗੰਭੀਰ ਜ਼ਖ਼ਮੀ ਹੋਣ ਵਾਲੇ ਤਿੰਨੇ ਕੈਦੀ ਪੁਰਾਣੀ ਰੰਜਿਸ਼ ਨੂੰ ਲੈ ਕੇ ਬੈਰਕ ਨੰਬਰ ਤਿੰਨ ਵਿਚ ਗਏ ਸਨ, ਜਿੱਥੇ ਉਨ੍ਹਾਂ ਦੀ ਦੂਸਰੇ ਕੈਦੀਆਂ ਨਾਲ ਝੜਪ ਹੋ ਗਈ ਤੇ ਇਹ ਤਿੰਨੇ ਕੈਦੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਪੰਜਾਬ ਦੇ ਤਰਨਤਾਰਨ ਦੇ ਪੱਟੀ ਵਿਖੇ ਨਸ਼ਾ ਤਸਕਰਾਂ ਅਤੇ ਪੰਜਾਬ ਪੁਲਿਸ ਵਿਚਕਾਰ ਮੁਕਾਬਲਾ ਹੋਇਆ। ਇਸ ਦੌਰਾਨ ਦੋ-ਪੱਖੀ ਗੋਲੀਬਾਰੀ 'ਚ ਇਕ ਨਸ਼ਾ ਤਸਕਰ ਦੀ ਮੌਤ ਹੋਂਣ ਦੀ ਖ਼ਬਰ ਸਾਹਮਣੇ ਆ ਰਹੀਂ ਹੈ। ਦੂਜੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮੁਕਾਬਲਾ ਪੱਟੀ ਦੇ ਪਿੰਡ ਕੈਰੋਂ ਵਿੱਚ ਹੋਇਆ। ਇਹ ਘਟਨਾ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਦੋਵਾਂ ਵਿਚਾਲੇ ਕਰੀਬ 5 ਰਾਊਂਡ ਫਾਇਰਿੰਗ ਹੋਣ ਦੀ ਸੂਚਨਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਡਾਨ ਰੀਜਨਲ ਕਨੈਕਟੀਵਿਟੀ ਸਕੀਮ (ਆਰਸੀਐਸ) ਤਹਿਤ 19 ਸੀਟਾਂ ਵਾਲੇ ਜਹਾਜ਼ ਰਾਹੀਂ ਬਠਿੰਡਾ ਅਤੇ ਲੁਧਿਆਣਾ ਨੂੰ ਦਿੱਲੀ ਨਾਲ ਜੋੜਨ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਲੋਕ ਸਭਾ ਵਿੱਚ ਇੱਕ ਸਵਾਲ ਰਾਹੀਂ ਇਹ ਮੁੱਦਾ ਉਠਾਇਆ, ਜਿਸ ਦਾ ਜਵਾਬ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਨੇ ਦਿੱਤਾ।
ਬਠਿੰਡਾ ਦੀ ਭੁੱਚੋ ਮੰਡੀ ਵਿਖੇ ਹਾਈਵੇਅ 'ਤੇ ਚੱਲਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਦੇ ਨਾਲ ਹੀ ਰਾਹਗੀਰਾਂ ਨੇ ਟਰੱਕ ਵਿੱਚ ਬੈਠੇ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਟਰੱਕ 'ਚ ਲੱਗੀ ਅੱਗ 'ਤੇ ਕਾਬੂ ਪਾਇਆ।
ਪੰਜਾਬ ਸਰਕਾਰ ਨੇ 4 ਪੁਲਿਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਰਕਸ਼ਕ ਮੈਡਲ ਦੇਣ ਦਾ ਐਲਾਨ ਕੀਤਾ ਹੈ, ਜਦਕਿ 15 ਹੋਰਾਂ ਨੂੰ ਡਿਊਟੀ ਪ੍ਰਤੀ ਸਮਰਪਿਤ ਹੋਣ ਬਦਲੇ ਮੁੱਖ ਮੰਤਰੀ ਰਕਸ਼ਕ ਮੈਡਲ ਦਿੱਤੇ ਜਾਣਗੇ। ਇਸ ਸਬੰਧੀ ਰਾਜ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਸਕੱਤਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਚੁਣੇ ਗਏ ਅਧਿਕਾਰੀਆਂ ਅਤੇ ਜਵਾਨਾਂ ਨੂੰ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਤਰਾਖੰਡ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਨਾਲ ਹੜਕੰਪ ਮਚ ਗਿਆ ਹੈ। ਦਰਿਆਵਾਂ ਵਿਚ ਉਛਾਲ ਹੈ। ਕਈ ਮੈਦਾਨੀ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਕਈ ਥਾਵਾਂ 'ਤੇ ਸੜਕਾਂ ਬੰਦ ਹੋ ਗਈਆਂ ਹਨ, ਜਿਨ੍ਹਾਂ ਨੂੰ ਖੋਲ੍ਹਣ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ ਰੁਦਰਪ੍ਰਯਾਗ ਤੋਂ ਦੁਖਦ ਖ਼ਬਰ ਆਈ ਹੈ। ਜ਼ਮੀਨ ਖਿਸਕਣ ਤੋਂ ਬਾਅਦ ਇੱਥੇ ਸੜਕ ਨੂੰ ਬੰਦ ਕਰ ਦਿੱਤਾ ਗਿਆ ਸੀ। ਰੁਦਰਪ੍ਰਯਾਗ ਪੁਲਿਸ ਨੇ ਦੱਸਿਆ ਕਿ ਸੜਕ ਨੂੰ ਖੋਲ੍ਹਿਆ ਜਾ ਰਿਹਾ ਹੈ। ਇਸ ਦੌਰਾਨ ਮੇਬਲ ਕੋਲੋਂ ਇੱਕ ਨੁਕਸਾਨੀ ਹੋਈ ਕਾਰ ਮਿਲੀ ਹੈ। ਕਾਰ 'ਚੋਂ ਪੰਜ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।
ਹਿਮਾਚਲ ਪ੍ਰਦੇਸ਼ 'ਚ ਮੀਂਹ ਕਾਰਨ ਕਈ ਥਾਵਾਂ 'ਤੇ ਸੜਕਾਂ ਤਬਾਹ ਹੋ ਗਈਆਂ ਹਨ। ਟੁੱਟੀਆਂ ਸੜਕਾਂ ਕਾਰਨ ਹਾਦਸੇ ਵਾਪਰ ਰਹੇ ਹਨ। ਮੰਡੀ ਜ਼ਿਲ੍ਹੇ ਵਿੱਚ ਸੜਕ ਹਾਦਸਾ ਵਾਪਰਿਆ ਹੈ। ਸੜਕ ਟੁੱਟਣ ਕਾਰਨ ਰੋਡਵੇਜ਼ ਦੀ ਬੱਸ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਚਾਰ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਇਸ ਦੇ ਨਾਲ ਹੀ 8 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
Himachal Pradesh | Four passengers seriously injured, and 8 passengers suffer minor injuries after a bus from the Sundernagar unit travelling to Shimla met with an accident due to road damage in Mandi district today morning. The injured passengers have been shifted to the… pic.twitter.com/95oHJwTBb7
— ANI (@ANI) August 12, 2023
ਅਦਾਕਾਰਾ ਤੋਂ ਸਿਆਸਤਦਾਨ ਬਣੀ ਜਯਾ ਪ੍ਰਦਾ ਨੂੰ ਚੇਨਈ ਦੀ ਇੱਕ ਅਦਾਲਤ ਨੇ ਛੇ ਮਹੀਨੇ ਦੀ ਸਜ਼ਾ ਸੁਣਾਈ ਹੈ। ਕਰਮਚਾਰੀ ਰਾਜ ਬੀਮਾ (ESI) ਕਾਰਪੋਰੇਸ਼ਨ ਦੇ ਕਾਰਨ ਯੋਗਦਾਨ ਦੇ ਭੁਗਤਾਨ ਦੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਲਈ ਉਸ 'ਤੇ 5,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਮਕਬੂਲ ਪੰਜਾਬੀ ਅਭਿਨੇਤਾ ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ 95' ਦਾ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 2023 'ਚ ਹੋਣ ਦੀਆਂ ਬੀਤੇ ਦਿਨਾਂ ਤੋਂ ਕਾਫੀ ਚਰਚਾਵਾਂ ਹਨ। ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ। ਜਦੋਂ ਤੋਂ TIFF ਵਿੱਚ ਇਸਦੇ ਪ੍ਰੀਮੀਅਰ ਦੀ ਘੋਸ਼ਣਾ ਕੀਤੀ ਗਈ ਸੀ ਉਦੋਂ ਤੋਂ ਇਹ ਫਿਲਮ ਲਗਾਤਾਰ ਚਰਚਾ ਵਿੱਚ ਹੈ। ਪਰ ਹੁਣ ਇਸਦੇ ਪ੍ਰੀਮੀਅਰ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਫਿਲਮ ਦਾ ਨਾਂ ਲਾਈਨਅੱਪ ਤੋਂ ਹਟਾ ਦਿੱਤਾ ਗਿਆ ਹੈ। ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿਕ ਕਰੋ. . . .
ਭਾਰਤ-ਪਾਕਿਸਤਾਨ ਸਰਹੱਦ ਦੀ ਬੀ.ਓ.ਪੀ ਨਿਊ ਸੁੰਦਰਗੜ੍ਹ ਵਿਖੇ ਦੇਰ ਰਾਤ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਡਰੋਨ ਦੀ ਹਲਚਲ ਸੁਣਾਈ ਦਿੱਤੀ। ਜਿਸ ਦੌਰਾਨਜਵਾਨਾਂ ਨੇ ਡਰੋਨ ਵੱਲ ਫਾਇਰਿੰਗ ਕੀਤੀ ਅਤੇ ਡਰੋਨ ਵਾਪਸ ਚਲਾ ਗਿਆ। ਉੱਥੇ ਹੀ ਬੀ.ਐੱਸ.ਐੱਫ ਦੇ ਜੁਵਾਨਾਂ ਵੱਲੋਂ ਅਤੇ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਇਲਾਕੇ ਦੀ ਸਰਚ ਕੀਤੀ ਜਾ ਰਹੀ ਹੈ, ਕਿ ਡਰੋਨ ਕੋਈ ਨਸ਼ਾ ਜਾ ਇਤਰਾਜ਼ਯੋਗ ਵਸਤੂ ਤਾਂ ਨਹੀਂ ਸੁੱਟ ਕੇ ਗਿਆ।
ਭਾਰਤੀ ਨਿਆ ਸੰਹਿਤਾ 2023, ਜੋ ਭਾਰਤੀ ਦੰਡ ਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਹੈ, ਸਜ਼ਾ ਦੇ ਇੱਕ ਵਿਕਲਪਿਕ ਰੂਪ ਵਜੋਂ ਕਮਿਊਨਿਟੀ ਸੇਵਾ ਦਾ ਸੁਝਾਅ ਦਿੰਦਾ ਹੈ। ਇਹ ਛੋਟੀ ਚੋਰੀ, ਮਾਣਹਾਨੀ ਅਤੇ ਕਿਸੇ ਸਰਕਾਰੀ ਅਧਿਕਾਰੀ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਣ ਲਈ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਸਮੇਤ ਅਪਰਾਧਾਂ ਲਈ ਲਾਗੂ ਹੋਵੇਗਾ। ਇਸ ਦਾ ਉਦੇਸ਼ ਪਹਿਲੀ ਵਾਰ ਦੇ ਦੋਸ਼ੀਆਂ ਅਤੇ ਮਾਮੂਲੀ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਨੂੰ ਜੇਲ੍ਹ ਤੋਂ ਬਾਹਰ ਰੱਖਣਾ ਹੈ।
ਭਾਰਤ ਵਿੱਚ ਸਬਵੇਅ ਸੈਂਡਵਿਚ ਹੁਣ ਇਸਦੇ ਮੀਨੂ ਵਿੱਚ ਸੋਧਾਂ ਤੋਂ ਬਾਅਦ ਇੱਕ ਮੁਫਤ Cheese ਦੇ Slice ਦੇ ਵਿਕਲਪ ਦੇ ਨਾਲ ਨਹੀਂ ਆਉਣਗੇ। ਭਾਰਤ ਵਿੱਚ ਸਬਵੇਅ ਦੇ ਆਊਟਲੇਟ ਹੁਣ ਜ਼ਿਆਦਾਤਰ ਸੈਂਡਵਿਚਾਂ ਵਿੱਚ ਚੀਜ਼ ਦੇ ਸਲਾਇਸ ਲਈ ₹30 ਵਾਧੂ ਚਾਰਜ ਕਰਦੇ ਹਨ। ਹਾਲਾਂਕਿ ਉਹ ਇੱਕ ਵਿਕਲਪ ਵਜੋਂ ਇੱਕ ਮੁਫਤ "ਚੀਜ਼ੀ" ਸਾਸ ਦੀ ਪੇਸ਼ਕਸ਼ ਕਰ ਰਹੇ ਹਨ। ਇਹ ਵਧਦੀਆਂ ਕੀਮਤਾਂ ਦੇ ਵਿਚਕਾਰ ਆਇਆ ਹੈ। ਬਹੁਤ ਸਾਰੇ ਸਬਵੇਅ ਆਊਟਲੇਟਾਂ ਨੇ ਪਹਿਲਾਂ ਆਪਣੇ ਮੀਨੂ ਤੋਂ ਟਮਾਟਰ ਹਟਾ ਦਿੱਤੇ ਸਨ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਸਤਾਵਿਤ ਕਾਨੂੰਨ ਦੇ ਤਹਿਤ ਪਛਾਣ ਛੁਪਾ ਕੇ ਔਰਤ ਨਾਲ ਵਿਆਹ ਕਰਨਾ ਜਾਂ ਵਿਆਹ, ਤਰੱਕੀ ਅਤੇ ਨੌਕਰੀ ਦੇ ਝੂਠੇ ਵਾਅਦੇ ਦੇ ਤਹਿਤ ਔਰਤ ਨਾਲ ਸੰਭੋਗ ਕਰਨਾ ਅਪਰਾਧ ਮੰਨਿਆ ਜਾਵੇਗਾ। ਕੇਂਦਰ ਨੇ ਸੰਸਦ ਵਿੱਚ ਭਾਰਤੀ ਨਿਆ ਸੰਹਿਤਾ ਬਿੱਲ ਪੇਸ਼ ਕੀਤਾ ਹੈ, ਜੋ ਭਾਰਤੀ ਦੰਡ ਵਿਧਾਨ ਦੀ ਥਾਂ ਲਵੇਗਾ।
ਪੱਛਮੀ ਦਿੱਲੀ ਦੇ ਨਰੈਣਾ ਖੇਤਰ ਦੇ ਇੱਕ ਮਿਉਂਸਪਲ ਸਕੂਲ ਦੇ 28 ਵਿਦਿਆਰਥੀਆਂ ਨੂੰ ਸ਼ੁੱਕਰਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਦੋ ਨੂੰ ਨੇੜਲੇ "ਗੈਸ ਲੀਕ" ਦੀ ਇੱਕ ਸ਼ੱਕੀ ਘਟਨਾ ਤੋਂ ਬਾਅਦ ਕਥਿਤ ਤੌਰ 'ਤੇ ਹਾਨੀਕਾਰਕ ਧੂੰਏਂ ਨੂੰ ਸਾਹ ਲੈਣ ਤੋਂ ਬਾਅਦ ਆਕਸੀਜਨ ਸਹਾਇਤਾ ਦੀ ਲੋੜ ਸੀ। MCD ਨੇ ਇੱਕ ਬਿਆਨ ਵਿੱਚ ਕਿਹਾ, "ਨੇੜਲੇ ਰੇਲਵੇ ਟ੍ਰੈਕ 'ਤੇ ਗੈਸ ਲੀਕ ਹੋਈ ਹੈ।" ਹਾਲਾਂਕਿ ਰੇਲਵੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ ਹੈ।
ਕੇਂਦਰ ਸਰਕਾਰ ਨੇ ਨਾਈਜਰ ਵਿੱਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਜਦੋਂ ਤੱਕ ਕਿ ਬਿਲਕੁਲ ਜ਼ਰੂਰੀ ਨਾ ਹੋਵੇ ਜਲਦ ਤੋਂ ਜਲਦ ਨਾਈਜਰ ਛੱਡਣ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਾਈਜਰ 'ਚ ਫੌਜੀ ਤਖਤਾਪਲਟ ਤੋਂ ਬਾਅਦ ਉੱਥੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, "ਏਅਰਸਪੇਸ ਫਿਲਹਾਲ ਬੰਦ ਹੈ। ਸਰਹੱਦ ਪਾਰ ਕਰਦੇ ਸਮੇਂ ਸੁਰੱਖਿਆ ਨੂੰ ਲੈ ਕੇ ਬਹੁਤ ਸਾਵਧਾਨ ਰਹੋ..."
ਭਾਰਤ ਨੇ ਸ਼ੁੱਕਰਵਾਰ ਨੂੰ ਪੁਰਸ਼ ਏਸ਼ੀਅਨ ਚੈਂਪੀਅਨਸ ਟਰਾਫੀ ਹਾਕੀ ਦੇ ਸੈਮੀਫਾਈਨਲ 'ਚ ਜਾਪਾਨ ਨੂੰ 5-0 ਨਾਲ ਹਰਾ ਕੇ ਪੰਜਵੀਂ ਵਾਰ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਸੈਮੀਫਾਈਨਲ ਵਿੱਚ ਭਾਰਤ ਲਈ ਅਕਾਸ਼ਦੀਪ ਸਿੰਘ, ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਸੁਮਿਤ ਅਤੇ ਸੇਲਵਮ ਕਾਰਤੀ ਨੇ ਗੋਲ ਕੀਤੇ। ਭਾਰਤ ਹੁਣ ਸ਼ਨੀਵਾਰ ਨੂੰ ਟੂਰਨਾਮੈਂਟ ਦੇ ਫਾਈਨਲ ਵਿੱਚ ਮਲੇਸ਼ੀਆ ਨਾਲ ਭਿੜੇਗਾ।
ਪਹਾੜਾਂ ਤੋਂ ਆ ਰਹੇ ਪਾਣੀ ਕਾਰਨ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਪਾਣੀ ਦਾ ਪੱਧਰ 1163 ਫੁੱਟ ਦੇ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ, ਇਸ ਕਾਰਨ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਝੀਲ ਦਾ ਫਲੱਡ ਗੇਟ ਖੋਲ੍ਹ ਦਿੱਤਾ ਗਿਆ।
ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਬੱਚਿਆਂ ‘ਚ ਦੇਸ਼ ਭਗਤੀ ਦੀ ਵਿਲੱਖਣ ਭਾਵਨਾ ਪੈਦਾ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਆਪਣੇ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਬਾਰੇ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ, ਇਸ ਸਿੱਖਿਆ ਨਾਲ ਹੀ ਨਵੀਂ ਪੀੜ੍ਹੀ ਦੇ ਬੱਚੇ ਆਪਣੇ ਦੇਸ਼ ਦੀ ਆਜ਼ਾਦੀ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਆਂਗਣਵਾੜੀ ਕੇਂਦਰਾਂ ਵਿੱਚ ਦੇਸ਼ ਭਗਤੀ ਅਤੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਦੀ ਇੱਕ ਵਿਲੱਖਣ ਭਾਵਨਾ ਪੈਦਾ ਕਰਨ ਲਈ ‘ਸੁਤੰਤਰਤਾ ਦਿਵਸ’ ਦੇ ਵਿਸ਼ੇਸ਼ ਥੀਮ ਨਾਲ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ(ਈ.ਸੀ.ਸੀ.ਈ.) ਦਿਵਸ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ (ਈਸੀਸੀਈ) ਦਿਵਸ ਮੇਰਕੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦਾ ਉਦੇਸ਼ ਸ਼ੁਰੂਆਤੀ ਸਿੱਖਿਆ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਨਾ ਸੀ ਜਿਸ ਰਾਹੀਂ ਆਪਣੇ ਦੇਸ਼ ਦੀਆਂ ਕਦਰਾਂ-ਕੀਮਤਾਂ ਅਤੇ ਇਤਿਹਾਸ ਸਬੰਧੀ ਜਾਣੂ ਕਰਵਾਇਆ ਗਿਆ ਹੈ।
ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਹਰਪਾਲ ਸਿੰਘ ਉਰਫ਼ ਭੱਲਾ ਵਾਸੀ ਪਿੰਡ ਲੱਖਾ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ 5 ਕਿਲੋ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਉਸ ਕੋਲੋਂ ਬਜਾਜ ਪਲੈਟੀਨਾ ਮੋਟਰਸਾਈਕਲ ਬਰਾਮਦ ਕੀਤਾ ਹੈ ਜਿਸ ਦਾ ਰਜਿਸਟ੍ਰੇਸ਼ਨ ਨੰਬਰ ਪੀ.ਬੀ.46 ਟੀ 4291 ਹੈ।
ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਦਲ ਦਿੱਤਾ ਗਿਆ ਹੈ, ਸਾਬਕਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ ਨੂੰ ਪੰਜਾਬ ਯੂਥ ਕਾਂਗਰਸ ਦਾ ਨਵਾਂ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਪਹਿਲਾਂ ਬਰਿੰਦਰ ਢਿੱਲੋਂ ਨੂੰ ਯੂਥ ਕਾਂਗਰਸ ਦੇ ਪ੍ਰਧਾਨ ਸਨ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ੁੱਕਰਵਾਰ (11 ਅਗਸਤ) ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਪ੍ਰਧਾਨ ਦੇ ਅਹੁਦੇ ਲਈ ਚੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਚੋਣ ਸਬੰਧੀ ਵੋਟਿੰਗ ਸ਼ਨੀਵਾਰ (12 ਅਗਸਤ) ਨੂੰ ਹੀ ਹੋਣੀ ਸੀ। ਰਾਸ਼ਟਰਮੰਡਲ ਖੇਡਾਂ 2010 ਦੀ ਚੈਂਪੀਅਨ ਅਨੀਤਾ ਸ਼ਿਓਰਾਨ ਅਤੇ ਸੰਜੇ ਸਿੰਘ ਡਬਲਯੂਐੱਫਆਈ ਮੁਖੀ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਹਨ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਜਗਜੀਤ ਸਿੰਘ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਵਧੀਕ ਡਾਇਰੈਕਟਰ ਜਨਰਲ ਪੁਲਿਸ, ਟਰੈਫਿਕ, ਪੰਜਾਬ, ਚੰਡੀਗੜ੍ਹ ਤੋਂ ਅਗੇਤੀ ਪ੍ਰਵਾਨਗੀ ਲਏ ਬਿਨਾਂ ਗੱਡੀਆਂ 'ਤੇ ਲਾਲ, ਨੀਲੀ, ਪੀਲੀ ਬੱਤੀ ਅਤੇ ਸੀਸ਼ਿਆਂ 'ਤੇ ਕਾਲੀ ਫਿਲਮ ਲਗਾਉਣ 'ਤੇ ਪਾਬੰਦੀ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਕਿਸੇ ਵੀ ਦੁਕਾਨਦਾਰ ਵੱਲੋਂ ਜੇਕਰ ਕਾਲੀ ਫਿਲਮ, ਨੀਲੀ ਬੱਤੀ, ਲਾਲ ਬੱਤੀ ਅਤੇ ਅੰਬਰ ਬੱਤੀਆਂ ਵੇਚੀਆਂ ਜਾਂਦੀਆਂ ਹਨ ਅਤੇ ਗੱਡੀ ਦੇ ਸ਼ੀਸ਼ਿਆਂ 'ਤੇ ਕਾਲੀ ਫਿਲਮ ਲਗਾਈ ਜਾਂਦੀ ਹੈ, ਉਸ ਸਬੰਧੀ ਵੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਾਬੰਦੀ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ 4 ਅਕਤੂਬਰ 2023 ਤੱਕ ਲਾਗੂ ਰਹਿਣਗੇ।
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਜਾਅਲੀ ਦਸਤਖ਼ਤ ਮਾਮਲੇ ਵਿੱਚ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
#WATCH | Rajya Sabha Chairman Jagdeep Dhankhar announces, "...I suspend Raghav Chadha from the service of the Council till the Council has the benefit of the report by the Committee of Privileges." pic.twitter.com/OXMGitpdMQ
— ANI (@ANI) August 11, 2023
ਅਮਰੀਕਾ ਦਾ ਹਵਾਈ ਟਾਪੂ ਸਭ ਤੋਂ ਖੂਬਸੂਰਤ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਹੈ, ਹਾਲ ਹੀ 'ਚ ਹਵਾਈ ਦੇ ਮਾਉਈ ਕਾਊਂਟੀ 'ਚ ਲਹਿਣਾ ਦੇ ਜੰਗਲਾਂ 'ਚ ਭਿਆਨਕ ਅੱਗ ਲੱਗ ਗਈ। ਇਸ ਕਾਰਨ ਵੀਰਵਾਰ (10 ਅਗਸਤ) ਨੂੰ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 53 ਹੋ ਗਈ ਹੈ
ਹਰਿਆਣਾ ਦੇ ਨੂੰਹ 'ਚ ਹਿੰਸਾ ਤੋਂ ਬਾਅਦ ਫਿਲਹਾਲ ਸ਼ਾਂਤੀ ਹੈ ਪਰ ਮਾਹੌਲ ਤਣਾਅਪੂਰਨ ਹੈ। ਇਹੀ ਕਾਰਨ ਹੈ ਕਿ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਅਜੇ ਵੀ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ਹਨ। ਵੀਡੀਓ ਜਾਰੀ ਕਰਕੇ ਹਿੰਸਾ ਭੜਕਾਉਣ ਦੇ ਮੁਲਜ਼ਮ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਸਦਾ ਨਾਮ ਮੋਨੂੰ ਮਾਨੇਸਰ ਹੈ। ਇਸ ਦੌਰਾਨ ਕਈ ਕਿਸਾਨ ਯੂਨੀਅਨਾਂ ਅਤੇ ਖਾਪ ਪੰਚਾਇਤਾਂ ਨੇ ਸ਼ਾਂਤੀ ਬਣਾਈ ਰੱਖਣ ਅਤੇ ਗਊ ਰੱਖਿਅਕ ਮੋਨੂੰ ਮਾਨੇਸਰ ਦੀ ਗ੍ਰਿਫ਼ਤਾਰੀ ਦੀ ਅਪੀਲ ਕੀਤੀ ਹੈ।
ਦਿੱਲੀ ਸਰਕਾਰ ਨੇ ਵੀਰਵਾਰ ਨੂੰ ਇੱਕ ਐਡਵਾਈਜ਼ਰੀ ਜਾਰੀ ਕਰਕੇ ਸਕੂਲਾਂ ਵਿੱਚ ਮੋਬਾਈਲ ਫ਼ੋਨ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਐਡਵਾਈਜ਼ਰੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਅਧੀਨ ਡਾਇਰੈਕਟੋਰੇਟ ਆਫ ਐਜੂਕੇਸ਼ਨ (ਡੀਈ) ਵੱਲੋਂ ਜਾਰੀ ਕੀਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਨਾ ਸਿਰਫ਼ ਸਰਕਾਰੀ ਸਕੂਲਾਂ ਵਿੱਚ ਸਗੋਂ ਨਿੱਜੀ ਸਕੂਲਾਂ ਵਿੱਚ ਵੀ ਵਿਦਿਆਰਥੀਆਂ ਵੱਲੋਂ ਮੋਬਾਈਲ ਫ਼ੋਨ ਦੀ ਵਰਤੋਂ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।
Sunil jakhar Health: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਸਿਹਤ ਵਿਗੜ ਗਈ ਹੈ। ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਫਾਜ਼ਿਲਕਾ ਦੇ ਅਬੋਹਰ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਆਪਣਾ ਭਾਸ਼ਣ ਖਤਮ ਕਰਦੇ ਹੀ ਉਨ੍ਹਾਂ ਨੂੰ ਚੱਕਰ ਆ ਗਏ। ਉਨ੍ਹਾਂ ਨੂੰ ਸਟੇਜ 'ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੂਰੀ ਖ਼ਬਰ ਇੱਥੇ ਪੜ੍ਹੋ
Air India New Logo Update: ਟਾਟਾ ਗਰੁੱਪ ਦੀ ਏਅਰਲਾਈਨ ਬਣ ਚੁੱਕੀ ਏਅਰ ਇੰਡੀਆ ਨੇ ਆਪਣਾ ਨਵਾਂ ਲੋਗੋ ਲਾਂਚ ਕੀਤਾ ਹੈ। ਏਅਰ ਨੂੰ ਹੁਣ ਨਵੇਂ ਲੋਗੋ, ਬ੍ਰਾਂਡ ਅਤੇ ਪਛਾਣ ਦੇ ਨਾਲ ਦੇਖਿਆ ਜਾਵੇਗਾ। ਏਅਰ ਇੰਡੀਆ ਦਾ ਨਵਾਂ ਲੋਗੋ ਅਸੀਮਤ ਸੰਭਾਵਨਾਵਾਂ ਦਾ ਪ੍ਰਤੀਕ ਹੈ। ਏਅਰ ਇੰਡੀਆ ਪਿਛਲੇ 15 ਮਹੀਨਿਆਂ ਤੋਂ ਨਵੇਂ ਲੋਗੋ 'ਤੇ ਕੰਮ ਕਰ ਰਹੀ ਸੀ। ਕੰਪਨੀ ਨੇ ਕਿਹਾ ਕਿ ਏਅਰ ਇੰਡੀਆ ਦਾ ਨਵਾਂ ਲੋਗੋ ਦਿ ਵਿਸਟਾ ਗੋਲਡ ਵਿੰਡੋ ਫਰੇਮ ਦੇ ਸਿਖਰ ਤੋਂ ਪ੍ਰੇਰਿਤ ਹੈ, ਜੋ ਕਿ ਬੇਅੰਤ ਸੰਭਾਵਨਾਵਾਂ, ਅਗਾਂਹਵਧੂ ਅਤੇ ਭਵਿੱਖ ਦੀ ਏਅਰਲਾਈਨ ਦੇ ਦਲੇਰ, ਭਰੋਸੇਮੰਦ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।
ਬੇਭਰੋਸਗੀ ਮਤੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵਾਕਆਊਟ ਕਰ ਦਿੱਤਾ ਹੈ। ਵਿਰੋਧੀ ਧਿਰ ਮਨੀਪੁਰ ਨੂੰ ਲੈ ਕੇ ਲਗਾਤਾਰ ਨਾਅਰੇਬਾਜ਼ੀ ਕਰ ਰਹੀ ਸੀ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਾਕਆਊਟ 'ਤੇ ਪੀਐਮ ਮੋਦੀ ਨੇ ਕਿਹਾ ਕਿ ਇਹ ਇਨ੍ਹਾਂ ਲੋਕਾਂ ਦਾ ਕੰਮ ਹੈ। ਕੂੜਾ ਸੁੱਟੋ, ਝੂਠ ਬੋਲੋ ਅਤੇ ਭੱਜੋ। ਵਿਰੋਧੀ ਧਿਰ ਕੋਲ ਸੁਣਨ ਦਾ ਸਬਰ ਨਹੀਂ ਹੈ।
Punjab Breaking News Live: ਪੰਜਾਬ ਵਿੱਚ ਕਈ ਦਿਨ੍ਹਾਂ ਤੋਂ ਲੋਕ ਹੁੰਮਸ ਭਰੀ ਗਰਮੀ ਤੋਂ ਕਾਫੀ ਪ੍ਰੇਸ਼ਾਨ ਸਨ। ਪਰੰਤੂ ਹੁਣ ਲੋਕਾਂ ਨੂੰ ਬਾਰਿਸ਼ ਕਾਰਨ ਵੱਡੀ ਰਾਹਤ ਮਿਲੀ ਹੈ। ਬੀਤੀ ਰਾਤ ਤੋਂ ਹੀ ਸੂਬੇ ਦੇ ਕਈ ਇਲਾਕਿਆਂ 'ਚ ਦਰਮਿਆਨੀ ਮੀਂਹ ਦੇਖਣ ਨੂੰ ਮਿਲ ਰਿਹਾ ਹੈ। ਇੰਨ੍ਹਾ ਹੀ ਨਹੀਂ ਪੰਜਾਬ ਦੇ ਕਈ ਇਲਾਕਿਆਂ 'ਚ ਤੜਕੇ ਸਵੇਰ ਤੋਂ ਵੀ ਬਾਰਿਸ਼ ਹੋ ਰਹੀ ਹੈ।
- PTC NEWS