Operation Sindhu : 161 ਯਾਤਰੀਆਂ ਨੂੰ ਲੈ ਕੇ ਇਜ਼ਰਾਈਲ ਤੋਂ ਨਵੀਂ ਦਿੱਲੀ ਪਹੁੰਚੀ ਪਹਿਲੀ ਉਡਾਣ, ਯਾਤਰੀਆਂ ਨੇ ਕੇਂਦਰ ਸਰਕਾਰ ਦਾ ਕੀਤਾ ਧੰਨਵਾਦ
Operation Sindhu : ਈਰਾਨ ਅਤੇ ਇਜ਼ਰਾਈਲ ਵਿਚਕਾਰ ਟਕਰਾਅ ਤੇਜ਼ ਹੋਣ ਤੋਂ ਬਾਅਦ ਉੱਥੇ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਆਪ੍ਰੇਸ਼ਨ ਜਾਰੀ ਹੈ। 'ਆਪ੍ਰੇਸ਼ਨ ਸਿੰਧੂ' ਦੇ ਤਹਿਤ ਮੰਗਲਵਾਰ ਨੂੰ 161 ਭਾਰਤੀ ਨਾਗਰਿਕਾਂ ਦੇ ਪਹਿਲੇਗਰੁੱਪ ਨੂੰ ਇਜ਼ਰਾਈਲ ਤੋਂ ਵਾਪਸ ਲਿਆਂਦਾ ਗਿਆ ਹੈ। ਕੇਂਦਰੀ ਵਿਦੇਸ਼ ਰਾਜ ਮੰਤਰੀ ਪਬਿਤਰਾ ਮਾਰਗੇਰੀਟਾ ਨੇ ਦਿੱਲੀ ਹਵਾਈ ਅੱਡੇ 'ਤੇ ਯਾਤਰੀਆਂ ਦਾ ਸਵਾਗਤ ਕੀਤਾ। ਇਸ ਦੌਰਾਨ ਭਾਰਤ ਵਾਪਸ ਆਏ ਨਾਗਰਿਕਾਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਲਿਖਿਆ ਆਪ੍ਰੇਸ਼ਨ ਸਿੰਧੂ ਦਾ ਇਜ਼ਰਾਈਲ ਪੜਾਅ 23 ਜੂਨ ਨੂੰ ਸ਼ੁਰੂ ਹੋਇਆ ਸੀ, ਜਿਸ ਵਿੱਚ 161 ਭਾਰਤੀ ਨਾਗਰਿਕਾਂ ਦਾ ਪਹਿਲਾ ਗਰੁੱਪ ਇਜ਼ਰਾਈਲ ਤੋਂ ਵਾਪਸ ਲਿਆਂਦਾ ਗਿਆ ਹੈ। ਉਹ ਅੱਜ ਸਵੇਰੇ 8:20 ਵਜੇ ਅੱਮਾਨ, ਜਾਰਡਨ ਤੋਂ ਸੁਰੱਖਿਅਤ ਨਵੀਂ ਦਿੱਲੀ ਪਹੁੰਚੇ। ਵਿਦੇਸ਼ ਰਾਜ ਮੰਤਰੀ ਪਬਿਤਰਾ ਮਾਰਗੇਰੀਟਾ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ।
ਕੇਂਦਰੀ ਵਿਦੇਸ਼ ਰਾਜ ਮੰਤਰੀ ਪਬਿਤਰਾ ਮਾਰਗੇਰੀਟਾ ਨੇ ਕਿਹਾ, "ਇਜ਼ਰਾਈਲ ਤੋਂ ਲਿਆਂਦੇ ਗਏ 161 ਭਾਰਤੀ ਨਾਗਰਿਕਾਂ ਦੇ ਪਹਿਲੇ ਜਥੇ ਦਾ ਸਵਾਗਤ ਕਰਦਿਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਹ ਗਰੁੱਪ ਥੋੜ੍ਹੀ ਦੇਰ ਪਹਿਲਾਂ ਨਵੀਂ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਪਹੁੰਚ ਗਿਆ ਹੈ।"ਇਜ਼ਰਾਈਲ ਤੋਂ ਕੱਢੇ ਗਏ ਇੱਕ ਭਾਰਤੀ ਨਾਗਰਿਕ ਨੇ ਕਿਹਾ, ਇਜ਼ਰਾਈਲ ਵਿੱਚ ਸਥਿਤੀ ਬਹੁਤ ਖਰਾਬ ਹੈ ਪਰ ਇਸ ਦੇ ਬਾਵਜੂਦ ਭਾਰਤ ਸਰਕਾਰ ਨੇ ਸਾਨੂੰ ਉੱਥੋਂ ਸੁਰੱਖਿਅਤ ਕੱਢ ਲਿਆ ਹੈ। ਮੈਂ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਹਾਂ।
ਇੱਕ ਹੋਰ ਯਾਤਰੀ ਨੇ ਕਿਹਾ, ਅਸਲ ਵਿੱਚ ਜਦੋਂ ਅਸੀਂ ਉੱਥੋਂ ਰਵਾਨਾ ਹੋਏ ਸੀ ਤਾਂ ਅਮਰੀਕਾ ਦੇ ਸਿੱਧੇ ਹਮਲੇ ਤੋਂ ਬਾਅਦ ਸਥਿਤੀ ਹੋਰ ਵੀ ਵਿਗੜ ਗਈ ਸੀ। ਮੈਂ ਖੁਦ ਯਰੂਸ਼ਲਮ ਵਿੱਚ ਸੀ ਅਤੇ ਇਜ਼ਰਾਈਲ ਦੇ ਕਈ ਸ਼ਹਿਰਾਂ ਨੂੰ ਈਰਾਨੀ ਹਮਲੇ ਵਿੱਚ ਬਹੁਤ ਨੁਕਸਾਨ ਹੋਇਆ ਹੈ। ਆਪ੍ਰੇਸ਼ਨ ਸਿੰਧੂ ਦੇ ਤਹਿਤ ਵੱਡੀ ਗਿਣਤੀ ਵਿੱਚ ਭਾਰਤੀ ਨਾਗਰਿਕ ਪਹਿਲਾਂ ਹੀ ਈਰਾਨ ਤੋਂ ਸੁਰੱਖਿਅਤ ਭਾਰਤ ਵਾਪਸ ਆ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਇਜ਼ਰਾਈਲ ਵਿੱਚ ਫਸੇ ਭਾਰਤੀਆਂ ਦੀ ਵਾਪਸੀ ਵੀ ਸ਼ੁਰੂ ਹੋ ਗਈ ਹੈ।
- PTC NEWS