Faridkot News : ਨਸ਼ਾ ਛੁਡਾਉ ਕੇਂਦਰ 'ਚੋਂ 18 ਨੌਜਵਾਨ ਮਰੀਜ਼ ਹੋਏ ਫ਼ਰਾਰ, 10 ਨੂੰ ਕੀਤਾ ਮੁੜ ਕਾਬੂ ,8 ਅਜੇ ਵੀ ਫਰਾਰ
Faridkot News : ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਬਣੇ ਨਸ਼ਾ ਛੁਡਾਉ ਕੇਂਦਰ ਵਿੱਚ ਦਾਖਲ ਮਰੀਜ਼ ਵਿੱਚੋਂ 18 ਦੇ ਕਰੀਬ ਨੌਜਵਾਨ ਮਰੀਜ਼ ਦੇਰ ਰਾਤ ਸੁਰੱਖਿਆ ਕਰਮਚਾਰੀਆਂ ਨੂੰ ਚੱਕਵਾਂ ਦੇ ਕੇ ਫਰਾਰ ਹੋ ਗਏ। ਹਾਲਾਂਕਿ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਹਨਾਂ ਵਿੱਚੋਂ 10 ਮਰੀਜ਼ਾਂ ਨੂੰ ਮੁੜ ਕਾਬੂ ਕਰ ਲਿਆ ਗਿਆ, ਜਦਕਿ 8 ਮਰੀਜ਼ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ, ਜਿਨਾਂ ਦੇ ਖਿਲਾਫ ਪਹਿਲਾਂ ਤੋਂ ਹੀ ਐਨਡੀਪੀਐਸ ਦੀ ਧਾਰਾ ਤਹਿਤ ਮਾਮਲੇ ਦਰਜ ਹਨ।
ਗੌਰਤਲਬ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਵਿੱਢੀ ਹੋਈ ਹੈ ਅਤੇ ਨਾਲ ਹੀ ਜਿਹੜੇ ਨੌਜਵਾਨ ਆਪਣੀ ਇੱਛਾ ਨਾਲ ਨਸ਼ਾ ਛੱਡਣਾ ਚਾਹੁੰਦੇ ਹਨ। ਉਹਨਾਂ ਨੂੰ ਪੁਲਿਸ ਵੱਲੋਂ ਨਸ਼ਾ ਛੁੜਾਉ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਪਰ ਦੇਰ ਰਾਤ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਬਣੇ ਨਸ਼ਾ ਛੁਡਾਉ ਕੇਂਦਰ ਵਿੱਚ ਦਾਖਲ 18 ਮਰੀਜ਼ ਉੱਥੋਂ ਦੇ ਸੁਰੱਖਿਆ ਕਰਮਚਾਰੀਆਂ ਨੂੰ ਚੱਕਮਾਂ ਦੇ ਕੇ ਫਰਾਰ ਹੋ ਗਏ।
ਪੁਲਿਸ ਦਾ ਮੰਨਣਾ ਹੈ ਕਿ ਇਹਨਾਂ ਸਾਰਿਆਂ ਵੱਲੋਂ ਇਕੱਠੇ ਸਲਾਹ ਕਰਕੇ ਉਥੋਂ ਦੇ ਸੁਰੱਖਿਆ ਗਾਰਡ ਨੂੰ ਚੱਕਵਾਂ ਦਿੱਤਾ ਗਿਆ ਤੇ ਉਥੋਂ ਮੌਕੇ ਤੋਂ ਫਰਾਰ ਹੋ ਗਏ। ਜਿਨਾਂ ਵਿੱਚੋਂ 10 ਮਰੀਜ਼ਾਂ ਨੂੰ ਮੁੜ ਕਾਬੂ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਹਨਾਂ ਵਿੱਚੋਂ ਅਜੇ ਅੱਠ ਮਰੀਜ਼ ਫਰਾਰ ਹਨ, ਜਿੰਨਾ ਖਿਲਾਫ਼ ਪਹਿਲਾਂ ਤੋਂ ਹੀ ਐਨਡੀਪੀਸੀ ਐਕਟ ਤਹਿਤ ਮਾਮਲੇ ਦਰਜ ਹਨ। ਜਿਨਾਂ ਲਈ ਸੰਬੰਧਿਤ ਥਾਣਿਆਂ ਵਿੱਚ ਇਤਲਾਹ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਇਹਨਾਂ ਨੂੰ ਵੀ ਕਾਬੂ ਕਰ ਹਸਪਤਾਲ ਵਿੱਚ ਮੁੜ ਭਰਤੀ ਕਰਵਾਇਆ ਜਾਏਗਾ।
ਗੌਰਤਲਬ ਹੈ ਕਿ ਕੱਲ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਵੱਲੋਂ ਐਸਐਸਪੀ ਫਰੀਦਕੋਟ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਨਾਲ ਮਿਲ ਕੇ ਇਸੇ ਨਸ਼ਾ ਕੇਂਦਰ ਦਾ ਦੌਰਾ ਕੀਤਾ ਗਿਆ ਸੀ ਅਤੇ ਨਸ਼ਾ ਕੇਂਦਰ ਵਿੱਚ ਦਾਖਲ ਮਰੀਜ਼ਾਂ ਦਾ ਹਾਲ ਚਾਲ ਜਾਣਿਆ ਸੀ ਅਤੇ ਉਹਨਾਂ ਨੂੰ ਮਿਲ ਰਹੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਲਈ ਸੀ ਪਰ ਉਸੇ ਰਾਤ ਹੀ ਇਸ ਨਸ਼ਾ ਛੁਡਾਉ ਕੇਂਦਰ ਵਿੱਚ ਦਾਖਲ ਮਰੀਜ਼ਾਂ ਵੱਲੋਂ ਗਾਰਦ ਨੂੰ ਚੱਕਵਾਂ ਦੇ ਕੇ ਫਰਾਰ ਹੋ ਜਾਣਾ ਕਿਤੇ ਨਾ ਕਿਤੇ ਆਪਣੇ ਆਪ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ।
- PTC NEWS