Sanjeev Arora Oath : ਸੰਜੀਵ ਅਰੋੜਾ ਨੇ ਵਿਧਾਇਕ ਵਜੋਂ ਚੁੱਕੀ ਸਹੁੰ , ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਚੁਕਵਾਈ ਸਹੁੰ
Punjab News : ਲੁਧਿਆਣਾ ਪੱਛਮੀ ਤੋਂ 'ਆਪ' ਵਿਧਾਇਕ ਸੰਜੀਵ ਅਰੋੜਾ ਨੇ ਵਿਧਾਇਕ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਨੂੰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਹੁਦੇ ਦੀ ਸਹੁੰ ਚੁਕਾਈ ਹੈ। ਸੰਜੀਵ ਅਰੋੜਾ ਨੇ ਅੱਜ ਚੰਡੀਗੜ੍ਹ ਸਥਿਤ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਵਿਧਾਇਕ ਵਜੋਂ ਸਹੁੰ ਚੁੱਕੀ ਹੈ। ਇਸ ਮੌਕੇ ‘ਆਪ’ ਸੂਬਾ ਪ੍ਰਧਾਨ ਅਮਨ ਅਰੋੜਾ, ਮਨੀਸ਼ ਸਿਸੋਦੀਆ, ਪ੍ਰਿੰਸੀਪਲ ਬੁਧਰਾਮ, ਹਰਪਾਲ ਸਿੰਘ ਚੀਮਾ ਤੇ ਹੋਰ ਕਈ ਸੀਨੀਅਰ ਆਗੂ ਮੌਜੂਦ ਸਨ।
ਸੰਜੀਵ ਅਰੋੜਾ ਨੇ ਸਹੁੰ ਚੁੱਕਦੇ ਹੋਏ ਕਿਹਾ- ਮੈਂ ਸੰਜੀਵ ਅਰੋੜਾ, ਜੋ ਪੰਜਾਬ ਵਿਧਾਨ ਸਭਾ ਦਾ ਮੈਂਬਰ ਚੁਣਿਆ ਗਿਆ ਹੈ, ਦਿਲੋਂ ਸਹੁੰ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚਾ ਵਿਸ਼ਵਾਸ ਅਤੇ ਵਫ਼ਾਦਾਰੀ ਰੱਖਾਂਗਾ। ਮੈਂ ਸੰਜੀਵ ਅਰੋੜਾ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਣਾਈ ਰੱਖਾਂਗਾ। ਮੈਂ ਉਸ ਫਰਜ਼ ਨੂੰ ਵਫ਼ਾਦਾਰੀ ਨਾਲ ਨਿਭਾਵਾਂਗਾ ,ਜੋ ਮੈਂ ਅਹੁਦਾ ਸੰਭਾਲਣ ਜਾ ਰਿਹਾ ਹਾਂ।
ਇਸ ਤੋਂ ਇੱਕ ਦਿਨ ਪਹਿਲਾਂ ਸੰਜੀਵ ਅਰੋੜਾ ਨੇ ਆਪਣੇ ਪੂਰੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਇਸ ਸਬੰਧ ਵਿੱਚ ਐਕਸ 'ਤੇ ਆਪਣੇ ਪਰਿਵਾਰ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਮਿਲ ਕੇ ਬਹੁਤ ਖ਼ੁਸ਼ੀ ਹੋਈ।
ਵਿਧਾਇਕ ਸੰਜੀਵ ਅਰੋੜਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬਣਨ ਜਾ ਰਹੇ ਹਨ, ਜਿਸ ਦੀ ਪੁਸ਼ਟੀ ਮੁੱਖ ਮੰਤਰੀ ਨੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਮੁਲਾਕਾਤ ਕਰ ਕੇ ਕੀਤੀ ਸੀ। ਵਿਧਾਇਕ ਸੰਜੀਵ ਅਰੋੜਾ ਲੁਧਿਆਣਾ ਦੇ ਹਲਕਾ ਪੱਛਮੀ ਤੋਂ 5ਵੇਂ ਮੰਤਰੀ ਹੋਣਗੇ। ਇਸ ਤੋਂ ਪਹਿਲਾਂ ਜੋਗਿੰਦਰਪਾਲ ਪਾਂਡੇ, ਹਰਨਾਮ ਦਾਸ ਜੌਹਰ, ਮਹੇਸ਼ ਇੰਦਰ ਗਰੇਵਾਲ ਅਤੇ ਭਾਰਤ ਭੂਸ਼ਣ ਆਸ਼ੂ ਹਲਕਾ ਪੱਛਮੀ ਤੋਂ ਮੰਤਰੀ ਰਹਿ ਚੁੱਕੇ ਹਨ।
ਦੱਸ ਦੇਈਏ ਕਿ ਆਪ' ਉਮੀਦਵਾਰ ਗੁਰਪ੍ਰੀਤ ਗੋਗੀ ਨੇ 2022 ਵਿੱਚ ਇਹ ਲੁਧਿਆਣਾ ਪੱਛਮੀ ਸੀਟ ਜਿੱਤੀ ਸੀ। ਹਾਲਾਂਕਿ, ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਮਗਰੋਂ 19 ਜੂਨ ਨੂੰ ਜ਼ਿਮਨੀ ਚੋਣ ਹੋਈ ਸੀ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਨਾਲ ਹਰਾਇਆ ਸੀ। ਸੰਜੀਵ ਅਰੋੜਾ ਨੂੰ 35179 ਤੇ ਭਾਰਤ ਭੂਸ਼ਣ ਆਸ਼ੂ ਨੂੰ 24542 ਵੋਟਾਂ ਮਿਲੀਆਂ ਸਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ 6 ਵਾਰ ਜਿੱਤਣ ਦਾ ਰਿਕਾਰਡ ਵੀ ਕਾਂਗਰਸ ਦੇ ਨਾਂ ਹੀ ਹੈ। ਇਨ੍ਹਾਂ ’ਚ ਜੋਗਿੰਦਰਪਾਲ ਪਾਂਡੇ ਨੇ ਇਕ ਵਾਰ, ਹਰਨਾਮ ਦਾਸ ਜੌਹਰ 3 ਵਾਰ ਅਤੇ ਭਾਰਤ ਭੂਸ਼ਣ 2 ਵਾਰ ਹਲਕਾ ਪੱਛਮੀ ਤੋਂ ਵਿਧਾਇਕ ਰਹਿ ਚੁੱਕੇ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਪੱਛਮੀ ’ਚ 2 ਵਾਰ ਸਫਲਤਾ ਮਿਲੀ ਹੈ ਅਤੇ ਮਹੇਸ਼ਇੰਦਰ ਗਰੇਵਾਲ ਅਤੇ ਹਰੀਸ਼ ਰਾਏ ਢਾਂਡਾ ਵਿਧਾਇਕ ਰਹੇ ਹਨ।
- PTC NEWS