Ajnala ਪੁਲਿਸ ਨੂੰ ਪਿੰਡ ਤੇੜੀ ਵਿਖੇ ਕਿਸਾਨ ਦੇ ਖੇਤਾਂ 'ਚੋਂ ਮਿਲਿਆ ਭਾਰੀ ਮਾਤਰਾ 'ਚ ਅਸਲਾ ਬਰੂਦ , ਤਿੰਨ ਗ੍ਰਨੇਡ ,RDX, ਬੈਟਰੀ ਵਾਇਰ ਅਤੇ ਹੈਡਫੋਨ ਬਰਾਮਦ
Ajnala News : ਦੀਵਾਲੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ ਪਰ ਸ਼ਰਾਰਤੀ ਅਨਸਰਾਂ ਵੱਲੋਂ ਤਿਉਹਾਰਾਂ ਮੌਕੇ 'ਤੇ ਗੜਬੜੀ ਕਰਨ ਦੇ ਅਕਸਰ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਕੋਸ਼ਿਸਾਂ ਕੀਤੀਆਂ ਜਾਂਦੀਆਂ ਹਨ। ਅਜਿਹੀ ਇੱਕ ਕੋਸ਼ਿਸ਼ ਉਸ ਵੇਲੇ ਨਾ ਕਾਮਯਾਬ ਹੋ ਗਈ, ਜਦੋਂ ਅਜਨਾਲਾ ਦੇ ਪਿੰਡ ਤੇੜੀ ਦੇ ਇੱਕ ਕਿਸਾਨ ਨੂੰ ਆਪਣੇ ਖੇਤਾਂ ਵਿੱਚੋਂ ਇੱਕ ਲਿਫਾਫੇ ਵਿੱਚ ਪਏ ਸਮਾਨ ਵਿੱਚ ਵੱਡੀ ਮਾਤਰਾ ਵਿੱਚ ਅਸਲਾ ਬਰੂਦ ਬਰਾਮਦ ਹੋਇਆ। ਜਾਣਕਾਰੀ ਦਿੰਦੇ ਹੋਏ ਕਿਸਾਨ ਨੇ ਦੱਸਿਆ ਕਿ ਉਹ ਅੱਜ ਆਪਣੇ ਖੇਤਾਂ ਵਿੱਚ ਗੇੜਾ ਮਾਰਨ ਲਈ ਆਇਆ ਸੀ,ਜਦੋਂ ਉਸਨੇ ਦੇਖਿਆ ਤਾਂ ਕੁੱਤੇ ਲਿਫਾਫੇ ਨੂੰ ਫਰੋਲ ਰਹੇ ਸੀ। ਜਿਸਦੇ ਨਜ਼ਦੀਕ ਜਾ ਕੇ ਦੇਖਿਆ ਤਾਂ ਉਸ 'ਚ ਗ੍ਰਨੇਡ ,ਆਰਡੀਐਕਸ ਅਤੇ ਹੋਰ ਕਾਫੀ ਸਮਾਨ ਸੀ। ਜਿਸ ਦੀ ਉਸਨੇ ਸੂਚਨਾ ਡੀਐਸਪੀ ਅਜਨਾਲਾ ਨੂੰ ਫੋਨ ਰਾਹੀਂ ਦਿੱਤੀ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਾਰਾ ਅਸਲਾ ਬਰੂਦ ਆਪਣੇ ਕਬਜ਼ੇ ਹੇਠ ਲੈ ਲਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਅਜਨਾਲਾ ਦੇ ਐਸਐਚਓ ਹਰਚੰਦ ਸਿੰਘ ਨੇ ਦੱਸਿਆ ਕਿ ਉਹ ਅੱਜ ਖੇਤਾਂ ਵਿੱਚ ਲਗਾਈ ਗਈ ਅੱਗ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੇ ਸਨ। ਜਦੋਂ ਪਿੰਡ ਤੇੜੀ ਲਾਗੇ ਪਹੁੰਚੇ ਤਾਂ ਉੱਥੇ ਇੱਕ ਖੇਤ ਵਿੱਚੋਂ ਉਹਨਾਂ ਨੂੰ ਇੱਕ ਲਿਫਾਫਾ ਬਰਾਮਦ ਹੋਇਆ। ਜਿਸ ਵਿੱਚ ਗਰਨੇਡ ਅਤੇ ਹੋਰ ਧਮਾਕੇਦਾਰ ਸਮੱਗਰੀ ਬਰਾਮਦ ਹੋਈ ਹੈ। ਉਹਨਾਂ ਦੱਸਿਆ ਕਿ ਇਸ ਨੂੰ ਹੁਣ ਸੈਂਡ ਬੈਗ ਨਾਲ ਢੱਕ ਦਿੱਤਾ ਗਿਆ ਹੈ।
ਐਸਐਚਓ ਨੇ ਕਿਹਾ ਕਿ ਬਹੁਤ ਜਲਦ ਬੰਬ ਡਿਸਪੋਜ਼ਲ ਟੀਮ ਆ ਰਹੀ ਹੈ, ਜੋ ਇਹਨਾਂ ਨੂੰ ਬੰਬਾਂ ਨੂੰ ਡਿਸਪੋਜ਼ ਕਰ ਦੇਵੇਗੀ। ਉਹਨਾਂ ਦੱਸਿਆ ਕਿ ਦਿਵਾਲੀ ਮੌਕੇ ਸ਼ਰਾਰਤੀ ਅਨਸਰਾਂ ਵੱਲੋਂ ਕਿਸੇ ਘਟਨਾ ਨੂੰ ਅੰਜਾਮ ਦੇਣਾ ਸੀ ਪਰ ਪੁਲਿਸ ਦੀ ਮੁਸਤੈਦੀ ਕਾਰਨ ਇਹ ਰੋਕਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਵਿੱਚ 3 ਗਰਨੇਡ ,ਆਰਡੀਐਕਸ ਅਤੇ ਹੋਰ ਸਮਗਰੀ ਬਰਾਮਦ ਹੋਈ ਹੈ। ਉਹਨਾਂ ਦੱਸਿਆ ਕਿ ਇਹ ਜਾਂਚ ਦਾ ਵਿਸ਼ਾ ਹੈ ਇਸ ਦੀ ਵੀ ਜਾਂਚ ਕੀਤੀ ਜਾਏਗੀ ਕਿ ਇਹ ਸਮੱਗਰੀ ਇੱਥੇ ਤੱਕ ਕਿਸ ਤਰ੍ਹਾਂ ਪਹੁੰਚੀ।
ਉਨ੍ਹਾਂ ਕਿਹਾ ਕਿ ਅਕਸਰ ਹੀ ਦਿਵਾਲੀ ਮੌਕੇ ਦੇਸ਼ ਵਿਰੋਧੀ ਤਾਕਤਾਂ ਵੱਲੋਂ ਸੂਬੇ ਨੂੰ ਦਹਿਲਾਉਂਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਪੁਲਿਸ ਅਤੇ ਲੋਕਾਂ ਦੀ ਮੁਸਤੈਦੀ ਨਾਲ ਅੱਜ ਇੱਕ ਵੱਡੀ ਵਾਰਦਾਤ ਹੋਣ ਤੋਂ ਪਹਿਲਾਂ ਇਹ ਅਸਲਾ ਬਰੂਦ ਬਰਾਮਦ ਹੋ ਜਾਣ ਨਾਲ ਇੱਕ ਵੱਡੀ ਵਾਰਦਾਤ ਨੂੰ ਰੋਕਿਆ ਗਿਆ ਹੈ।
- PTC NEWS