'ਇਹ ਮਕਾਨ ਵਿਕਾਊ ਹਨ...', ਫਰੀਦਕੋਟ ਜ਼ਿਲ੍ਹੇ 'ਚ ਨਸ਼ਾ ਤਸਕਰਾਂ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਲਾਏ ਪੋਸਟਰ
Punjab News: ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰੋਂ ਨਸ਼ਿਆ ਨੂੰ ਜੜੋਂ ਖ਼ਤਮ ਕਰਨ ਲਈ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸੂਬਾ ਭਰ ਵਿਚ ਚਲਾਈ ਜਾ ਰਹੀ ਹੈ, ਜਿਸ ਤਹਿਤ ਆਏ ਦਿਨ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਦਾ ਕਹਿਣਾਂ ਕਿ ਨਸ਼ਿਆਂ ਨੂੰ ਵੱਡੇ ਪੱਧਰ 'ਤੇ ਠੱਲ ਪਈ ਹੈ ਪਰ ਸਰਕਾਰ ਦੇ ਇਹਨਾਂ ਦਾਅਵਿਆ ਦੀ ਫਰੀਦਕੋਟ ਜਿਲ੍ਹੇ ਅੰਦਰ ਫੂਕ ਨਿਕਲਦੀ ਨਜਰ ਆ ਰਹੀ ਹੈ।
ਫਰੀਦਕੋਟ ਜਿਲ੍ਹੇ ਦੇ ਹਲਕਾ ਕੋਟਕਪੂਰਾ ਵਿਚ ਰਾਮ ਬਸਤੀ ਦੇ ਰਹਿਣ ਵਾਲੇ ਲੋਕਾਂ ਨੇ ਆਪਣੇ ਮੁਹੱਲੇ ਵਿਚ ਰਹਿੰਦੇ ਸਕੇ ਭਰਾਵਾਂ ਤੇ ਕਥਿਤ ਨਸ਼ਾ ਵੇਚਣ ਦੇ ਇਲਜਾਮ ਲਗਾਉਂਦਿਆ ਕਿਹਾ ਕਿ ਉਹਨਾਂ ਦੇ ਮੁਹੱਲੇ ਵਿਚ ਰਹਿਣ ਵਾਲੇ ਦੋ ਸਕੇ ਭਰਾ ਕਥਿਤ ਨਸ਼ਾ ਵੇਚਦੇ ਹਨ ਪਰ ਪੁਲਿਸ ਪ੍ਰਸ਼ਾਸਨ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕਰਦਾ, ਪਿੰਡ ਵਾਸੀਆਂ ਦਾ ਦੋਸ਼ ਹੈ ਕੇ ਜੇਕਰ ਉਹ ਨਸ਼ਾ ਵੇਚਣ ਤੋਂ ਉਹਨਾਂ ਨੂੰ ਰੋਕਦੇ ਹਨ ਤਾਂ ਉਹ ਕਥਿਤ ਗੁੰਡਾਗਰਦੀ ਕਰਦੇ ਹਨ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਜੋ ਲੋਕ ਕਥਿਤ ਨਸ਼ਾ ਤਸਕਰੀ ਕਰਦੇ ਹਨ ਉਹ ਮੁਹੱਲੇ ਵਿਚ ਬਣੇ ਗੁਰਦੁਆਰਾ ਸਾਹਿਬ ਦੀ ਆੜ ਵਿਚ ਕਰਦੇ ਹਨ ਅਤੇ ਉਹਨਾਂ ਦੇ ਗੁਰੂ ਸਾਹਿਬ ਦਾ ਬਾਣਾਂ ਪਾਇਆ ਹੋਇਆ ਹੈ ਜਿਸ ਨੂੰ ਕਥਿਤ ਢਾਲ ਬਣਾ ਕੇ ਉਹ ਵਰਤਦੇ ਹਨ। ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਇਸ ਨੂੰ ਇਕ ਇਕ ਲੜਾਈ ਝਗੜੇ ਦੇ ਮਾਮਲੇ ਨਾਲ ਜੋੜ ਕੇ ਵੇਖ ਰਿਹਾ ਹੈ।
ਇਸ ਪੂਰੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਨਾਂ ਦੇ ਮੁਹੱਲੇ ਵਿਚ ਦੋ ਸਕੇ ਭਰਾ ਹਨ ਜੋ ਕਥਿਤ ਨਸ਼ਾ ਤਸਕਰੀ ਕਰਦੇ ਹਨ, ਉਹਨਾਂ ਦੱਸਿਆ ਕਿ ਮੁਹੱਲੇ ਦਾ ਕੋਈ ਵੀ ਨੌਜਵਾਨ ਨਸ਼ਾ ਨਹੀਂ ਕਰਦਾ, ਬਾਹਰੋਂ ਲੋਕ ਇਹਨਾਂ ਤੋਂ ਨਸ਼ਾ ਖ੍ਰੀਦਣ ਆਉਂਦੇ ਹਨ, ਉਹਨਾਂ ਕਿਹਾ ਕਿ ਜੇਕਰ ਕੋਈ ਵੀ ਮੁਹੱਲੇ ਵਾਲਾ ਉਹਨਾ ਨੂੰ ਰੋਕਦਾ ਹੈ ਤਾਂ ਉਹ ਗੁੰਡਾਗਰਦੀ ਕਰਦੇ ਹਨ। ਮੁਹੱਲੇ ਵਾਲਿਆ ਨੇ ਕਿਹਾ ਕਿ ਉਹਨਾਂ ਨੇ ਆਪਣੀ ਮਰਜੀ ਨਾਲ ਅਪਣੇ ਘਰਾਂ ਤੇ ਮਕਾਨ ਵਿਕਾਓ ਹੈ ਦੇ ਪੋਸਟਰ ਲਗਾਏ ਹਨ ਕਿਸੇ ਨੇ ਧੱਕੇ ਨਾਲ ਨਹੀਂ ਲਗਾਏ। ਪਿੰਡ ਵਾਸੀਆ ਨੇ ਦੱਸਿਆ ਕਿ ਅਸੀਂ ਕੱਲ੍ਹ ਵੀ ਇਹ ਪੋਸਟਰ ਲਗਾਏ ਸਨ ਜੋ ਪੁਲਿਸ ਨੇ ਇਹ ਕਹਿ ਕੇ ਉਤਰਵਾ ਦਿੱਤੇ ਸਨ ਕਿ ਅਸੀਂ ਅੱਜ 12 ਵਜੇ ਤੱਕ ਕਥਿਤ ਨਸ਼ਾ ਤਸਕਰਾਂ ਖਿਲਾਫ ਕਰਵਾਈ ਕਰਾਂਗੇ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਲਈ ਹੁਣ ਅਸੀਂ ਦੁਬਾਰਾ ਫਿਰ ਇਹ ਪੋਸਟਰ ਲਗਾ ਦਿੱਤੇ ਹਨ। ਅਤੇ ਜੇਕਰ ਪੁਲਿਸ ਨੇ ਕੋਈ ਕਾਰਵਾਈ ਹਾਲੇ ਵੀ ਨਾ ਕੀਤੀ ਤਾਂ ਉਹ ਮਿਹਨਤ ਦੀ ਕਮਾਈ ਨਾਲ ਬਣਾਏ ਹੋਏ ਆਪਣੇ ਮਕਾਨ ਅੱਧੇ ਮੁੱਲ ਤੇ ਵੇਚ ਕੇ ਜਾਣ ਲਈ ਮਜ਼ਬੂਰ ਹੋਣਗੇ।
ਇਸ ਪੂਰੇ ਮਾਮਲੇ ਬਾਰੇ ਜਦੋ ਡੀਐਸਪੀ ਕੋਟਕਪੂਰਾ ਸੰਜੀਵ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਦੋ ਧਿਰਾਂ ਦੀ ਆਪਸੀ ਲੜਾਈ ਦਾ ਮਾਮਲਾ ਹੈ, ਜਿਸ ਸੰਬੰਧੀ ਦੋਹਾਂ ਧਿਰਾਂ ਵੱਲੋਂ ਐਮਐਲਆਰ ਵੀ ਪੁਲਿਸ ਪਾਸ ਆਈਆਂ ਸਨ ਅਤੇ ਪੁਲਿਸ ਨੇ ਦੋਹਾਂ ਧਿਰਾਂ ਦੇ ਬਿਆਨ ਦਰਜ ਕਰ ਕੇ 323 ਆਈਪੀਸੀ ਤਹਿਤ ਰਿਪੋਟ ਦਰਜ ਕੀਤੀ ਸੀ ਅਤੇ ਦੋਹਾਂ ਧਿਰਾਂ ਨੂੰ ਕੱਲ੍ਹ ਜਮਾਨਤਾਂ ਕਰਵਾਉਣ ਲਈ ਬੁਲਾਇਆ ਸੀ ਜਦੋਕਿ ਇਕ ਧਿਰ ਤਾਂ ਪੁਲਿਸ ਪਾਸ ਪਹੁੰਚ ਗਈ ਸੀ ਦੂਜੀ ਧਿਰ ਨੇ ਇਹ ਪੋਸਟਰ ਲਗਾਉਣ ਵਾਲਾ ਵਿਵਾਦ ਖੜ੍ਹਾ ਕਰ ਦਿੱਤਾ। ਉਹਨਾਂ ਕਿਹਾ ਕਿ ਪੁਲਿਸ ਨੂੰ ਪਿਛਲੇ ਲੰਬੇ ਸਮੇਂ ਤੋਂ ਇਸ ਏਰੀਏ ਵਿਚੋਂ ਨਸ਼ਾ ਤਸਕਰੀ ਸੰਬੰਧੀ ਕਦੀ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਫਿਰ ਅਸੀਂ ਕਿਵੇਂ ਮੰਨ ਲਈਏ ਕਿ ਇਥੇ ਨਸ਼ਾ ਤਸਕਰੀ ਹੁੰਦੀ ਹੈ। ਉਹਨਾਂ ਕਿਹਾ ਕਿ ਜਾਣ ਬੁਝ ਕਿ ਇਸ ਮਾਮਲੇ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ।
- PTC NEWS