Amritsar ਪੁਲਿਸ ਵੱਲੋਂ BKI ਅੱਤਵਾਦੀ ਮਾਡਿਊਲ ਦਾ ਪਰਦਾਫ਼ਾਸ਼ ,ਰਿੰਦਾ ਗੈਂਗ ਨਾਲ ਸਬੰਧਿਤ ਆਰੋਪੀ ਕਾਬੂ , 6 ਪਿਸਤੌਲ ਬਰਾਮਦ
Amritsar News : ਜਿੱਥੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ,ਉੱਥੇ ਹੀ ਪੰਜਾਬ ਵਿੱਚੋਂ ਵੱਧ ਰਹੀਆਂ ਕਰਾਈਮ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਵੀ ਹਰ ਤਰੀਕੇ ਦੀ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੇ ਚਲਦੇ ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਕਮਿਸ਼ਨਰੇਟ ਪੁਲਿਸ ਨੇ ਅੱਤਵਾਦ ਦੇ ਵਿਰੁੱਧ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਟਵੀਟ ਕਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਯੂ.ਕੇ.-ਅਧਾਰਤ ਹੈਂਡਲਰ ਧਰਮ ਸਿੰਘ ਉਰਫ਼ ਧਰਮਾ ਸੰਧੂ ਦੁਆਰਾ ਸੰਚਾਲਿਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਪਾਕਿਸਤਾਨ-ਅਧਾਰਤ ਅੱਤਵਾਦੀ ਹਰਵਿੰਦਰ ਰਿੰਦਾ ਦਾ ਨਜ਼ਦੀਕੀ ਸਾਥੀ ਹੈ ਅਤੇ ਇਸਦੇ ਨਾਲ ਹੀ ਇਕ ਸਥਾਨਕ ਸੰਚਾਲਕ ਓਂਕਾਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਪਾਸੋਂ 6 ਆਧੁਨਿਕ ਪਿਸਤੌਲ, 4 ਗਲੌਕ 9 ਐਮ.ਐਮ. ਅਤੇ 2 ਪੀ.ਐਕਸ5 (.30 ਬੋਰ) ਬਰਾਮਦ ਕੀਤੇ ਗਏ ਹਨ। ਇਹ ਮਾਡਿਊਲ ਵਿਦੇਸ਼ੀ ਅੱਤਵਾਦੀ ਸੰਗਠਨਾਂ ਅਤੇ ਰਿੰਦਾ ਗੈਂਗ ਵਲੋਂ ਪੰਜਾਬ 'ਚ ਅਸਥਿਰਤਾ ਪੈਦਾ ਕਰਨ ਦੇ ਨਾਪਾਕ ਇਰਾਦਿਆਂ ਹੇਠ ਕਾਇਮ ਕੀਤਾ ਗਿਆ ਸੀ। ਪੁਲਿਸ ਵੱਲੋਂ ਦਰਜ ਕੀਤੀ ਐਫ.ਆਈ.ਆਰ. ਦੇ ਅਧਾਰ 'ਤੇ ਹੁਣ ਅਗਲੇਰੀ ਜਾਂਚ ਜਾਰੀ ਹੈ, ਜਿਸ ਰਾਹੀਂ ਪੂਰੇ ਨੈੱਟਵਰਕ ਅਤੇ ਹੋਰ ਸਾਥੀਆਂ ਦੀ ਪਛਾਣ ਕੀਤੀ ਜਾ ਰਹੀ ਹੈ।
ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਗੈਂਗ ਵਿਦੇਸ਼ੀ ਹੈਂਡਲਰਾਂ ਤੋਂ ਹਥਿਆਰ ਪ੍ਰਾਪਤ ਕਰਕੇ ਇਥੇ ਹਿੰਸਕ ਘਟਨਾਵਾਂ ਦੀ ਯੋਜਨਾ 'ਚ ਲੱਗਾ ਹੋਇਆ ਸੀ ਪਰ ਅੰਮ੍ਰਿਤਸਰ ਕਮਿਸ਼ਨਰੇਟ ਦੀ ਚੁਸਤ ਕਾਰਵਾਈ ਨੇ ਇਹ ਸਾਜ਼ਿਸ਼ ਰੋਪ ਦਿੱਤੀ। ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਰਾਜ ਵਿੱਚ ਅੱਤਵਾਦੀ ਤੱਤਾਂ ਨੂੰ ਕਿਸੇ ਵੀ ਸੂਰਤ ਵਿੱਚ ਪਸਰਣ ਨਹੀਂ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਇਹ ਸਿਰਫ਼ ਇੱਕ ਸ਼ੁਰੂਆਤ ਹੈ ਅਤੇ ਇਸ ਮਾਡਿਊਲ ਨਾਲ ਜੁੜੇ ਹੋਰ ਕਈ ਗੰਭੀਰ ਖੁਲਾਸੇ ਆਉਣ ਵਾਲੇ ਦਿਨਾਂ ਵਿੱਚ ਹੋ ਸਕਦੇ ਹਨ।
- PTC NEWS