Amritsar Police ਵੱਲੋਂ ਫਿਰੌਤੀਆਂ ਮੰਗਣ ਵਾਲੇ ਗਿਰੋਹ ਦੇ ਇੱਕ ਮੈਂਬਰ ਦਾ ਐਨਕਾਉਂਟਰ , ਬਦਮਾਸ਼ ਦੇ ਪੈਰ 'ਚ ਲੱਗੀ ਗੋਲੀ
Amritsar News : ਅੰਮ੍ਰਿਤਸਰ ਪੁਲਿਸ ਨੇ ਫਿਰੌਤੀ ਮੰਗਣ ਵਾਲੇ ਗਿਰੋਹ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਨੂੰ ਮੁੱਠਭੇੜ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੀ ਜਵਾਬੀ ਕਾਰਵਾਈ 'ਚ ਬਦਮਾਸ਼ ਦੇ ਪੈਰ 'ਚ ਗੋਲੀ ਲੱਗੀ ਹੈ ਅਤੇ ਉਸਨੂੰ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਕਾਰਵਾਈ ਸੁਲਤਾਨਵਿੰਡ ਪਿੰਡ ਦੇ ਨੇੜੇ ਉਸ ਸਮੇਂ ਹੋਈ ਜਦੋਂ ਪੁਲਿਸ ਸੱਤਾ ਨੌਸ਼ਹਿਰਾ ਗਿਰੋਹ ਦੇ ਚੌਥੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਰੇਡ ਕਰ ਰਹੀ ਸੀ।
ਪੁਲਿਸ ਅਨੁਸਾਰ ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਰੇਡ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ 20 ਸਾਲਾ ਜੋਬਨ ਸਿੰਘ ਨੇ ਪੁਲਿਸ ਅਧਿਕਾਰੀ ਦੀ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ। ਸਥਿਤੀ ਵਿਗੜਦੀ ਦੇਖ ਕੇ ਪੁਲਿਸ ਨੇ ਸਵੈ-ਰੱਖਿਆ ਵਿੱਚ ਜਵਾਬੀ ਗੋਲੀਬਾਰੀ ਕੀਤੀ, ਜਿਸ ਵਿੱਚ ਜੋਬਨ ਸਿੰਘ ਦੇ ਪੈਰ 'ਚ ਗੋਲੀ ਲੱਗ ਗਈ। ਜ਼ਖਮੀ ਮੁਲਜ਼ਮ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 16 ਜਨਵਰੀ ਨੂੰ ਬੀ ਡਿਵੀਜ਼ਨ ਖੇਤਰ ਵਿੱਚ ਰਬਾਬ ਜਵੈਲਰਜ਼ ਦੇ ਮਾਲਕ ਨੂੰ ਫਿਰੌਤੀ ਦੀ ਧਮਕੀ ਭਰੀ ਕਾਲ ਆਈ ਸੀ। ਸ਼ੁਰੂ ਵਿੱਚ ਦੁਕਾਨ ਮਾਲਕ ਨੇ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਬਾਅਦ ਵਿੱਚ ਉਸੇ ਇਲਾਕੇ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਜਾਂਚ ਵਿੱਚ ਪਤਾ ਲੱਗਾ ਕਿ ਪੂਰਾ ਮਾਮਲਾ ਸੱਤਾ ਨੌਸ਼ਹਿਰਾ ਗਿਰੋਹ ਨਾਲ ਜੁੜਿਆ ਹੋਇਆ ਸੀ। ਤਕਨੀਕੀ ਨਿਗਰਾਨੀ ਅਤੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਜਸਦੀਪ, ਜੋਬਨ ਸਿੰਘ ਅਤੇ ਗੁਰਕੀਰਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਤਿੰਨੋਂ ਆਰੋਪੀ ਵੱਖ-ਵੱਖ ਇਲਾਕਿਆਂ ਦੇ ਵਸਨੀਕ ਹਨ ਅਤੇ ਮਜ਼ਦੂਰਾਂ ਵਜੋਂ ਕੰਮ ਕਰਦੇ ਸਨ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਗਿਰੋਹ ਉਨ੍ਹਾਂ ਨੂੰ ਪੈਸੇ ਦਾ ਲਾਲਚ ਦੇ ਕੇ ਫਿਰੌਤੀ ਦੀਆਂ ਕਾਲਾਂ ਕਰਨ ਲਈ ਵਰਤਦਾ ਸੀ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜੋਬਨ ਸਿੰਘ ਨੇ ਇਸ ਮਾਮਲੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਅਤੇ ਘਟਨਾ ਵਾਲੇ ਦਿਨ ਮੋਟਰਸਾਈਕਲ ਚਲਾ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਮਾਮਲਾ ਪੂਰੀ ਤਰ੍ਹਾਂ ਬਲਾਈਂਡ ਸੀ ਪਰ ਏਸੀਪੀ ਬਲਜਿੰਦਰ ਸਿੰਘ ਅਤੇ ਸੀਆਈਏ ਸਟਾਫ ਦੀ ਸਾਂਝੀ ਟੀਮ ਨੇ ਥੋੜ੍ਹੇ ਸਮੇਂ ਵਿੱਚ ਇਸਨੂੰ ਹੱਲ ਕਰ ਲਿਆ। ਪੁਲਿਸ ਨੇ ਸਪੱਸ਼ਟ ਕੀਤਾ ਕਿ ਫਿਰੌਤੀ ਅਤੇ ਗੈਂਗਸਟਰ ਗਤੀਵਿਧੀਆਂ ਵਿਰੁੱਧ ਉਨ੍ਹਾਂ ਦੀ ਜ਼ੀਰੋ-ਟੌਲਰੈਂਸ ਨੀਤੀ ਜਾਰੀ ਰਹੇਗੀ ਅਤੇ ਮਾਮਲੇ ਨਾਲ ਸਬੰਧਤ ਹੋਰ ਲਿੰਕਾਂ ਦੀ ਜਾਂਚ ਜਾਰੀ ਹੈ।
- PTC NEWS