Firecracker Factory Blast : ਹਰਿਆਣਾ 'ਚ ਗੈਰ-ਕਾਨੂੰਨੀ ਪਟਾਕਾ ਫੈਕਟਰੀ 'ਚ ਧਮਾਕਾ, ਬੱਚੇ ਸਮੇਤ 3 ਦੀ ਮੌਤ
Firecracker Factory Blast : ਹਰਿਆਣਾ ਦੇ ਸੋਨੀਪਤ 'ਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਪਟਾਕਾ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਇਸ ਅੱਗ 'ਚ 3 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ 3 ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ਵਿੱਚੋਂ ਇੱਕ ਲਾਸ਼ ਪਿੰਡ ਦੀ ਔਰਤ ਦੀ ਹੈ, ਦੂਜੀ ਇੱਕ ਬੱਚੇ ਦੀ ਹੈ ਅਤੇ ਤੀਜੀ ਕਿਸੇ ਹੋਰ ਔਰਤ ਦੀ ਹੈ।
ਫੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋਣ ਤੋਂ ਬਾਅਦ ਪਿੰਡ ਵਾਸੀਆਂ ਨੂੰ ਹਾਦਸੇ ਦਾ ਪਤਾ ਲੱਗਾ। ਧਮਾਕੇ ਕਾਰਨ ਆਸ-ਪਾਸ ਦੇ ਘਰਾਂ ਦੀਆਂ ਕੰਧਾਂ 'ਚ ਤਰੇੜਾਂ ਆ ਗਈਆਂ। ਜਿਸ ਘਰ ਵਿੱਚ ਪਟਾਕੇ ਬਣਾਏ ਜਾ ਰਹੇ ਸਨ, ਉਹ ਵੀ ਢਹਿ ਗਿਆ ਅਤੇ ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਇੱਥੇ 10-12 ਮਜ਼ਦੂਰ ਕੰਮ ਕਰਦੇ ਸਨ।
ਹਾਦਸੇ ਵਿੱਚ ਛੇ ਔਰਤਾਂ ਸਮੇਤ ਸੱਤ ਲੋਕ ਬੁਰੀ ਤਰ੍ਹਾਂ ਝੁਲਸ ਗਏ। ਸੜੇ ਹੋਏ ਮਜ਼ਦੂਰਾਂ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਅੱਗ ਗੈਸ ਸਿਲੰਡਰ 'ਚ ਲੀਕ ਹੋਣ ਕਾਰਨ ਲੱਗੀ। ਇਹ ਘਰ ਪਿੰਡ ਦੇ ਵਿਚਕਾਰ ਹੈ ਅਤੇ ਇਸ ਦਾ ਮਲਬਾ ਹਟਾਉਣ ਦੀ ਕਾਰਵਾਈ ਚੱਲ ਰਹੀ ਹੈ।
ਕੁਝ ਸਮੇਂ ਵਿੱਚ ਹੀ ਅੱਗ ਫੈਲ ਗਈ ਅਤੇ ਇਸ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਅੱਗ ਲੱਗਣ ਤੋਂ ਬਾਅਦ ਪਿੰਡ ਵਿੱਚ ਹਫੜਾ-ਦਫੜੀ ਮੱਚ ਗਈ। ਪਿੰਡ ਵਾਸੀਆਂ ਨੇ ਉੱਥੇ ਕੰਮ ਕਰਦੇ ਲੋਕਾਂ ਨੂੰ ਬਾਹਰ ਕੱਢਿਆ। ਪੁਲਿਸ ਨੇ ਮਕਾਨ ਮਾਲਕ ਵੇਦਪ੍ਰਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਖਮੀਆਂ ਵਿੱਚ ਉਸ ਦੀ ਬੇਟੀ ਵੀ ਸ਼ਾਮਲ ਹੈ। ਪੁਲਿਸ ਨੂੰ ਕੁਝ ਸ਼ੱਕੀ ਚੀਜ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਫੋਰੈਂਸਿਕ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਜ਼ਖਮੀਆਂ 'ਚ ਜ਼ਿਆਦਾਤਰ ਔਰਤਾਂ
ਪੁਲਿਸ ਨੇ ਮਕਾਨ ਮਾਲਕ ਵੇਦਪ੍ਰਕਾਸ਼ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਪਟਾਕੇ ਬਣਾਉਣ ਦਾ ਕੰਮ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ। ਜ਼ਖਮੀਆਂ 'ਚ ਫਰਮਾਨ (26), ਉਸਦੀ ਪਤਨੀ ਯਸ਼ਮੀਨ (23), ਇਕਰਾ (22), ਸਿਦਰਾ (18), ਆਸਰਾ (21), ਆਸ਼ੀ (28) ਅਤੇ ਅੰਜਲੀ (27) ਸ਼ਾਮਲ ਹਨ। ਜ਼ਖਮੀ ਅੰਜਲੀ ਮਕਾਨ ਮਾਲਕ ਦੀ ਬੇਟੀ ਦੱਸੀ ਜਾਂਦੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : Manohar Lal Khattar Controversy : 'ਕਿਸਾਨਾਂ ਦਾ ਮਖੌਟਾ ਪਾਕੇ ਪੰਜਾਬ ਦੇ ਕੁਝ ਲੋਕ...', ਮਨੋਹਰ ਲਾਲ ਖੱਟਰ ਦਾ ਕਿਸਾਨਾਂ ਬਾਰੇ ਵਿਵਾਦਿਤ ਬਿਆਨ
- PTC NEWS