Ludhiana News : ਪਿੰਡ ਹੇਰਾਂ ਦੇ ਫੌਜੀ ਜਵਾਨ ਨਾਇਕ ਗੁਰਪ੍ਰੀਤ ਸਿੰਘ ਦਾ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਹੋਇਆ ਦੇਹਾਂਤ
Ludhiana News : ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਤਹਿਸੀਲ ਵਿੱਚ ਸਥਿਤ ਪਿੰਡ ਹੇਰਾਂ ਦੇ 35 ਸਾਲਾ ਫੌਜੀ ਜਵਾਨ ਨਾਇਕ ਗੁਰਪ੍ਰੀਤ ਸਿੰਘ ਪੁੱਤਰ ਸਵਰਗੀ ਹਰਪਾਲ ਸਿੰਘ ਦਾ ਡਿਊਟੀ ਨਿਭਾਉਂਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਨਾਇਕ ਗੁਰਪ੍ਰੀਤ ਸਿੰਘ ਅੰਬਾਲਾ 'ਚ ਬੰਗਾਲ ਇੰਜੀਨੀਅਰ 65 ਬ੍ਰਿਜ 'ਚ ਡਿਊਟੀ 'ਤੇ ਤੈਨਾਤ ਸੀ।
ਮਿਲੀ ਜਾਣਕਾਰੀ ਅਨੁਸਾਰ 16 ਸਾਲ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਇਹ ਫੌਜੀ ਜਵਾਨ ਇਸ ਸਾਲ 31 ਅਗਸਤ ਨੂੰ ਫੌਜ ਤੋਂ ਸੇਵਾ ਮੁਕਤ ਹੋਣ ਵਾਲਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅੰਬਾਲਾ ਵਿਖੇ ਭਾਰਤੀ ਫੌਜ ਦੀ ਬੰਗਾਲ ਇੰਜੀਨੀਅਰ 65 ਬ੍ਰਿਜ ਵਿਚ ਡਿਊਟੀ ਨਿਭਾਉਂਦੇ ਸਮੇਂ ਅੱਜ ਸਵੇਰੇ 2:45 ਵਜੇ ਅਚਾਨਕ ਦਿਲ ਦਾ ਦੌਰਾ ਪਿਆ। ਜਿਸ ਕਾਰਨ ਫੌਜੀ ਨੌਜਵਾਨ ਦਾ ਦੇਹਾਂਤ ਹੋ ਗਿਆ ਹੈ।
ਫੌਜੀ ਜਵਾਨ ਗਰੀਬ ਮਹਿਰਾ ਪਰਿਵਾਰ ਨਾਲ ਸਬੰਧਿਤ ਸੀ। ਮ੍ਰਿਤਕ ਫੌਜੀ ਜਵਾਨ ਆਪਣੇ ਪਿੱਛੇ ਪਰਿਵਾਰ 'ਚ ਪਤਨੀ ਗੁਰਪ੍ਰੀਤ ਕੌਰ, ਛੋਟੀ ਬੇਟੀ ਅਵਨੀਤ ਕੌਰ, ਮਾਤਾ ਜਸਵਿੰਦਰ ਕੌਰ, ਭਰਾ ਨੂੰ ਛੱਡ ਗਿਆ ਹੈ। ਪਿੰਡ ਵਾਸੀਆਂ ਨੇ ਗੁਰਪ੍ਰੀਤ ਸਿੰਘ ਦੀ ਦੇਸ਼ ਪ੍ਰਤੀ ਸਮਰਪਣ ਅਤੇ ਸਾਦਗੀ ਭਰੀ ਸ਼ਖਸੀਅਤ ਨੂੰ ਯਾਦ ਕਰਦਿਆਂ ਅੱਥਰੂਆਂ ਨਾਲ ਸ਼ਰਧਾਂਜਲੀ ਦਿੱਤੀ।
- PTC NEWS