ਬਠਿੰਡਾ: ਪੁਲਿਸ ਨੇ ਅਧਿਕਾਰੀ ਤੋਂ ਪਰਾਲੀ ਨੂੰ ਅੱਗ ਲਵਾਉਣ ਦੇ ਮਾਮਲੇ ਵਿੱਚ ਫੜੇ 75 ਕਿਸਾਨਾਂ ਨੂੰ ਕੀਤਾ ਰਿਹਾਅ
ਬਠਿੰਡਾ: ਪਿਛਲੇ ਦਿਨੀ ਪਿੰਡ ਮਹਿਮਾ ਸਰਜਾ ਵਿਖੇ ਇੱਕ ਸਿਵਲ ਦੇ ਅਧਿਕਾਰੀ ਤੋਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਨੌ ਲੋਕਾਂ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਾਏ ਨਾਮ ਮਾਮਲਾ ਦਰਜ ਕੀਤਾ ਗਿਆ।
ਇਸ ਮਾਮਲੇ 'ਚ 75 ਲੋਕਾਂ ਖਿਲਾਫ ਸੀ.ਆਰ.ਪੀ.ਸੀ. ਦੀ ਧਾਰਾ 7/51 ਅਧੀਨ ਮਾਮਲਾ ਦਰਜ ਕੀਤਾ ਗਿਆ। 75 ਲੋਕਾਂ ਨੂੰ ਬਠਿੰਡਾ ਦੀ ਕੇਂਦਰੀ ਜੇਲ ਵਿੱਚ ਭੇਜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਥਾਣਾ ਨੇਹੀਆ ਵਾਲਾ ਸਾਹਮਣੇ ਧਰਨਾ ਲਾਇਆ ਹੋਇਆ ਸੀ। ਲਗਾਤਾਰ ਕਿਸਾਨ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਮੀਟਿੰਗਾਂ ਚੱਲ ਰਹੀਆਂ ਸਨ। ਅੱਜ ਇਸ ਮਾਮਲੇ 'ਤੇ ਸਹਿਮਤੀ ਹੋਣ ਤੋਂ ਬਾਅਦ ਸਾਰੇ ਕਿਸਾਨਾਂ ਨੂੰ ਦੇਰ ਸ਼ਾਮ ਬਠਿੰਡਾ ਦੀ ਕੇਂਦਰੀ ਜੇਲ ਵਿੱਚੋਂ ਰਿਹਾਅ ਕਰ ਦਿੱਤਾ ਗਿਆ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਕਿਸਾਨਾਂ ਦੀ ਜਿੱਤ ਹੈ। ਆਖਰ ਪ੍ਰਸ਼ਾਸਨ ਨੂੰ ਝੁਕਣਾ ਪੈ ਹੀ ਗਿਆ। ਉਨ੍ਹਾਂ ਕਿਹਾ, "ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਸਾਡੇ ਉੱਪਰ ਗਲਤ ਪਰਚੇ ਕੀਤੇ ਗਏ ਹਨ, ਨਜਾਇਜ਼ ਫੜਿਆ ਗਿਆ ਹੈ। ਸਰਕਾਰ ਆਪਣੇ ਵਾਅਦੇ ਤੋਂ ਮੁਕਰ ਰਹੀ ਸੀ। ਇਸ ਕਰ ਕੇ ਸਰਕਾਰ ਨੂੰ ਯਾਦ ਕਰਵਾਇਆ ਹੈ।"
ਉਨ੍ਹਾਂ ਅੱਗੇ ਕਿਹਾ, "ਅੱਜ ਅਸੀਂ ਇਹ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸਾਡੇ ਕੋਲ 100 ਦੇ ਕਰੀਬ ਪਰਾਲੀ ਦੀਆਂ ਟਰਾਲੀਆਂ ਸਨ, ਜੋ ਬਠਿੰਡਾ ਦੇ ਡੀ.ਸੀ. ਦੇ ਘਰ ਅੱਗੇ ਸੁੱਟਣੀਆਂ ਸਨ। ਹੁਣ ਡੀ.ਸੀ. ਇਸ ਦਾ ਹੱਲ ਕਰੇ ਸਰਕਾਰ ਕੱਲੇ ਸਾਨੂੰ ਸੁਪਰੀਮ ਕੋਰਟ ਦੇ ਹਵਾਲੇ ਨਾ ਦੇਵੇ। ਜੋ ਸੁਪਰੀਮ ਕੋਰਟ ਵੱਲੋਂ ਪਹਿਲਾਂ ਹਦਾਇਤਾਂ ਦਿੱਤੀਆਂ ਗਈਆਂ ਹਨ, ਉਹਨਾਂ 'ਤੇ ਵੀ ਕੰਮ ਕਰੇ।"
ਉਨ੍ਹਾਂ ਦੱਸਿਆ ਕਿ, "ਇਸ ਤੋਂ ਬਾਅਦ ਹੁਣ ਅਸੀਂ 13 ਨਵੰਬਰ ਨੂੰ ਚੰਡੀਗੜ੍ਹ ਵਿਖੇ ਵੱਖ ਵੱਖ ਉੱਤਰੀ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਨ ਜਾ ਰਹੇ ਹਾਂ ਜਿਸ ਤੋਂ ਬਾਅਦ ਵੱਡੇ ਫੈਸਲੇ ਲਏ ਜਾਣਗੇ। ਜਿਸ ਵਿੱਚ ਪਰਾਲੀ ਦੇ ਮੁੱਦੇ ਤੋਂ ਇਲਾਵਾ ਹੋਰ ਬਹੁਤ ਵੱਡੇ ਮੁੱਦੇ ਵਿਚਾਰੇ ਜਾਣਗੇ ਅਤੇ ਵੱਡੇ ਸੰਘਰਸ਼ ਦੀ ਤਿਆਰੀ ਕੀਤੀ ਜਾਵੇਗੀ।"
- PTC NEWS