ਬਿਕਰਮ ਸਿੰਘ ਮਜੀਠੀਆ ਨੇ ਰਾਜਾ ਵੜਿੰਗ 'ਤੇ ਕੱਸਿਆ ਤੰਜ, ਕਿਹਾ - CM ਮਾਨ ਦੇ ਇਸ਼ਾਰੇ 'ਤੇ ਗਗਨਦੀਪ ਕੇਸ ਦੀ CBI ਜਾਂਚ ਦੇ ਵਿਰੋਧ 'ਚ ਦਿੱਤਾ ਬਿਆਨ
Gagandeep Death Case : ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja warring) ਤੇ ਮਰਹੂਮ ਡਾਕਟਰ ਗਗਨਦੀਪ ਰੰਧਾਵਾ ਦੇ ਕੇਸ ਦੀ ਸੀਬੀਆਈ ਤੋ ਜਾਂਚ ਕਰਵਾਉਣ ਬਾਰੇ ਕੀਤੀ ਗਈ ਬਿਆਨਬਾਜੀ ਨੂੰ ਲੈਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੀ ਮਦਦ ਤੋਂ ਪਰਦਾ ਚੁੱਕਦਿਆਂ ਕਿਹਾ ਕਿ ਰਾਜਾ ਵੜਿੰਗ ਨੇ ਮੁੱਖ ਮੰਤਰੀ ਦੇ ਇਸ਼ਾਰੇ 'ਤੇ ਮਾਮਲੇ ਦੀ ਸੀਬੀਆਈ ਜਾਂਚ ਨਾ ਕਰਾਉਣ ਲਈ ਆਪਣੀ ਬਿਨ੍ਹਾਂ ਬਾਡੀਆਂ ਵਾਲੀ ਰਾਜਸਥਾਨੀ ਬੱਸ ਹੋਰ ਪਾਸੇ ਭਜਾ ਲਈ ਹੈ ਤਾਂ ਜੌ ਉਹ ਮੁੱਖ ਮੰਤਰੀ ਅਤੇ ਸਰਕਾਰ ਦੀ ਮਦਦ ਕਰਕੇ ਆਪਣੇ ਬਸਾਂ ਦੀਆਂ ਵੱਡੀਆਂ ਵਾਲੇ ਭ੍ਰਿਸ਼ਟਾਚਾਰ ਦੇ ਮਾਮਲੇ ਤੋਂ ਬਚਿਆ ਰਹਿ ਸਕੇ l
ਉਹਨਾਂ ਕਿਹਾ ਕਿ ਜਦਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਅਤੇ ਰਾਜਾ ਵੜਿੰਗ ਨੇ ਵਿਰੋਧੀ ਧਿਰਾਂ ਨੂੰ ਅਲਗ ਅਲੱਗ ਕਰਨ ਦੀ ਮੁੱਖ ਮੰਤਰੀ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਆਪਣੀ ਪਾਰਟੀ ਦੀ ਲਾਈਨ ਤੋਂ ਹਟਕੇ ਇਹ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ ਕਿ ਸਾਨੂੰ ਸੀਬੀਆਈ ਦੀ ਜਾਂਚ ਮੰਜੂਰ ਨਹੀਂ ਹੈ। ਇਸੇ ਕਰਕੇ ਕਾਂਗਰਸ ਦੇ ਤਿੰਨ ਸੰਸਦ ਮੈਂਬਰ ਰਾਜਾ ਵੜਿੰਗ , ਡਾ. ਅਮਰ ਸਿੰਘ ਅਤੇ ਸ਼ੇਰ ਸਿੰਘ ਘੁਬਾਇਆ ਨੇ ਗ੍ਰਹਿ ਮੰਤਰੀ ਨੂੰ ਹੁਣ ਤੱਕ ਲਿਖਕੇ ਨਹੀਂ ਦਿੱਤਾ ਕਿ ਡਾ. ਗਗਨਦੀਪ ਨੂੰ ਇਨਸਾਫ ਦਿਵਾਉਣ ਵਾਸਤੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ, ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚਲਦੇ ਸੈਸ਼ਨ ਵਿੱਚ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਜੇਕਰ ਪੰਜਾਬ ਦੇ ਸਾਰੇ ਸੰਸਦ ਮੈਂਬਰ ਲਿਖ ਕੇ ਦੇ ਦੇਣ ਤਾਂ ਉਹ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਨੂੰ ਤਿਆਰ ਜਿਸ ਮਗਰੋਂ ਰਾਜਾ ਵੜਿੰਗ ਨੇ ਭਗਵੰਤ ਮਾਨ ਦੇ ਇਸ਼ਾਰੇ ਉੱਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ।
ਸ. ਮਜੀਠੀਆ ਨੇ ਕਿਹਾ ਕਿ ਰਾਜਾ ਵੜਿੰਗ ਵਲੋਂ ਮਾਮਲੇ ਨੂੰ ਦਬਾਉਣ ਲਈ ਸਰਕਾਰ ਦੀ ਮਦਦ ਕਰਨ ਨੂੰ ਲੈਕੇ ਕਾਂਗਰਸ ਹਾਈਕਮਾਨ ਆਪਣਾ ਸਟੈਂਡ ਸਪਸ਼ਟ ਕਰੇ ਅਤੇ ਇਸ ਬੇਹਦ ਸੰਵੇਦਨਸ਼ੀਲ ਅਤੇ ਗੰਭੀਰ ਮਾਮਲੇ ਵਿੱਚ ਜਿਸ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉਸਦੇ ਮੰਤਰੀ ਦੇ ਵੱਡੇ ਭ੍ਰਿਸ਼ਟਚਾਰ ਤੇ ਗੁਨਾਹ ਤੋਂ ਪਰਦਾ ਉੱਠ ਸਕਦਾ ਹੈ, ਉਸ ਵਿੱਚ ਰਾਜਾ ਵੜਿੰਗ ਵੱਲੋਂ ਕੀਤੀ ਸਰਕਾਰ ਦੀ ਮਦਦ ਨੂੰ ਲੈ ਕੇ ਵੀ ਕਾਂਗਰਸ ਹਾਈ ਕਮਾਂਡ ਵੱਲੋਂ ਉਸ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਇਹ ਗੱਲ ਵੀ ਸਪਸ਼ਟ ਹੋ ਜਾਵੇਗੀ ਕਿ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਵੱਲੋਂ ਅੰਦਰ ਖਾਤੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਲਿਆ ਗਿਆ ਹੈ ਅਤੇ ਇਸ ਵੱਡੇ ਮੁੱਦੇ ਵਿੱਚ ਹੁਣ ਕਾਂਗਰਸ ਆਪਣੇ ਪ੍ਰਧਾਨ ਰਾਜਾ ਵੜਿੰਗ ਦੇ ਜਰੀਏ ਆਮ ਆਦਮੀ ਪਾਰਟੀ ਦੀ ਮਦਦ ਵਿੱਚ ਲੱਗ ਗਏ ਹਨ l ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੁਪਤ ਸਮਝੌਤਾ ਵੀ ਹੁਣ ਸਾਹਮਣੇ ਆ ਗਿਆ, ਜਿਸ ਦੇ ਤਹਿਤ ਪੰਜਾਬ ਕਾਂਗਰਸ ਦਾ ਪ੍ਰਧਾਨ ਕੱਟੜ ਇਮਾਨਦਾਰੀ ਦਾ ਢੋਂਗ ਰਚਣ ਵਾਲੀ ਝੂਠੀ ਸਰਕਾਰ ਦੀ ਸਾਖ ਬਚਾਉਣ ਲਈ ਮੈਦਾਨ 'ਚ ਉਤਰ ਆਇਆ ਹੈ l
- PTC NEWS