Sangrur News : ਪਿੰਡ ਮੁਨਸ਼ੀਵਾਲਾ 'ਚ ਹੜਕੰਪ, ਦਰੱਖਤ ਨਾਲ ਲਟਕਦੀ ਮਿਲੀ 24 ਸਾਲਾ ਨੌਜਵਾਨ ਦੀ ਲਾਸ਼
Sangrur News : ਸੰਗਰੂਰ ਦੇ ਭਵਾਨੀਗੜ੍ਹ ਨੇੜਲੇ ਪਿੰਡ ਮੁਨਸ਼ੀਵਾਲਾ ਵਿਖੇ ਅੱਜ ਪਿੰਡ ਦੇ ਖੇਡ ਗਰਾਊਂਡ ਵਿੱਚੋਂ ਦਲਿਤ ਵਰਗ ਨਾਲ ਸਬੰਧਿਤ ਇੱਕ 24 ਸਾਲਾ ਨੌਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਇੱਕ ਦਰੱਖਤ ਨਾਲ ਲਟਕਦੀ ਲਾਸ਼ ਮਿਲਣ 'ਤੇ ਇਲਾਕੇ ਵਿੱਚ ਸਨਸਨੀ ਫੈਲ ਗਈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮੁਨਸ਼ੀਵਾਲਾ ਦੇ ਸਾਬਕਾ ਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਮੁੰਡਾ ਗੁਰਜੀਤ ਸਿੰਘ ਪੁੱਤਰ ਸ਼ਿੰਦਾ ਸਿੰਘ, ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਰੋਜਾਨਾ ਦੀ ਤਰ੍ਹਾਂ ਸ਼ਾਮ ਨੂੰ ਰੋਟੀ ਖਾ ਕੇ ਸੈਰ ਕਰਨ ਲਈ ਘਰੋਂ ਬਾਹਰ ਗਿਆ ਸੀ ਅਤੇ ਉਹ ਪੂਰੀ ਰਾਤ ਘਰ ਵਾਪਸ ਨਹੀਂ ਆਇਆ।
ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਦੇ ਪਿੰਡ ਦੇ ਕੁਝ ਵਿਅਕਤੀ ਜਦੋਂ ਸਵੇਰੇ ਸੈਰ ਕਰਨ ਲਈ ਪਿੰਡ ਦੇ ਖੇਡ ਗਰਾਉਂਡ ਵਿਖੇ ਗਏ ਤਾਂ ਉਹਨਾਂ ਦੇਖਿਆ ਕਿ ਗਰਾਉਂਡ ਵਿੱਚ ਇੱਕ ਦਰਖਤ ਦੇ ਨਾਲ ਇੱਕ ਨੌਜਵਾਨ ਦੀ ਲਾਸ਼ ਲਟਕ ਰਹੀ ਸੀ। ਜਦੋਂ ਉਹਨਾਂ ਨੇ ਨੇੜੇ ਜਾ ਕੇ ਦੇਖਿਆ ਤਾਂ ਇਹ ਲਾਸ਼ ਉਸਦੇ ਚਾਚੇ ਦੇ ਲੜਕੇ ਗੁਰਜੀਤ ਸਿੰਘ ਦੀ ਸੀ। ਉਕਤ ਵਿਅਕਤੀਆਂ ਵੱਲੋਂ ਇਸ ਘਟਨਾ ਦੀ ਸੂਚਨਾ ਉਹਨਾਂ ਦੇ ਪਰਿਵਾਰ ਨੂੰ ਅਤੇ ਪੁਲਿਸ ਨੂੰ ਦਿੱਤੀ ਗਈ। ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਪੁਲਿਸ ਚੈੱਕ ਪੋਸਟ ਚਨੋ ਦੇ ਇੰਚਾਰਜ ਥਾਣੇਦਾਰ ਸੁਖਪਾਲ ਸਿੰਘ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਇਹ ਮਾਮਲਾ ਆਤਮ ਹੱਤਿਆ ਦਾ ਹੀ ਜਾਪਦਾ ਹੈ। ਇਸ ਲਈ ਪੁਲਿਸ ਵੱਲੋਂ ਇਸ ਸਬੰਧੀ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
- PTC NEWS