Gurdaspur News : 4 ਦਿਨ ਬਾਅਦ ਮਿਲੀ 21 ਸਾਲਾ ਨੌਜਵਾਨ ਦੀ ਲਾਸ਼, ਦੁਕਾਨਦਾਰ ਵੱਲੋਂ ਜ਼ਲੀਲ ਕਰਨ 'ਤੇ ਨਹਿਰ 'ਚ ਲਾਈਵ ਹੋ ਕੇ ਮਾਰੀ ਸੀ ਛਾਲ
Gurdaspur News : ਗੁਰਦਾਸਪੁਰ ਦੇ ਬੱਬੇਹਾਲੀ ਪੁੱਲ ਤੋਂ ਵੀਰਵਾਰ ਦੀ ਰਾਤ 11 ਵਜੇ ਦੇ ਕਰੀਬ ਇੱਕ ਨੌਜਵਾਨ ਵੱਲੋਂ ਆਪਣੀ ਦੁਕਾਨ ਦੇ ਸਾਹਮਣੇ ਦੇ ਦੁਕਾਨਦਾਰ ਵੱਲੋਂ ਜ਼ਲੀਲ ਕਰਨ ਤੋਂ ਬਾਅਦ ਦੁਖੀ ਹੋ ਕੇ ਨਹਿਰ ਵਿੱਚ ਛਲਾਂਗ ਲਗਾ ਦਿੱਤੀ ਗਈ ਸੀ। 21 ਸਾਲ ਦਾ ਨੌਜਵਾਨ ਰਣਦੀਪ ਸਿੰਘ ਜੋ ਗੱਡੀਆਂ 'ਤੇ ਸਪੀਕਰ ਲਗਾਉਣ ਦਾ ਕੰਮ ਕਰਦਾ ਸੀ, ਨੇ ਛਲਾਂਗ ਲਗਾਉਣ ਤੋਂ ਪਹਿਲਾਂ ਲਾਈਵ ਹੋ ਕੇ ਦੋਸ਼ ਲਗਾਇਆ ਸੀ ਕਿ ਉਸ ਦੀ ਦੁਕਾਨ ਦੇ ਸਾਹਮਣੇ ਦੇ ਕਰਿਆਨੇ ਦੇ ਦੁਕਾਨਦਾਰ ਨਿਸ਼ਾਨ ਸਿੰਘ ਵੱਲੋਂ ਉਸ ਨੂੰ ਗਾਲਾਂ ਕੱਢੀਆਂ ਗਈਆਂ ਤੇ ਜਲੀਲ ਕੀਤਾ ਗਿਆ, ਜਦੋਂ ਉਹ ਇੱਕ ਟਰੈਕਟਰ 'ਤੇ ਸਪੀਕਰ ਲਗਾ ਰਿਹਾ ਸੀ ਅਤੇ ਉੱਚੀ ਆਵਾਜ਼ ਕਰਕੇ ਸਪੀਕਰ ਨੂੰ ਚੈੱਕ ਕਰ ਰਿਹਾ ਸੀ।
ਬਾਅਦ ਵਿੱਚ ਪੁਲਿਸ ਵੱਲੋਂ ਥਾਣਾ ਤਿਬੜ ਵਿਖੇ ਨਿਸ਼ਾਨ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਪਰ ਗੋਤਾਖੋਰ ਲਗਾਤਾਰ ਰਣਦੀਪ ਸਿੰਘ ਦੀ ਲਾਸ਼ ਨੂੰ ਨਹਿਰ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ, ਜੋ ਚੌਥੇ ਦਿਨ ਛਲਾਂਗ ਮਾਰਨ ਵਾਲੇ ਪੁੱਲ ਤੋਂ ਕਰੀਬ ਇਕ ਕਿਲੋਮੀਟਰ ਦੂਰੀ 'ਤੇ ਬਰਾਮਦ ਹੋਈ ਹੈ। ਬਾਬਾ ਦੀਪ ਸਿੰਘ ਸੇਵਾ ਵੈਲਫੇਅਰ ਸੋਸਾਇਟੀ ਗੜਦੀਵਾਲ ਦੀ ਟੀਮ ਦੇ ਗੋਤਾਖੋਰਾਂ, ਬੋਟ ਸਮੇਤ ਮੌਕੇ ਤੇ ਪਹੁੰਚ ਕੇ ਲਗਾਤਾਰ ਨੌਜਵਾਨ ਰਣਦੀਪ ਸਿੰਘ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਵਿੱਚ ਕਰੀਬ 69 ਘੰਟੇ ਬਾਅਦ ਉਹਨਾਂ ਨੂੰ ਸਫਲਤਾ ਮਿਲੀ।
ਮ੍ਰਿਤਕ ਰਣਦੀਪ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਰਣਦੀਪ ਸਿੰਘ ਤਿੰਨਾਂ ਭੈਣਾਂ ਦਾ ਕੱਲਾ-ਕੱਲਾ ਭਰਾ ਸੀ, ਜੋ ਆਪਣੀ ਦੁਕਾਨ ਦੇ ਨੇੜੇ ਦੇ ਦੁਕਾਨਦਾਰ ਵੱਲੋਂ ਬੋਲੇ ਗਏ ਅਪ ਸ਼ਬਦਾਂ ਅਤੇ ਗਾਲਾਂ ਨੂੰ ਨਾ ਝੱਲ ਸਕਿਆ ਤੇ ਇਸ ਗੱਲ 'ਤੇ ਦਿਲ ਨੂੰ ਲੈ ਲਿਆ। ਦੇਰ ਰਾਤ ਵੀਡੀਓ ਬਣਾ ਕੇ ਉਸ ਨੇ ਕਈ ਦੋਸਤਾਂ ਨੂੰ ਪਾਈ ਤੇ ਨਹਿਰ ਵਿੱਚ ਛਲਾਂਗ ਲਗਾ ਦਿੱਤੀ। ਤਿੰਨ ਦਿਨ ਤੋਂ ਲਗਾਤਾਰ ਉਸਦੇ ਪਰਿਵਾਰ ਵਾਲੇ ਉਸ ਦੀ ਲਾਸ਼ ਲੱਭ ਰਹੇ ਸਨ ਜੋ ਅੱਜ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨਿਸ਼ਾ ਸਿੰਘ ਫਰਾਰ ਹੋ ਗਿਆ ਹੈ ਪਰ ਉਸ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਰਣਦੀਪ ਦੇ ਪਰਿਵਾਰ ਨੂੰ ਇਨਸਾਫ਼ ਦੇਣਾ ਚਾਹੀਦਾ ਹੈ।
- PTC NEWS