Cab and Auto Driver Strike: ਚੰਡੀਗੜ੍ਹ ’ਚ ਭੁੱਖ ਹੜਤਾਲ ’ਤੇ ਬੈਠੇ ਕੈਬ ਤੇ ਆਟੋ ਰਿਕਸ਼ਾ ਚਾਲਕ, ਲੋਕ ਹੋ ਰਹੇ ਪਰੇਸ਼ਾਨ
Cab and Auto Driver Strike: ਚੰਡੀਗੜ੍ਹ ’ਚ ਕੁਝ ਦਿਨਾਂ ਪਹਿਲਾਂ ਹੋਈ ਕੈਬ ਡਰਾਈਵਰ ਦੇ ਕਤਲ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਦੇ ਜ਼ਿਆਦਾਤਰ ਕੈਬ ਅਤੇ ਆਟੋ ਚਾਲਕ ਵੀਰਵਾਰ ਯਾਨੀ ਅੱਜ ਹੜਤਾਲ 'ਤੇ ਚੱਲੇ ਗਏ ਹਨ। ਡਰਾਈਵਰ ਆਪਣਾ ਕੰਮ ਬੰਦ ਕਰਕੇ ਸੈਕਟਰ-25 ਸਥਿਤ ਰੈਲੀ ਗਰਾਊਂਡ ਵਿੱਚ ਇਕੱਠੇ ਹੋਏ ਜਿੱਥੇ ਉਨ੍ਹਾਂ ਨੇ ਜਿੱਥੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇੱਥੋ ਹੀ ਪ੍ਰਦਰਸ਼ਨਕਾਰੀ ਅਗਲੀ ਰਣਨੀਤੀ ਤੈਅ ਕਰਨਗੇ।
ਮਿਲੀ ਜਾਣਕਾਰੀ ਮੁਤਾਬਿਕ ਕੈਬ ਡਰਾਈਵਰਾਂ ਅਤੇ ਆਟੋ ਚਾਲਕਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
'ਭੁੱਖ ਹੜਤਾਲ ’ਤੇ ਬੈਠਣ ਲਈ ਮਜਬੂਰ ਹਾਂ'
ਇਸ ਸਬੰਧੀ ਡਰਾਈਵਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਬਿਹਤਰ ਸਫ਼ਰ ਦੀਆਂ ਸਹੂਲਤਾਂ ਦੇਣ ਵਾਲੀਆਂ ਕੈਬ ਕੰਪਨੀਆਂ ਦੇ ਡਰਾਈਵਰ ਅਸੁਰੱਖਿਆ ਕਾਰਨ ਇਸ ਸਮੇਂ ਭੁੱਖ ਹੜਤਾਲ ’ਤੇ ਬੈਠਣ ਲਈ ਮਜਬੂਰ ਹਨ। ਕੰਪਨੀਆਂ ਵੱਲੋਂ ਟੈਕਸ, ਕਮਿਸ਼ਨ, ਕਿਰਾਇਆ ਅਤੇ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਨੂੰ ਖੁੱਲ੍ਹੇਆਮ ਸ਼ਰਮਿੰਦਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਈ ਡਰਾਈਵਰ ਕਰਜ਼ੇ ਦੇ ਬੋਝ ਹੇਠ ਦੱਬ ਗਏ ਹਨ ਅਤੇ ਕਈ ਇਸ ਪ੍ਰੇਸ਼ਾਨੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।
ਯੂਨੀਅਨ ਦੇ ਬੁਲਾਰੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਕੰਪਨੀਆਂ ਦੀ ਬੇਰੁੱਖੀ ਵਾਲੇ ਵਤੀਰੇ ਕਾਰਨ ਉਨ੍ਹਾਂ ਦੇ ਅਨੇਕਾਂ ਮੈਂਬਰਾਂ ਨੂੰ ਅਪਰਾਧੀ ਕਿਸਮ ਦੇ ਲੋਕਾਂ ਨੇ ਆਪਣੀ ਸਾਜਿਸ਼ ਦਾ ਸ਼ਿਕਾਰ ਬਣਾ ਕੇ ਮੌਤ ਦੀ ਘਾਟ ਉਤਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਵੀ ਬੇਨਤੀ ਕਰ ਚੁੱਕੇ ਹਨ, ਪਰ ਪ੍ਰਸ਼ਾਸ਼ਨ ਨੇ ਵੀ ਉਨ੍ਹਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜਿਸ ਕਾਰਨ ਕੰਪਨੀਆਂ ਦਾ ਦਿਮਾਗ ਹੋਰ ਖਰਾਬ ਹੋ ਗਿਆ।
'ਕਈ ਵਾਰ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ'
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਬੇਰੁੱਖੀ ਅਤੇ ਕੰਪਨੀਆਂ ਦੇ ਘਟੀਆ ਵਤੀਰੇ ਦੇ ਖਿਲਾਫ਼ ਉਹ 10 ਅਗਸਤ ਤੋਂ ਸੈਕਟਰ 25 ਵਿੱਚ ਅਨਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਟਰਾਈਸਿਟੀ ਦੀ ਸੜਕਾਂ ਤੇ ਕੰਪਨੀਆਂ ਬਿਨਾਂ ਪੁਲਸ ਪੜਤਾਲ ਤੋਂ ਡਰਾਈਵਰ ਸਮੇਤ ਗੱਡੀਆਂ ਚਲਵਾ ਰਹੀ ਹੈ, ਜਿਸਦੀ ਸ਼ਿਕਾਇਤ ਅਨੇਕਾਂ ਵਾਰ ਪ੍ਰਸ਼ਾਸ਼ਨ ਅਤੇ ਪੁਲਿਸ ਅਧਿਕਾਰੀਆਂ ਨੂੰ ਸਮੇਂ ਸਮੇਂ ਸਿਰ ਦਿੱਤੀ ਜਾਂਦੀ ਰਹੀ ਹੈ, ਪਰ ਕਾਰਵਾਈ ਨਾ ਹੋਣ ਕਾਰਨ ਅਪਰਾਧੀ ਕਿਸਮ ਦੇ ਲੋਕ ਧੜੱਲੇ ਨਾਲ ਇੰਨਾ ਕੈਬ ਗੱਡੀਆਂ ਦਾ ਇਸਤੇਮਾਲ ਕਰ ਕੇ ਇਮਾਨਦਾਰੀ ਨਾਲ ਗੱਡੀਆਂ ਚਲਾ ਰਹੇ ਹੋਰਨਾਂ ਡਰਾਈਵਰਾਂ ਲਈ ਮੁਸ਼ਕਲਾਂ ਖੜੀ ਕਰ ਰਹੇ ਹਨ।
'ਸੰਘਰਸ਼ ਕਰਨ ਤੋਂ ਨਹੀਂ ਹੱਟਾਂਗੇ ਪਿੱਛੇ'
ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਕੈਬ ਡਰਾਈਵਰ ਧਰਮਪਾਲ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਦੀ ਸੁਸਤ ਕਾਰਵਾਈ ਕਾਰਨ ਸਾਰੇ ਕੈਬ ਡਰਾਈਵਰਾਂ ਵਿੱਚ ਖੌਫ਼਼ ਵਾਲਾ ਮਾਹੌਲ ਬਣਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕੈਬ ਡਰਾਈਵਰ ਯੂਨੀਅਨ ਇਕਜੁੱਟ ਹੈ ਅਤੇ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗੀ।
ਪ੍ਰਦਰਸ਼ਨਕਾਰੀਆਂ ਨੇ ਦਿੱਤੀ ਚਿਤਾਵਨੀ
ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੈਬ ਡਰਾਈਵਰਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਆਪਣੇ ਅੰਦੋਲਨ ਨੂੰ ਹੋਰ ਤਿੱਖਾ ਕਰ ਦੇਣਗੇ। ਕਾਬਿਲੇਗੌਰ ਹੈ ਕਿ ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਸਮੇਤ ਟਰਾਈਸਿਟੀ ਦੀ ਵੱਖ ਵੱਖ ਕੈਬ ਅਤੇ ਆਟੋ ਯੂਨੀਅਨਾਂ ਵਲੋਂ ਕੈਬ ਆਟੋ ਯੂਨੀਅਨ ਫਰੰਟ ਦੇ ਬੈਨਰ ਤਲੇ ਇਕਜੁੱਟਤਾ ਨਾਲ ਭੁੱਖ ਹੜਤਾਲ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਇਹ ਵੀ ਪੜ੍ਹੋ: Punjab Cabinet: ਪੰਜਾਬ ਕੈਬਨਿਟ ’ਚੋਂ 2 ਮੰਤਰੀਆਂ ਦੀ ਹੋ ਸਕਦੀ ਹੈ ਛਾਂਟੀ, ਵਿਭਾਗਾਂ ’ਚ ਬਦਲਾਅ ’ਤੇ ਵੀ ਚਰਚਾ- ਸੂਤਰ
- PTC NEWS