ਉਤਰਾਖੰਡ ਪੁਲਿਸ ਨੇ ਕਰਨਾਪ੍ਰਯਾਗ 'ਚ ਝੜਪ ਤੋਂ ਬਾਅਦ ਮੋਹਾਲੀ ਦੇ 4 ਨਿਹੰਗ ਸ਼ਰਧਾਲੂਆਂ ਨੂੰ ਕੀਤਾ ਗ੍ਰਿਫਤਾਰ
Uttarakhand Clash : ਉਤਰਾਖੰਡ ਪੁਲਿਸ ਨੇ ਕੱਲ੍ਹ ਚਮੋਲੀ ਖੇਤਰਾਂ ਦੇ ਕਰਨਪ੍ਰਯਾਗ ਬਾਜ਼ਾਰ ਨੇੜੇ ਸਥਾਨਕ ਵਪਾਰੀਆਂ ਅਤੇ ਹੇਮਕੁੰਡ ਸਾਹਿਬ ਯਾਤਰਾ ਤੋਂ ਵਾਪਸ ਆ ਰਹੇ ਨਿਹੰਗ ਸ਼ਰਧਾਲੂਆਂ ਵਿਚਕਾਰ ਹੋਈ ਝੜਪ ਤੋਂ ਬਾਅਦ ਚਾਰ ਨਿਹੰਗਾਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸ਼ਰਧਾਲੂ, ਮੰਤਰੀ ਸਿੰਘ (21), ਜਸਨਪ੍ਰੀਤ ਸਿੰਘ (23), ਅਜੈ ਸਿੰਘ (23) ਅਤੇ ਸਤਵਿੰਦਰ ਸਿੰਘ (21), ਪੰਜਾਬ ਦੇ ਮੋਹਾਲੀ ਦੇ ਰਹਿਣ ਵਾਲੇ ਹਨ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਵਾਪਰੀ ਸੀ ਅਤੇ ਇੱਕ ਨਿਵਾਸੀ, ਗਜਪਾਲ ਸਿੰਘ ਵੱਲੋਂ ਮੁਲਜ਼ਮਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕਾਰਵਾਈ ਕੀਤੀ ਗਈ ਸੀ।
ਪੁਲਿਸ ਦੇ ਅਨੁਸਾਰ, ਇਹ ਝਗੜਾ ਕ੍ਰਿਸ਼ਨਾ ਪੈਲੇਸ ਹੋਟਲ ਦੇ ਨੇੜੇ ਸਥਾਨਕ ਵਪਾਰੀਆਂ, ਪ੍ਰਕਾਸ਼ ਰਾਵਤ ਨਾਮ ਦੇ ਇੱਕ ਨਿਵਾਸੀ ਅਤੇ ਨਿਹੰਗ ਸ਼ਰਧਾਲੂਆਂ ਦੇ ਇੱਕ ਸਮੂਹ ਵਿਚਕਾਰ ਹੋਇਆ ਸੀ, ਜੋ ਸ਼੍ਰੀ ਹੇਮਕੁੰਡ ਸਾਹਿਬ ਯਾਤਰਾ ਤੋਂ ਵਾਪਸ ਆ ਰਹੇ ਸਨ।
ਪੁਲਿਸ ਦਾ ਕੀ ਹੈ ਕਹਿਣਾ ?
ਪੁਲਿਸ ਮੁਤਾਬਕ ਝਗੜੇ ਦੌਰਾਨ ਦੋ ਨਿਹੰਗ ਯਾਤਰੀਆਂ ਨੇ ਕਥਿਤ ਤੌਰ ’ਤੇ ਰਾਵਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਇਸ ਤੋਂ ਬਾਅਦ ਹੋਰ ਦੋ ਨਿਹੰਗ ਯਾਤਰੀਆਂ ਨੇ ਝਗੜੇ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਥਾਨਕ ਲੋਕਾਂ ’ਤੇ ਵੀ ਹਮਲਾ ਕਰ ਦਿੱਤਾ, ਜਿਸ ਕਾਰਨ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਗੰਭੀਰ ਰੂਪ ਵਿੱਚ ਜ਼ਖ਼ਮੀ ਇਕ ਵਿਅਕਤੀ ਨੂੰ ਏਅਰ ਐਂਬੂਲੈਂਸ ਰਾਹੀਂ ਦੇਹਰਾਦੂਨ ਦੇ ਹਸਪਤਾਲ ਭੇਜਿਆ ਗਿਆ, ਜਦਕਿ ਬਾਕੀ ਤਿੰਨ ਜ਼ਖ਼ਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੁਲਿਸ ਸੁਪਰਿੰਟੈਂਡੈਂਟ ਸੁਰਜੀਤ ਸਿੰਘ ਪੰਵਾਰ ਨੇ ਕਿਹਾ, “ਅਸੀਂ ਚਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 281, 125, 109, 352 ਅਤੇ 351(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।”
ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਭੰਗ ਕਰਨ ਜਾਂ ਜਨਤਕ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੁਲਿਸ ਵੱਲੋਂ ਇਲਾਕੇ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।
ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ
ਇਸ ਦਰਮਿਆਨ, ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ, ਗੋਵਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਪਵਿੱਤਰ ਧਾਮ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਸੀ ਭਾਈਚਾਰਾ, ਅਨੁਸ਼ਾਸਨ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਮੰਗਲਵਾਰ ਰਾਤ ਜਾਰੀ ਕੀਤੀ ਗਈ ਅਪੀਲ ਵਿੱਚ ਟਰੱਸਟ ਪ੍ਰਬੰਧਕਾਂ ਨੇ ਕਿਹਾ ਕਿ ਸ਼ਰਧਾਲੂ ਯਾਤਰਾ ਦੀ ਮਹੱਤਤਾ ਅਤੇ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੀ ਸ਼ਰਧਾ ਅਤੇ ਮਰਿਆਦਾ ਨਾਲ ਯਾਤਰਾ ਕਰਨ।
ਟਰੱਸਟ ਨੇ ਸ਼ਰਧਾਲੂਆਂ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਤੋਂ ਦੂਰ ਰਹਿਣ, ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚਣ ਅਤੇ ਯਾਤਰਾ ਦੌਰਾਨ ਕਾਨੂੰਨ-ਵਿਵਸਥਾ ਤੇ ਸਮਾਜਿਕ ਸਦਭਾਵਨਾ ਬਣਾਈ ਰੱਖਣ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਹੈ।
- PTC NEWS