Wed, Jun 17, 2026
Whatsapp

Ola License Suspended: ਚੰਡੀਗੜ੍ਹ ਪ੍ਰਸ਼ਾਸਨ ਦੀ OLA ਵਿਰੁੱਧ ਵੱਡੀ ਕਾਰਵਾਈ, ਪ੍ਰਸ਼ਾਸਨ ਨੇ 6 ਮਹੀਨਿਆਂ ਲਈ ਲਾਇਸੈਂਸ ਕੀਤਾ ਮੁਅੱਤਲ

Ola License Suspended in Chandigarh: ਚੰਡੀਗੜ੍ਹ ਪ੍ਰਸ਼ਾਸਨ ਨੇ ਕੈਬ ਸੇਵਾ ਕੰਪਨੀ ਓਲਾ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਮੂਲ ਕੰਪਨੀ ANI Technologies Private Limited ਦਾ ਐਗਰੀਗੇਟਰ ਲਾਇਸੈਂਸ 6 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ।

Reported by:  PTC News Desk  Edited by:  Amritpal Singh -- June 17th 2026 08:27 PM -- Updated: June 17th 2026 08:59 PM
Ola License Suspended: ਚੰਡੀਗੜ੍ਹ ਪ੍ਰਸ਼ਾਸਨ ਦੀ OLA ਵਿਰੁੱਧ ਵੱਡੀ ਕਾਰਵਾਈ, ਪ੍ਰਸ਼ਾਸਨ ਨੇ 6 ਮਹੀਨਿਆਂ ਲਈ ਲਾਇਸੈਂਸ ਕੀਤਾ ਮੁਅੱਤਲ

Ola License Suspended: ਚੰਡੀਗੜ੍ਹ ਪ੍ਰਸ਼ਾਸਨ ਦੀ OLA ਵਿਰੁੱਧ ਵੱਡੀ ਕਾਰਵਾਈ, ਪ੍ਰਸ਼ਾਸਨ ਨੇ 6 ਮਹੀਨਿਆਂ ਲਈ ਲਾਇਸੈਂਸ ਕੀਤਾ ਮੁਅੱਤਲ

Ola License Suspended in Chandigarh: ਚੰਡੀਗੜ੍ਹ ਪ੍ਰਸ਼ਾਸਨ ਨੇ ਕੈਬ ਸੇਵਾ ਕੰਪਨੀ ਓਲਾ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਮੂਲ ਕੰਪਨੀ ANI Technologies Private Limited ਦਾ ਐਗਰੀਗੇਟਰ ਲਾਇਸੈਂਸ 6 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ।

ਇਹ ਕਾਰਵਾਈ ਚੰਡੀਗੜ੍ਹ ਪ੍ਰਸ਼ਾਸਨ ਦੇ ਮੋਟਰ ਵਹੀਕਲ ਐਗਰੀਗੇਟਰ ਨਿਯਮ, 2025 ਦੀ ਕਥਿਤ ਉਲੰਘਣਾ ਦੇ ਮਾਮਲੇ ਵਿੱਚ ਕੀਤੀ ਗਈ ਹੈ। ਇਹ ਹੁਕਮ ਸਟੇਟ ਟਰਾਂਸਪੋਰਟ ਅਥਾਰਟੀ (STA) ਦੇ ਸਕੱਤਰ ਨਿਤੀਸ਼ ਸਿੰਗਲਾ ਵੱਲੋਂ ਜਾਰੀ ਕੀਤਾ ਗਿਆ ਜੋ ਐਗਰੀਗੇਟਰ ਨਿਯਮਾਂ ਤਹਿਤ ਲਾਇਸੈਂਸ ਜਾਰੀ ਕਰਨ ਵਾਲੇ ਅਧਿਕਾਰੀ ਵੀ ਹਨ।


ਅਥਾਰਟੀ ਮੁਤਾਬਕ ਕੰਪਨੀ ਨੂੰ 15 ਜਨਵਰੀ 2024 ਨੂੰ ਐਗਰੀਗੇਟਰ ਲਾਇਸੈਂਸ ਦਿੱਤਾ ਗਿਆ ਸੀ। ਬਾਅਦ ਵਿੱਚ ਇਹ ਲਾਇਸੈਂਸ ਚੰਡੀਗੜ੍ਹ ਮੋਟਰ ਵਹੀਕਲ ਐਗਰੀਗੇਟਰ ਨਿਯਮ, 2025 ਦੇ ਦਾਇਰੇ ਵਿੱਚ ਆ ਗਿਆ।

ਪ੍ਰਸ਼ਾਸਨ ਨੂੰ ਕਈ ਕੈਬ ਡਰਾਈਵਰਾਂ ਅਤੇ ਹੋਰ ਸਰੋਤਾਂ ਵੱਲੋਂ ਸ਼ਿਕਾਇਤਾਂ ਮਿਲੀਆਂ ਸਨ ਕਿ ਕੰਪਨੀ ਨਿਯਮਾਂ ਦੀ ਪੂਰੀ ਪਾਲਣਾ ਨਹੀਂ ਕਰ ਰਹੀ। ਸ਼ਿਕਾਇਤਾਂ ਵਿੱਚ ਡਰਾਈਵਰਾਂ ਲਈ ਸਿਹਤ ਬੀਮਾ, ਜੀਵਨ ਬੀਮਾ, ਲਾਜ਼ਮੀ ਟ੍ਰੇਨਿੰਗ ਅਤੇ ਕਿਰਾਏ ਦੀ ਦਰ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਦੇ ਦੋਸ਼ ਸ਼ਾਮਲ ਸਨ।

ਅਥਾਰਟੀ ਨੇ ਦੱਸਿਆ ਕਿ ਜੁਲਾਈ 2025 ਵਿੱਚ ਕੰਪਨੀ ਨੂੰ ਪੱਤਰ ਅਤੇ ਈ-ਮੇਲ ਰਾਹੀਂ ਨਿਯਮਾਂ ਦੀ ਪਾਲਣਾ ਕਰਨ ਅਤੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਸੀ। ਇਸ ਤੋਂ ਇਲਾਵਾ ਕਈ ਮੀਟਿੰਗਾਂ ਵੀ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਕੰਪਨੀ ਦੇ ਨੁਮਾਇੰਦਿਆਂ ਨੂੰ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ।

ਜਾਂਚ ਦੌਰਾਨ ਬਣਾਈ ਗਈ ਕਮੇਟੀ ਨੇ ਪਾਇਆ ਕਿ ਕੰਪਨੀ ਨੇ ਆਪਣਾ ਚੰਡੀਗੜ੍ਹ ਸਥਿਤ ਦਫ਼ਤਰ ਲਗਪਗ ਇੱਕ ਸਾਲ ਪਹਿਲਾਂ ਬਦਲ ਦਿੱਤਾ ਸੀ, ਪਰ ਇਸ ਬਾਰੇ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਰ-ਵਾਰ ਮੌਕੇ ਦੇਣ ਦੇ ਬਾਵਜੂਦ ਕੰਪਨੀ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੀ। ਮਈ ਮਹੀਨੇ ਵਿੱਚ ਹੋਈ ਇੱਕ ਅਹਿਮ ਮੀਟਿੰਗ ਵਿੱਚ ਵੀ ਕੰਪਨੀ ਦਾ ਕੋਈ ਪ੍ਰਤੀਨਿਧੀ ਹਾਜ਼ਰ ਨਹੀਂ ਹੋਇਆ।

ਇਸ ਤੋਂ ਇਲਾਵਾ ਕੰਪਨੀ ਦੇ ਸਬਸਕ੍ਰਿਪਸ਼ਨ ਮਾਡਲ ਨੂੰ ਲੈ ਕੇ ਵੀ ਸ਼ਿਕਾਇਤਾਂ ਮਿਲੀਆਂ। ਦੋਸ਼ ਹੈ ਕਿ ਓਲਾ ਨਾਲ ਜੁੜੇ ਕੈਬ ਚਾਲਕਾਂ ਨੂੰ ਪਲੇਟਫਾਰਮ ਦੀ ਵਰਤੋਂ ਲਈ ਪਹਿਲਾਂ ਤੋਂ ਭੁਗਤਾਨ ਵਾਲੇ ਸਬਸਕ੍ਰਿਪਸ਼ਨ ਰਿਚਾਰਜ ਕਰਵਾਉਣ ਲਈ ਕਿਹਾ ਜਾਂਦਾ ਸੀ, ਜਿਸ ਨੂੰ ਅਥਾਰਟੀ ਨੇ ਐਗਰੀਗੇਟਰ ਨਿਯਮਾਂ ਦੀ ਉਲੰਘਣਾ ਮੰਨਿਆ ਹੈ। ਕਮੇਟੀ ਨੇ ਕੰਪਨੀ ਵੱਲੋਂ ਦਿੱਤੇ ਸਥਾਨਕ ਪਤੇ ਦੀ ਤਿੰਨ ਵਾਰ ਜਾਂਚ ਵੀ ਕੀਤੀ। ਜਾਂਚ ਦੌਰਾਨ ਪਤਾ ਲੱਗਿਆ ਕਿ ਦਫ਼ਤਰ ਕਰੀਬ ਇੱਕ ਸਾਲ ਪਹਿਲਾਂ ਹੀ ਖਾਲੀ ਕੀਤਾ ਜਾ ਚੁੱਕਾ ਸੀ ਅਤੇ ਇਸ ਬਾਰੇ ਵੀ ਪ੍ਰਸ਼ਾਸਨ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ।

ਇਨ੍ਹਾਂ ਸਾਰੀਆਂ ਰਿਪੋਰਟਾਂ ਅਤੇ ਸਿਫਾਰਸ਼ਾਂ ਦੇ ਆਧਾਰ ‘ਤੇ ਲਾਇਸੈਂਸਿੰਗ ਅਥਾਰਟੀ ਨੇ ਚੰਡੀਗੜ੍ਹ ਮੋਟਰ ਵਹੀਕਲ ਐਗਰੀਗੇਟਰ ਨਿਯਮ 2025 ਦੀ ਧਾਰਾ 17 ਤਹਿਤ ਕਾਰਵਾਈ ਕਰਦਿਆਂ ਕੰਪਨੀ ਦਾ ਲਾਇਸੈਂਸ ਛੇ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK