Double Murder Case : ਚੰਡੀਗੜ੍ਹ ਅਦਾਲਤ ਨੇ ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ 'ਚ ਦੋਸ਼ੀ ਨੂੰ ਸੁਣਾਈ ਉਮਰਕੈਦ, 30 ਹਜ਼ਾਰ ਰੁਪਏ ਲਾਇਆ ਜੁਰਮਾਨਾ
Chandigarh Double Murder Case : ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਾਲ 2019 ਵਿੱਚ ਸੈਕਟਰ 22 ਵਿਖੇ ਦੋ ਸਕੀਆਂ ਭੈਣਾਂ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿੱਚ 35 ਸਾਲਾ ਕੁਲਦੀਪ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਮੁਲਜ਼ਮ ਨੂੰ ਭਾਰਤੀ ਦੰਡਾਵਲੀ (IPC) ਦੀ ਧਾਰਾ 302 ਤਹਿਤ ਕਤਲ ਦਾ ਦੋਸ਼ੀ ਮੰਨਿਆ ਹੈ।
ਜ਼ਿਕਰਯੋਗ ਹੈ ਕਿ ਕੁਲਦੀਪ, ਜੋ ਕਿ ਮੋਹਾਲੀ ਦੇ ਇੱਕ ਕਾਲ ਸੈਂਟਰ ਵਿੱਚ ਕੰਮ ਕਰਦਾ ਸੀ, ਨੇ 15 ਅਗਸਤ 2019 ਦੀ ਰਾਤ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬੱਲੂਆਣਾ ਦੀਆਂ ਰਹਿਣ ਵਾਲੀਆਂ ਮਨਪ੍ਰੀਤ ਕੌਰ (28) ਅਤੇ ਰਾਜਵੰਤ ਕੌਰ (27) ਦਾ ਉਨ੍ਹਾਂ ਦੇ ਕਿਰਾਏ ਦੇ ਕਮਰੇ ਵਿੱਚ ਕਤਲ ਕਰ ਦਿੱਤਾ ਸੀ।
ਜਾਣਕਾਰੀ ਅਨੁਸਾਰ, ਫਾਜ਼ਿਲਕਾ ਦੀਆਂ ਰਹਿਣ ਵਾਲੀਆਂ ਮਨਪ੍ਰੀਤ ਕੌਰ ਅਤੇ ਰਾਜਵੰਤ ਕੌਰ ਸੈਕਟਰ 22 ਸਥਿਤ ਇੱਕ ਪੀਜੀ ਵਿੱਚ ਰਹਿੰਦੀਆਂ ਸਨ। ਦੋਵੇਂ ਭੈਣਾਂ ਜ਼ੀਰਕਪੁਰ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੀਆਂ ਸਨ ਅਤੇ ਲਗਭਗ ਇੱਕ ਸਾਲ ਤੋਂ ਇੱਕੋ ਘਰ ਵਿੱਚ ਰਹਿ ਰਹੀਆਂ ਸਨ। ਕੁਲਦੀਪ ਅਤੇ ਮਨਪ੍ਰੀਤ ਸਾਲ 2010 ਤੋਂ ਰਿਸ਼ਤੇ ਵਿੱਚ ਸਨ ਪਰ ਮਨਪ੍ਰੀਤ ਵੱਲੋਂ ਦੂਰੀ ਬਣਾਉਣ ਕਾਰਨ ਕੁਲਦੀਪ ਉਸ ’ਤੇ ਸ਼ੱਕ ਕਰਨ ਲੱਗ ਪਿਆ ਸੀ। ਵਾਰਦਾਤ ਵਾਲੀ ਰਾਤ ਮੁਲਜ਼ਮ ਛੱਤ ਰਾਹੀਂ ਘਰ ਵਿੱਚ ਦਾਖ਼ਲ ਹੋਇਆ ਅਤੇ ਮਨਪ੍ਰੀਤ ਦਾ ਫ਼ੋਨ ਚੈੱਕ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਹੋਈ ਬਹਿਸਬਾਜ਼ੀ ਤੋਂ ਬਾਅਦ ਉਸ ਨੇ ਪਹਿਲਾਂ ਮਨਪ੍ਰੀਤ ਦਾ ਗਲਾ ਘੁੱਟ ਕੇ ਉਸ ਦਾ ਸਿਰ ਫਰਸ਼ ’ਤੇ ਮਾਰਿਆ ਅਤੇ ਫਿਰ ਉਸ ਦੀ ਭੈਣ ਰਾਜਵੰਤ ਦਾ ਵੀ ਗਲਾ ਘੁੱਟ ਦਿੱਤਾ। ਮੌਤ ਯਕੀਨੀ ਬਣਾਉਣ ਲਈ ਉਸ ਨੇ ਕੈਂਚੀ ਨਾਲ ਵੀ ਕਈ ਵਾਰ ਕੀਤੇ। ਪੁਲਿਸ ਨੇ CCTV ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਦਿੱਲੀ ਰੇਲਵੇ ਸਟੇਸ਼ਨ ਤੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਕਿ ਚੰਡੀਗੜ੍ਹ ਪੁਲਿਸ ਦੇ ਇੱਕ ਸੇਵਾਮੁਕਤ ਇੰਸਪੈਕਟਰ ਦਾ ਪੁੱਤਰ ਹੈ।
- PTC NEWS