ਮੌਸਮ 'ਚ ਤਬਦੀਲੀ; ਥਰਮਲ ਪਲਾਂਟਾਂ ਵੱਲੋਂ ਇਕੱਠਾ ਕੀਤਾ ਜਾ ਰਿਹਾ ਕੋਲੇ ਦਾ ਭੰਡਾਰ
ਪਟਿਆਲਾ: ਤਕਰੀਬਨ ਤਿੰਨ ਮਹੀਨਿਆਂ ਵਿੱਚ ਪਹਿਲੀ ਵਾਰ ਰਾਜ ਭਰ ਵਿੱਚ ਭਾਰੀ ਮੀਂਹ ਕਾਰਨ ਪੰਜਾਬ ਵਿੱਚ ਬਿਜਲੀ ਦੀ ਮੰਗ 'ਚ ਵੱਡੀ ਕਮੀ ਆਈ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 8 ਮਾਰਚ ਨੂੰ 8,913 ਮੈਗਾਵਾਟ ਦੀ ਰਿਕਾਰਡ ਬਿਜਲੀ ਮੰਗ ਦੇਖੀ ਸੀ। ਜਿਸ ਮਗਰੋਂ ਹੁਣ ਲਹਿਰਾ ਮੁਹੱਬਤ ਪਲਾਂਟ ਦੇ ਅਤੇ ਰੋਪੜ ਪਲਾਂਟ ਨੂੰ ਬਿਜਲੀ ਯੂਨਿਟ ਮੰਗ ਘੱਟ ਹੋਣ ਕਾਰਨ ਬੰਦ ਕਰ ਦਿੱਤਾ ਗਿਆ ਹੈ।
ਆਗਾਮੀ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਪਾਵਰਕਾਮ ਨੇ ਕੋਲੇ ਦਾ ਭੰਡਾਰ ਭਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕੜੀ ਵਿੱਚ ਪ੍ਰਾਈਵੇਟ ਸੈਕਟਰ ਦੇ ਨਾਭਾ ਪਾਵਰ, ਟੀ.ਐਸ.ਪੀ.ਐਲ ਅਤੇ ਜੀ.ਵੀ.ਕੇ. ਪਾਵਰ ਥਰਮਲ ਦੀ ਬਿਜਲੀ ਪੈਦਾ ਕਰਨ ਦੀ ਸਮਰੱਥਾ ਅੱਧੀ ਕਰ ਦਿੱਤੀ ਗਈ ਹੈ ਤਾਂ ਜੋ ਇੱਥੋਂ ਵੀ ਕੋਲੇ ਦਾ ਭੰਡਾਰ ਵਧਾਇਆ ਜਾ ਸਕੇ।
ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲਾਂ ਆਈ ਤੇਜ਼ ਸੀਤ ਲਹਿਰ ਨੇ ਪਿਛਲੇ 20 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਸੀ ਅਤੇ ਇਸ ਕਾਰਨ ਫ਼ਸਲਾਂ ਨੂੰ ਸਿੰਚਾਈ ਲਈ ਜ਼ਿਆਦਾ ਪਾਣੀ ਦੀ ਲੋੜ ਸੀ। ਖਪਤਕਾਰਾਂ ਨੇ ਕੜਾਕੇ ਦੀ ਠੰਡ ਤੋਂ ਰਾਹਤ ਪਾਉਣ ਲਈ ਵਧੇਰੇ ਬਿਜਲੀ ਉਪਕਰਣਾਂ ਦੀ ਵਰਤੋਂ ਕੀਤੀ।
ਆਲ-ਇੰਡੀਆ ਪਾਵਰ ਇੰਜੀਨੀਅਰਜ਼ ਫੈਡਰੇਸ਼ਨ ਦੇ ਬੁਲਾਰੇ ਵੀਕੇ ਗੁਪਤਾ ਮੁਤਾਬਕ ਸੋਲਰ ਪੈਨਲ ਦੀ ਵਰਤੋਂ ਕਾਰਨ ਬਿਜਲੀ ਉਤਪਾਦਨ ਦੀ ਮੰਗ ਵੀ ਘਟੀ ਹੈ। ਉਨ੍ਹਾਂ ਕਿਹਾ ਫਰਵਰੀ ਵਿੱਚ ਤਾਪਮਾਨ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਬਿਜਲੀ ਦੀ ਮੰਗ ਵਿੱਚ ਵਾਧਾ ਹੋਇਆ ਅਤੇ ਮੁੜ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 1,000 ਮੈਗਾਵਾਟ ਵੱਧ ਹੈ।
- PTC NEWS