ਦਿੱਲੀ ਸ਼ਰਾਬ ਘੁਟਾਲਾ: KCR ਦੀ ਧੀ ਕਵਿਤਾ ਦੀ ਜ਼ਮਾਨਤ ਪਟੀਸ਼ਨ ਖਾਰਜ
Delhi liquor scam case: ਬੀ.ਆਰ.ਐਸ. ਐਮ.ਐਲ.ਸੀ. ਕਵਿਤਾ ਨੇ ਆਪਣੇ ਬੇਟੇ ਦੇ ਸਕੂਲ ਇਮਤਿਹਾਨਾਂ ਦੇ ਆਧਾਰ 'ਤੇ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ। ਦੱਸ ਦੇਈਏ ਕਿ ਉਹ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਈ.ਡੀ. ਦੇ ਰਿਮਾਂਡ ਤੋਂ ਬਾਅਦ ਨਿਆਂਇਕ ਹਿਰਾਸਤ ਵਿੱਚ ਹੈ।
ਇਸ ਤੋਂ ਪਹਿਲਾਂ ਰਾਉਸ ਐਵੇਨਿਊ ਕੋਰਟ ਨੇ ਦਿੱਲੀ ਸ਼ਰਾਬ ਘੁਟਾਲੇ ਦੀ ਮੁਲਜ਼ਮ ਕਵਿਤਾ ਦੀ ਅੰਤਰਿਮ ਜ਼ਮਾਨਤ ਪਟੀਸ਼ਨ 'ਤੇ 4 ਅਪ੍ਰੈਲ ਨੂੰ ਸੁਣਵਾਈ ਕੀਤੀ ਸੀ। ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅੱਜ ਅਦਾਲਤ ਨੇ ਕਵਿਤਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਦੱਸ ਦੇਈਏ ਕਿ ਹਾਲ ਹੀ ਵਿੱਚ ਦਿੱਲੀ ਦੇ ਸੀ.ਐਮ. ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹਾਲਾਂਕਿ ਕੁਝ ਦਿਨ ਪਹਿਲਾਂ 'ਆਪ' ਨੇਤਾ ਸੰਜੇ ਸਿੰਘ ਜ਼ਮਾਨਤ 'ਤੇ ਬਾਹਰ ਆਏ ਸਨ।
ਦਿੱਲੀ ਦੇ ਕਥਿਤ ਸ਼ਰਾਬ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਬੀ.ਆਰ.ਐਸ. ਆਗੂ ਕੇ ਕਵਿਤਾ ਨੇ ਸ਼ਨੀਵਾਰ ਨੂੰ ਸੀ.ਬੀ.ਆਈ. ਜਾਂਚ ਖ਼ਿਲਾਫ਼ ਅਦਾਲਤ ਦਾ ਰੁਖ਼ ਕੀਤਾ। ਕੇ ਕਵਿਤਾ ਨੇ ਸੀ.ਬੀ.ਆਈ. ਨੂੰ ਪੁੱਛਗਿੱਛ ਲਈ ਦਿੱਤੀ ਗਈ ਇਜਾਜ਼ਤ ਵਾਪਸ ਲੈਣ ਦੀ ਬੇਨਤੀ ਕੀਤੀ ਹੈ।
ਕਵਿਤਾ ਦੇ ਵਕੀਲ ਨਿਤੇਸ਼ ਰਾਣਾ ਨੇ ਅਦਾਲਤ ਨੂੰ ਦੱਸਿਆ ਕਿ ਸੀ.ਬੀ.ਆਈ. ਨੇ ਉਸ ਦੀ ਪਿੱਠ ਪਿੱਛੇ ਉਸ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ਦਾਇਰ ਕਰ ਕੇ ਕਾਨੂੰਨ ਦੀ ਉਚਿਤ ਪ੍ਰਕਿਰਿਆ ਨੂੰ ਨਾਕਾਮ ਕਰ ਦਿੱਤਾ ਹੈ। ਰਾਣਾ ਨੇ ਕਿਹਾ, "ਮੈਨੂੰ ਗੰਭੀਰ ਖਦਸ਼ਾ ਹੈ ਕਿ ਸੀ.ਬੀ.ਆਈ. ਨੇ ਅਦਾਲਤ ਤੋਂ ਅਨੁਕੂਲ ਆਦੇਸ਼ ਪ੍ਰਾਪਤ ਕਰਨ ਲਈ ਅਸਲ ਤੱਥਾਂ ਦਾ ਖੁਲਾਸਾ ਨਹੀਂ ਕੀਤਾ ਹੈ।"
ਉਸ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਕਵਿਤਾ ਨੂੰ ਉਸ ਦੇ ਪੱਖ ਦੀ ਸੁਣਵਾਈ ਹੋਣ ਤੱਕ ਨਿਆਂਇਕ ਹਿਰਾਸਤ ਵਿੱਚ ਪੁੱਛਗਿੱਛ ਦੀ ਇਜਾਜ਼ਤ ਦੇਣ ਵਾਲੇ ਸ਼ੁੱਕਰਵਾਰ ਦੇ ਹੁਕਮ ਨੂੰ ਕਾਇਮ ਰੱਖਿਆ ਜਾਵੇ। ਸੀ.ਬੀ.ਆਈ. ਨੇ ਕਵਿਤਾ ਦੀ ਪਟੀਸ਼ਨ 'ਤੇ ਜਵਾਬ ਦੇਣ ਲਈ ਸਮਾਂ ਮੰਗਣ ਤੋਂ ਬਾਅਦ ਅਦਾਲਤ ਨੇ ਦਲੀਲਾਂ ਸੁਣੀਆਂ ਅਤੇ ਮਾਮਲੇ ਦੀ ਸੁਣਵਾਈ 10 ਅਪ੍ਰੈਲ ਤੱਕ ਲਈ ਮੁਲਤਵੀ ਕਰ ਦਿੱਤੀ।
-