Babbar Khalsa ਨਾਲ ਜੁੜੇ ਅੱਤਵਾਦੀ ਕਰਨਵੀਰ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਬਟਾਲਾ ਗ੍ਰਨੇਡ ਹਮਲੇ ਦਾ ਆਰੋਪੀ
Babbar Khalsa Terrorist Arrested : ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ 'ਚ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ 'ਤੇ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਇੱਕ ਹੋਰ ਵੱਡੀ ਗ੍ਰਿਫ਼ਤਾਰੀ ਹੋਈ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਸ ਹਮਲੇ ਵਿੱਚ ਸ਼ਾਮਲ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਜੁੜੇ ਇੱਕ ਲੋੜੀਂਦੇ ਆਰੋਪੀ ਕਰਨਬੀਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਅਨੁਸਾਰ 7 ਅਪ੍ਰੈਲ 2025 ਨੂੰ ਗੁਰਦਾਸਪੁਰ ਦੇ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ 'ਤੇ ਗ੍ਰਨੇਡ ਸੁੱਟ ਕੇ ਹਮਲਾ ਕੀਤਾ ਗਿਆ ਸੀ। ਇਸ ਅੱਤਵਾਦੀ ਹਮਲੇ ਵਿੱਚ ਕਰਨਬੀਰ ਅਤੇ ਹੋਰ ਕਈ ਅੱਤਵਾਦੀ ਸ਼ਾਮਲ ਸਨ। ਹੁਣ ਤੱਕ ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਇਸ ਮਾਮਲੇ ਵਿੱਚ ਕੁੱਲ 9 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਗ੍ਰਿਫ਼ਤਾਰ ਕੀਤਾ ਗਿਆ ਆਰੋਪੀ ਕਰਨਬੀਰ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅਤੇ ਦਿੱਲੀ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇੱਕ ਮਾਮਲੇ ਵਿੱਚ ਪਿਛਲੇ 22 ਸਾਲਾਂ ਤੋਂ ਫਰਾਰ ਸੀ। ਪੁਲਿਸ ਸੂਤਰਾਂ ਅਨੁਸਾਰ ਉਹ ਰਾਜਧਾਨੀ ਵਿੱਚ ਅਪਰਾਧੀਆਂ ਨੂੰ ਹਥਿਆਰ ਸਪਲਾਈ ਕਰਨ ਦੇ ਨੈੱਟਵਰਕ ਨਾਲ ਵੀ ਜੁੜਿਆ ਹੋਇਆ ਸੀ।
ਇਸ ਤੋਂ ਪਹਿਲਾਂ ਇਸੇ ਮਾਮਲੇ ਵਿੱਚ ਸਪੈਸ਼ਲ ਸੈੱਲ ਨੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਅੱਤਵਾਦੀ ਸੰਗਠਨ ਨਾਲ ਜੁੜੇ ਆਕਾਸ਼ਦੀਪ ਨਾਮ ਦੇ ਇੱਕ ਆਰੋਪੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਆਕਾਸ਼ਦੀਪ 'ਤੇ ਦਿੱਲੀ ਵਿੱਚ ਬਦਮਾਸ਼ਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਅਤੇ ਬਟਾਲਾ ਵਿੱਚ ਪੁਲਿਸ ਸਟੇਸ਼ਨ 'ਤੇ ਹਮਲੇ ਵਿੱਚ ਸ਼ਾਮਲ ਹੋਣ ਦੇ ਗੰਭੀਰ ਆਰੋਪ ਹਨ।
ਇਸ ਸਮੇਂ ਪੁਲਿਸ ਦੀ ਵਿਸ਼ੇਸ਼ ਟੀਮ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਉਨ੍ਹਾਂ ਦੇ ਨੈੱਟਵਰਕ, ਹਥਿਆਰਾਂ ਦੀ ਸਪਲਾਈ ਚੇਨ ਅਤੇ ਸੰਗਠਨ ਦੇ ਬਾਕੀ ਮੈਂਬਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਇਕੱਠੀ ਕਰਨ ਲਈ ਪੁੱਛਗਿੱਛ ਕਰ ਰਹੀ ਹੈ। ਸੁਰੱਖਿਆ ਏਜੰਸੀਆਂ ਇਸ ਪੂਰੇ ਮਾਡਿਊਲ ਦੀ ਜਾਂਚ ਵਿੱਚ ਰੁੱਝੀਆਂ ਹੋਈਆਂ ਹਨ।
- PTC NEWS