Delhi Rain : ਦਿੱਲੀ ਦੇ ਕਾਲਕਾਜੀ 'ਚ ਮੀਂਹ ਦੌਰਾਨ ਮੋਟਰ ਸਾਈਕਲ 'ਤੇ ਡਿੱਗਿਆ ਦਰੱਖਤ, ਇੱਕ ਵਿਅਕਤੀ ਦੀ ਮੌਤ, ਬੇਟੀ ਜ਼ਖਮੀ
Delhi Rain : ਦਿੱਲੀ ਵਿੱਚ ਹੋ ਰਹੀ ਭਾਰੀ ਬਾਰਿਸ਼ ਨਾਲ ਕਈ ਥਾਵਾਂ 'ਤੇ ਪਾਣੀ ਭਰਨ ਅਤੇ ਟ੍ਰੈਫਿਕ ਜਾਮ ਕਾਰਨ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਦੱਖਣੀ ਦਿੱਲੀ ਦੇ ਕਾਲਕਾਜੀ ਇਲਾਕੇ ਤੋਂ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਆਈ ਹੈ। ਜਾਣਕਾਰੀ ਅਨੁਸਾਰ ਕਾਲਕਾਜੀ ਵਿੱਚ ਭਾਰੀ ਬਾਰਿਸ਼ ਦੌਰਾਨ ਇੱਕ ਵੱਡਾ ਦਰੱਖਤ ਅਚਾਨਕ ਸੜਕ 'ਤੇ ਡਿੱਗ ਗਿਆ। ਬਦਕਿਸਮਤੀ ਨਾਲ ਉਸੇ ਸਮੇਂ ਉੱਥੋਂ ਲੰਘ ਰਿਹਾ ਇੱਕ ਬਾਈਕ ਸਵਾਰ ਇਸ ਦੀ ਲਪੇਟ ਵਿੱਚ ਆ ਗਿਆ।
ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਦਰੱਖਤ 100 ਸਾਲ ਪੁਰਾਣਾ ਸੀ। ਇਸ ਦੇ ਨਾਲ ਹੀ ਉੱਥੋਂ ਲੰਘ ਰਹੀ ਇੱਕ ਕਾਰ ਵੀ ਦਰੱਖਤ ਨਾਲ ਟਕਰਾ ਗਈ ਅਤੇ ਨੁਕਸਾਨੀ ਗਈ। ਹਾਦਸੇ ਵਿੱਚ ਕਾਰ ਸਵਾਰ ਅਤੇ ਬਾਇਕ ਸਵਾਰ ਮਹਿਲਾ ਦਰੱਖਤ ਹੇਠਾਂ ਦੱਬ ਗਏ। ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਜੇਸੀਬੀ ਦੀ ਮਦਦ ਨਾਲ ਦਰੱਖਤ ਦੀ ਜੜ੍ਹ ਨੂੰ ਹਟਾਇਆ ਜਾ ਰਿਹਾ ਹੈ।
ਹਾਦਸੇ ਦਾ ਸੀਸੀਟੀਵੀ ਆਇਆ ਸਾਹਮਣੇ
ਇਸ ਹਾਦਸੇ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਦੋ ਕਰੇਨਾਂ ਦੀ ਮਦਦ ਨਾਲ ਦਰੱਖਤ ਨੂੰ ਸੜਕ ਤੋਂ ਹਟਾ ਦਿੱਤਾ ਗਿਆ। ਪਹਿਲਾਂ ਦਰੱਖਤ ਨੂੰ ਕਟਰ ਨਾਲ ਕੱਟਿਆ ਗਿਆ, ਫਿਰ ਉਨ੍ਹਾਂ ਟੁਕੜਿਆਂ ਨੂੰ ਚੁੱਕ ਕੇ ਵੱਖਰੇ ਤੌਰ 'ਤੇ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਬਾਈਕ ਚਲਾ ਰਹੇ ਸੁਧੀਰ ਕੁਮਾਰ ਦੀ ਮੌਤ ਹੋ ਗਈ ਜਦੋਂ ਕਿ ਉਸਦੀ ਧੀ ਪ੍ਰਿਆ ਇਸ ਸਮੇਂ ਹਸਪਤਾਲ ਵਿੱਚ ਦਾਖਲ ਹੈ। ਸੜਕ 'ਤੇ ਡਿੱਗੇ ਦਰੱਖਤ ਨੂੰ ਹਟਾਉਣ ਅਤੇ ਆਮ ਆਵਾਜਾਈ ਬਹਾਲ ਕਰਨ ਦਾ ਕੰਮ ਜਾਰੀ ਹੈ।
ਦੱਸ ਦੇਈਏ ਕਿ ਵੀਰਵਾਰ ਸਵੇਰ ਤੋਂ ਹੀ ਦਿੱਲੀ-ਐਨਸੀਆਰ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਮੀਂਹ ਕਾਰਨ ਇਹ ਨਿੰਮ ਦਾ ਦਰੱਖਤ ਜੜ੍ਹੋਂ ਉਖੜ ਗਿਆ। ਬਾਈਕ 'ਤੇ ਦਰੱਖਤ ਡਿੱਗਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਾਈਕ 'ਤੇ ਸਵਾਰ ਦੋ ਲੋਕ ਉਸ 'ਤੇ ਡਿੱਗੇ ਦਰੱਖਤ ਨਾਲ ਟਕਰਾ ਗਏ। ਇਸ ਹਾਦਸੇ ਵਿੱਚ ਪਿਤਾ ਅਤੇ ਧੀ ਜ਼ਖਮੀ ਹੋਏ ਸਨ ਪਰ ਪਿਤਾ ਦੀ ਮੌਤ ਹੋ ਗਈ ਹੈ। ਇਹ ਘਟਨਾ ਕਾਲਕਾਜੀ ਦੇ ਏ ਬਲਾਕ ਦੇ ਹੰਸਰਾਜ ਸੇਠੀ ਮਾਰਗ 'ਤੇ ਵਾਪਰੀ।
- PTC NEWS