IAF Officer Nirmal Jit Singh Sekhon ਦਾ Border 2 ’ਚ ਕਿਰਦਾਰ ਨਿਭਾਉਣਗੇ Diljit Dosanjh; ਜਾਣੋ IAF ਦੇ ਇੱਕੋ-ਇੱਕ ਪਰਮਵੀਰ ਚੱਕਰ ਜੇਤੂ ਬਾਰੇ
IAF Officer Nirmal Jit Singh Sekhon : ਫਿਲਮ 'ਬਾਰਡਰ 2' ਦੀ ਸ਼ੂਟਿੰਗ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ ਜਿਸ ਵਿੱਚ ਸੰਨੀ ਦਿਓਲ, ਵਰੁਣ ਧਵਨ ਅਤੇ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਨਿਭਾ ਰਹੇ ਹਨ। ਅਨੁਰਾਗ ਸਿੰਘ ਦੁਆਰਾ ਨਿਰਦੇਸ਼ਤ ਫਿਲਮ 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਇੱਕ ਅਧਿਆਇ ਦਾ ਵਰਣਨ ਕਰਦੀ ਹੈ।
ਹਾਲਾਂਕਿ ਨਿਰਮਾਤਾਵਾਂ ਨੇ ਅਦਾਕਾਰ ਦੀਆਂ ਭੂਮਿਕਾਵਾਂ ਬਾਰੇ ਚੁੱਪੀ ਧਾਰੀ ਹੋਈ ਹੈ। ਪਰ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਇੱਕ ਪੋਡਕਾਸਟ ਵਿੱਚ ਖੁਲਾਸਾ ਕੀਤਾ ਕਿ ਉਹ ਨਿਰਮਲ ਜੀਤ ਸਿੰਘ ਸੇਖੋਂ ਦਾ ਕਿਰਦਾਰ ਨਿਭਾਏਗਾ, ਜੋ ਕਿ ਪਰਮ ਵੀਰ ਚੱਕਰ ਨਾਲ ਸਨਮਾਨਿਤ ਇਕਲੌਤਾ ਭਾਰਤੀ ਹਵਾਈ ਸੈਨਾ ਅਧਿਕਾਰੀ ਹੈ।
ਜਿਸ ਮਗਰੋਂ ਇਹ ਸਾਫ ਹੋ ਗਿਆ ਹੈ ਕਿ ਦਿਲਜੀਤ ਦੋਸਾਂਝ ਦੇਸ਼ ਭਗਤੀ ਵਾਲੀ ਫਿਲਮ ਵਿੱਚ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਅਤੇ ਮਰਨ ਉਪਰੰਤ ਪਰਮ ਵੀਰ ਚੱਕਰ ਪੁਰਸਕਾਰ ਜੇਤੂ ਫਲਾਇੰਗ ਅਫਸਰ ਨਿਰਮਲ ਜੀਤ ਸਿੰਘ ਸੇਖੋਂ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਕੌਣ ਹੈ ਨਿਰਮਲ ਜੀਤ ਸਿੰਘ ਸੇਖੋਂ ?
ਨਿਰਮਲ ਜੀਤ ਸਿੰਘ ਸੇਖੋਂ ਨੇ 1971 ਵਿੱਚ ਭਾਰਤ-ਪਾਕਿ ਜੰਗ ਦੌਰਾਨ ਬਹਾਦਰੀ ਨਾਲ ਸ੍ਰੀਨਗਰ ਏਅਰਬੇਸ ਦਾ ਇਕੱਲੇ ਤੌਰ 'ਤੇ ਬਚਾਅ ਕੀਤਾ, ਪਾਕਿਸਤਾਨੀ ਹਵਾਈ ਸੈਨਾ ਦੇ ਹਮਲੇ ਨੂੰ ਨਾਕਾਮ ਕੀਤਾ। 17 ਜੁਲਾਈ 1943 ਨੂੰ ਪੰਜਾਬ ਦੇ ਲੁਧਿਆਣਾ ਵਿੱਚ ਜਨਮੇ ਇਸ ਬਹਾਦਰ ਅਧਿਕਾਰੀ ਨੇ 26 ਸਾਲ ਦੀ ਉਮਰ ਵਿੱਚ ਆਪਣੇ ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।
14 ਦਸੰਬਰ, 1971 ਦਾ ਭਿਆਨਕ ਦਿਨ
ਦੱਸ ਦਈਏ ਕਿ ਇਹ 14 ਦਸੰਬਰ, 1971 ਦਾ ਭਿਆਨਕ ਦਿਨ ਸੀ ਜਦੋਂ ਪਾਕਿਸਤਾਨ ਨੇ ਅੰਮ੍ਰਿਤਸਰ, ਪਠਾਨਕੋਟ ਅਤੇ ਸ੍ਰੀਨਗਰ ਦੇ ਮੁੱਖ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ। ਭਾਰਤੀ ਹਵਾਈ ਸੈਨਾ ਦੇ 18 ਸਕੁਐਡਰਨ ਦੀ ਇੱਕ ਟੁਕੜੀ ਨੂੰ ਸ੍ਰੀਨਗਰ ਦੀ ਹਵਾਈ ਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਸੇਖੋਂ ਵੀ ਇਸ ਸਕੁਐਡਰਨ ਦਾ ਹਿੱਸਾ ਸੀ।
ਹਵਾ ਵਿੱਚ ਆਪਣੀ ਸ਼ਾਨਦਾਰ ਚਾਲ-ਚਲਣ ਯੋਗਤਾ ਦੇ ਕਾਰਨ ਸਕੁਐਡਰਨ ਨੂੰ ਫਲਾਇੰਗ ਬੁਲੇਟਸ ਵਜੋਂ ਜਾਣਿਆ ਜਾਂਦਾ ਸੀ। ਸੇਖੋਂ ਫਲਾਈਟ ਲੈਫਟੀਨੈਂਟ ਬਲਧੀਰ ਸਿੰਘ ਘੁੰਮਣ ਦੇ ਨਾਲ ਧੁੰਦ ਵਾਲੇ ਸ੍ਰੀਨਗਰ ਏਅਰਬੇਸ 'ਤੇ ਸਟੈਂਡ ਬਾਏ ਡਿਊਟੀ 'ਤੇ ਸੀ।
ਉਸ ਸਵੇਰ ਤੋਂ ਪਹਿਲਾਂ ਪਾਕਿਸਤਾਨੀ ਹਵਾਈ ਸੈਨਾ ਦੇ ਛੇ ਐਫ-86 ਸੈਬਰ ਜੈੱਟ ਲੜਾਕੂ ਜਹਾਜ਼ਾਂ ਨੇ ਸ਼੍ਰੀਨਗਰ ਏਅਰਬੇਸ ਨੂੰ ਨਿਸ਼ਾਨਾ ਬਣਾਉਣ ਦੇ ਉਦੇਸ਼ ਨਾਲ ਪੇਸ਼ਾਵਰ ਤੋਂ ਉਡਾਣ ਭਰੀ। ਟੀਮ ਦੀ ਅਗਵਾਈ 1965 ਦੇ ਯੁੱਧ ਦੇ ਤਜਰਬੇਕਾਰ, ਵਿੰਗ ਕਮਾਂਡਰ ਚੰਗਾਜ਼ੀ ਕਰ ਰਹੇ ਸੀ, ਜਿਸ ਵਿੱਚ ਫਲਾਈਟ ਲੈਫਟੀਨੈਂਟ ਦੋਤਾਨੀ, ਅੰਦਰਾਬੀ, ਮੀਰ, ਬੇਗ ਅਤੇ ਯੂਸਫ਼ਜ਼ਈ ਵਿੰਗ ਮੈਨ ਸੀ। ਸਰਦੀਆਂ ਦੀ ਧੁੰਦ ਦੀ ਪਿੱਠਭੂਮੀ 'ਤੇ, ਸੈਬਰਾਂ ਨੇ ਬਿਨਾਂ ਕਿਸੇ ਧਿਆਨ ਦੇ ਸਰਹੱਦ ਪਾਰ ਕਰ ਲਈ।
'ਜੀ-ਮੈਨ' ਘੁੰਮਣ ਅਤੇ 'ਬ੍ਰਦਰ' ਸੇਖੋਂ ਨੇ ਲਿਆ ਇਹ ਫੈਸਲਾ
'ਜੀ-ਮੈਨ' ਘੁੰਮਣ ਅਤੇ 'ਬ੍ਰਦਰ' ਸੇਖੋਂ ਤੁਰੰਤ ਆਪਣੇ ਗਨੇਟ ਜਹਾਜ਼ਾਂ ਵੱਲ ਭੱਜੇ ਅਤੇ ਉਨ੍ਹਾਂ ਨੂੰ ਹੈਂਗਰ ਤੋਂ ਬਾਹਰ ਕੱਢਿਆ ਅਤੇ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕਰਨ ਅਤੇ ਉਡਾਣ ਭਰਨ ਦੀ ਇਜਾਜ਼ਤ ਲੈਣ ਦੀ ਕੋਸ਼ਿਸ਼ ਕੀਤੀ। ਪਰ ਰੇਡੀਓ ਫ੍ਰੀਕੁਐਂਸੀ ਦੇ ਮੇਲ ਨਾ ਖਾਣ ਕਾਰਨ, ਉਹ ATC ਨਾਲ ਸੰਪਰਕ ਨਹੀਂ ਕਰ ਸਕੇ ਅਤੇ ਉਡਾਣ ਭਰਨ ਦਾ ਫੈਸਲਾ ਕੀਤਾ।
ਅਸਮਾਨ ਵਿੱਚ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ, ਘੁੰਮਣ ਨੇ ਧੁੰਦ ਕਾਰਨ ਘੱਟ ਦਿਖਣ ਕਾਰਨ ਸੇਖੋਂ ਦੇ ਗਨੈਟ ਨੂੰ ਆਪਣੀ ਨਜ਼ਰ ਤੋਂ ਗੁਆ ਦਿੱਤਾ।
ਸੇਖੋਂ ਨੇ ਕੀਤਾ ਛੇ ਸੈਬਰ ਜਹਾਜ਼ਾਂ ਦਾ ਸਾਹਮਣਾ
ਸੇਖੋਂ ਹੁਣ ਛੇ ਸੈਬਰ ਜਹਾਜ਼ਾਂ ਦਾ ਸਾਹਮਣਾ ਕਰ ਰਹੇ ਸੀ ਅਤੇ ਇਸ ਤੋਂ ਬਾਅਦ ਹਵਾਈ ਯੁੱਧ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਡੌਗਫਾਈਟਾਂ ਵਿੱਚੋਂ ਇੱਕ ਸੀ। ਯੁੱਧ ਦੀ ਸਭ ਤੋਂ ਭਿਆਨਕ ਹਵਾਈ ਲੜਾਈ ਹੋਈ।
ਸ਼੍ਰੀਨਗਰ ਏਅਰਬੇਸ ਦੀ ਰੱਖਿਆ ਕਰਨ ਲਈ ਬੇਤਾਬ, ਸੇਖੋਂ ਨੇ ਇਕੱਲੇ ਹੀ ਛੇ ਦੁਸ਼ਮਣ ਜਹਾਜ਼ਾਂ F-86 ਨੂੰ ਟੱਕਰ ਦਿੱਤੀ। ਉਨ੍ਹਾਂ ਨੇ ਪਹਿਲੇ ਜਹਾਜ਼ ਨੂੰ ਮਾਰ ਦਿੱਤਾ ਅਤੇ ਦੂਜੇ ਨੂੰ ਦਰੱਖਤਾਂ ਦੀਆਂ ਚੋਟੀਆਂ ਉੱਤੇ ਇੱਕ ਡੌਗਫਾਈਟ ਵਿੱਚ ਨੁਕਸਾਨ ਪਹੁੰਚਾਇਆ। ਫਿਰ ਉਨ੍ਹਾਂ ਨੇ ਦੋ ਹੋਰ ਜਹਾਜ਼ਾਂ ਨਾਲ ਮੁਕਾਬਲਾ ਕੀਤਾ ਇਸ ਤੋਂ ਪਹਿਲਾਂ ਕਿ ਉਨ੍ਹਾਂ ਦਾ ਗਨੈਟ ਜਹਾਜ਼ ਘਾਤਕ ਤੌਰ 'ਤੇ ਨੁਕਸਾਨਿਆ ਗਿਆ ਅਤੇ ਬਡਗਾਮ ਦੇ ਨੇੜੇ ਇੱਕ ਖਾਈ ਵਿੱਚ ਡਿੱਗ ਗਿਆ। ਜਿਸ ਸਮੇਂ ਉਹ ਸ਼ਹੀਦ ਹੋਏ ਉਹ ਸਿਰਫ਼ 26 ਸਾਲਾਂ ਦੇ ਸੀ।
ਨਿਰਮਲਜੀਤ ਸਿੰਘ ਸੇਖੋਂ ਕਦੇ ਵਾਪਸ ਨਹੀਂ ਆਏ, ਪਰ ਉਨ੍ਹਾਂ ਨੇ ਭਾਰਤ ਦੇ ਹਵਾਈ ਯੁੱਧ ਦੇ ਅਧਿਆਵਾਂ ਵਿੱਚ ਇੱਕ ਅਮਿੱਟ ਛਾਪ ਛੱਡੀ।
ਇਹ ਵੀ ਪੜ੍ਹੋ : Panchayat ਅਦਾਕਾਰ ਆਸਿਫ਼ ਖਾਨ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ਦਾਖਲ
- PTC NEWS