Gurdaspur News : ਪਿੰਡ ਵੜੈਚ 'ਚ ਮਾਮੂਲੀ ਝਗੜੇ ਦੌਰਾਨ ਨੌਜਵਾਨ ਦੀ ਮੌਤ, ਪਰਿਵਾਰ ਨੇ ਪਿੰਡ ਦੇ ਦੋ ਵਿਅਕਤੀਆਂ 'ਤੇ ਲਾਏ ਇਲਜ਼ਾਮ
Gurdaspur News : ਗੁਰਦਾਸਪੁਰ ਦੇ ਪੁਲਿਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਵੜੈਚ ਵਿੱਚ ਇੱਕ ਮਜ਼ਦੂਰ ਨੌਜਵਾਨ ਦੀ ਭੇਤਭਰੇ ਹਾਲਤ ਵਿੱਚ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਾ ਮਸੀਹ ਪੁੱਤਰ ਬਿੱਟੂ ਮਸੀਹ, ਜੋ ਕਿ ਪਿੰਡ ਵਿੱਚ ਹੀ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਬੀਤੀ ਰਾਤ ਨੂੰ ਉਸ ਦਾ ਪਿੰਡ ਦੇ ਹੀ ਦੋ ਵਿਅਕਤੀਆਂ ਨਾਲ ਝਗੜਾ ਹੋਇਆ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਹੀ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ। ਪਹਿਲਾਂ ਇਹਨਾਂ ਵੱਲੋਂ ਮ੍ਰਿਤਕ ਨੌਜਵਾਨ ਰਾਜਾ ਦੀ ਬੁਰੀ ਤਰ੍ਹਾਂ ਨਾਲ ਬੇਸਬਾਲ ਅਤੇ ਹੋਰ ਹਥਿਆਰਾਂ ਨਾਲ ਮਾਰ ਕੁਟਾਈ ਕੀਤੀ ਗਈ ਤੇ ਫਿਰ ਘਰ ਆ ਕੇ ਉਸ ਦੇ ਨਾਲ ਉਸਦੇ ਭਰਾ ਅਤੇ ਉਸ ਦੀ ਪਤਨੀ ਨੂੰ ਵੀ ਕੁੱਟਿਆ ਗਿਆ।
ਮੌਕੇ 'ਤੇ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਉਸਦੇ ਘਰ ਅਤੇ ਘਰ ਦੇ ਬਾਹਰ ਇਕੱਠੇ ਹੋਏ ਸਨ। ਇਸ ਤੋਂ ਇਲਾਵਾ ਥਾਣਾ ਕਾਹਨੂੰਵਾਨ ਦੀ ਪੁਲਿਸ ਦੇ ਮੁਖੀ ਗੁਰਨਾਮ ਸਿੰਘ ਅਤੇ ਹੋਰ ਤਫਤੀਸ਼ੀ ਅਫਸਰ ਅਤੇ ਪੁਲਿਸ ਬਲ ਹਾਜ਼ਰ ਸੀ ਪਰ ਫਿਲਹਾਲ ਪੁਲਿਸ ਨੇ ਮਾਮਲੇ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।
ਨੌਜਵਾਨ ਦੀ ਪਤਨੀ ਤੇ ਭਰਾ ਨੇ ਲਾਏ ਇਲਜ਼ਾਮ
ਮ੍ਰਿਤਕ ਦੀ ਪਤਨੀ ਰਿਬਕਾ ਅਤੇ ਭਰਾ ਸਾਬੀ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਪਿੰਡ ਦੇ ਹੀ ਦੋ ਨੌਜਵਾਨਾਂ ਨੇ ਮ੍ਰਿਤਕ ਰਾਜਾ ਨਾਲ ਝਗੜਾ ਕੀਤਾ। ਇਸ ਉਪਰੰਤ ਇਹਨਾਂ ਵਿਅਕਤੀਆਂ ਨੇ ਉਸਦੇ ਘਰ ਵਿੱਚ ਦਾਖਲ ਹੋ ਕੇ ਜਿੱਥੇ ਰਾਜਾ ਮਸੀਹ ਦੀ ਭਾਰੀ ਕੁੱਟਮਾਰ ਵੀ ਕੀਤੀ ਉਸ ਦੇ ਨਾਲ ਉਸਦੀ ਪਤਨੀ ਰਿਬਕਾ ਨੂੰ ਵੀ ਇਹਨਾਂ ਵਿਅਕਤੀਆਂ ਨੇ ਆਪਣੀ ਕੁੱਟ ਮਾਰ ਦਾ ਸ਼ਿਕਾਰ ਬਣਾਇਆ। ਰਿਬਕਾ ਨੇ ਰਾਤ ਵਾਲੀ ਸਾਰੀ ਵਾਰਦਾਤ ਤੋਂ ਇਲਾਵਾ ਉਹਨਾਂ ਵਿਅਕਤੀਆਂ ਵੱਲੋਂ ਰਿਬਕਾ ਉੱਪਰ ਮਾਰੀਆਂ ਸੱਟਾਂ ਦੇ ਨਿਸ਼ਾਨ ਵੀ ਦੱਸੇ।
ਰਿਬਕਾ ਨੇ ਕਿਹਾ ਕਿ ਪਿਛਲੇ ਸਾਲ ਵੀ ਇਹਨਾਂ ਵਿਅਕਤੀਆਂ ਨੇ ਰਾਜਾ ਮਸੀਹ ਦੀ ਕੁੱਟਮਾਰ ਕਰਦੇ ਹੋਏ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ ਅਤੇ ਬੀਤੀ ਰਾਤ ਨੂੰ 8 ਵਜੇ ਦੇ ਕਰੀਬ ਘਰ ਦੇ ਵਿੱਚ ਦਾਖਲ ਹੋ ਕੇ ਫਿਰ ਤੋਂ ਰਾਜਾ ਮਸੀਹ ਅਤੇ ਉਸਦੀ ਪਤਨੀ ਨਾਲ ਕੁੱਟਮਾਰ ਕੀਤੀ। ਕੁੱਟਮਾਰ ਕਾਰਨ ਹੀ ਰਾਜਾ ਮਸੀਹ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਜਿਸ ਦੇ ਚਲਦਿਆਂ ਉਸ ਦੀ ਦਿਨ ਚੜਨ ਤੱਕ ਮੌਤ ਹੋ ਗਈ।
ਮੌਕੇ 'ਤੇ ਪਹੁੰਚੀ ਪੁਲਿਸ, ਜਾਂਚ ਕੀਤੀ ਸ਼ੁਰੂ
ਦੂਜੇ ਪਾਸੇ ਪੁਲਿਸ ਵੱਲੋ ਉਸ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਗੁਰਦਾਸਪੁਰ ਭੇਜ ਦਿੱਤਾ ਹੈ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਫਿਲਹਾਲ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦਰਜ ਨਹੀਂ ਕੀਤੇ ਗਏ ਹਨ। ਪਰ ਜਲਦੀ ਹੀ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- PTC NEWS