Fatehgarh Sahib News : ਨਵੇਂ-ਵਿਆਹੇ ਜੋੜੇ ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ, ਵਿਆਹੁਤਾ ਦੀ ਹੋਈ ਮੌਤ ਅਤੇ ਲੜਕਾ ਗੰਭੀਰ ਜ਼ਖਮੀ
Fatehgarh Sahib News : ਫ਼ਤਹਿਗੜ੍ਹ ਸਾਹਿਬ ਵਿਖੇ ਇਕ ਰੂਹ ਕੰਬਾਊ ਹਾਦਸਾ ਵਾਪਰਿਆ ਹੈ। ਜਿਸ ਵਿੱਚ ਨਵੇਂ ਵਿਆਹੇ ਜੋੜੇ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਵਿੱਚ ਨਵ-ਵਿਆਹੀ ਦੁਲਹਨ ਦੀ ਮੌਤ ਹੋ ਗਈ ਅਤੇ ਲਾੜਾ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ 'ਚ ਜ਼ੇਰੇ ਇਲਾਜ ਹੈ। ਇਹ ਹਾਦਸਾ ਦਰਖਤ ਨਾਲ ਕਾਰ ਟਕਰਾਉਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਡਾਲੀ ਆਲਾ ਸਿੰਘ ਦੇ ਐਸਐਚਓ ਹਰਕੀਰਤ ਸਿੰਘ ਨੇ ਦੱਸਿਆ ਕੀ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮਾਨੂੰਪੁਰ ਤੋਂ ਬੁਲਾੜੇ ਵਾਲੇ ਰੋਡ 'ਤੇ ਇੱਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ਵਿੱਚ ਲੜਕੀ ਅਮਰਦੀਪ ਕੌਰ ਦੀ ਮੌਤ ਹੋ ਗਈ ਅਤੇ ਗੁਰਮੁਖ ਸਿੰਘ ਦਾ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਦੱਸ ਦਈਏ ਕਿ ਇਸ ਜੋੜੇ ਦਾ ਵਿਆਹ ਇਸੇ ਹਫਤੇ ਐਤਵਾਰ ਨੂੰ ਹੋਇਆ ਸੀ। ਇਸ ਕਾਰ ਵਿੱਚ 21 ਵਰ੍ਹਿਆਂ ਦਾ ਨਵਾਂ ਵਿਆਹਾ ਜੋੜਾ (ਗੁਰਮੁਖ ਸਿੰਘ ਅਤੇ ਅਮਰਦੀਪ ਕੌਰ) ਸਵਾਰ ਸੀ। ਹਾਦਸੇ ਦੇ ਜ਼ਿਆਦਾ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਹਾਦਸੇ ਤੋਂ ਬਾਅਦ ਦੋਵਾਂ ਪਰਿਵਾਰਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ।
- PTC NEWS