Patiala ਦੇ ਸਟਰੀਟ ਕਲੱਬ 'ਚ ਬਾਊਂਸਰਾਂ 'ਤੇ ਫਾਇਰਿੰਗ, ਗੋਲੀ ਲੱਗਣ ਕਾਰਨ ਇੱਕ ਬਾਊਂਸਰ ਜ਼ਖਮੀ, ਡੀਜੇ ਬੰਦ ਕਰਨ ਨੂੰ ਲੈ ਕੇ ਹੋਇਆ ਵਿਵਾਦ
Patiala News : ਪਟਿਆਲਾ ਦੇ ਸਟਰੀਟ ਕਲੱਬ ਵਿੱਚ ਦੇਰ ਰਾਤ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਹ ਝਗੜਾ ਡੀਜੇ ਚਲਾਉਣ ਨੂੰ ਲੈ ਕੇ ਹੋਇਆ ਸੀ। ਸਮਾਂ ਖਤਮ ਹੋਣ ਤੋਂ ਬਾਅਦ ਜਦੋਂ ਬਾਊਂਸਰਾਂ ਨੇ ਡੀਜੇ ਚਲਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਬਦਮਾਸ਼ਾਂ ਨੇ ਪਿਸਤੌਲ ਕੱਢ ਕੇ ਫਾਇਰਿੰਗ ਕਰ ਦਿੱਤੀ। ਗੋਲੀ ਲੱਗਣ ਕਾਰਨ ਕਲੱਬ ਦਾ ਇੱਕ ਬਾਊਂਸਰ ਜ਼ਖਮੀ ਹੋ ਗਿਆ। ਘਟਨਾ ਦਾ ਸੀਸੀਟੀਵੀ ਸਾਹਮਣੇ ਆਇਆ ਹੈ। ਜਿਸ ਵਿੱਚ ਆਰੋਪੀ ਸਾਫ਼ ਦੇਖੇ ਜਿਸ ਸਕਦੇ ਹਨ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਆਰੋਪੀਆਂ ਦੀ ਪਛਾਣ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਕਲੱਬ ਵਿੱਚ ਡੀਜੇ ਵਜਾਉਣ ਦਾ ਸਮਾਂ ਰਾਤ 11 ਵਜੇ ਖਤਮ ਹੋ ਚੁੱਕਾ ਸੀ। ਜਿਸ ਤੋਂ ਬਾਅਦ ਕਲੱਬ ਵਿੱਚ ਡੀਜੇ ਚਲਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਪਰ ਕਲੱਬ ਵਿੱਚ ਮੌਜੂਦ 4 ਬਦਮਾਸ਼ ਨੌਜਵਾਨਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਕਲੱਬ ਦੀ ਸੁਰੱਖਿਆ ਲਈ ਰੱਖੇ ਬਾਊਂਸਰਾਂ ਨੇ ਨੌਜਵਾਨਾਂ ਨੂੰ ਸਮਝਾਉਣ ਅਤੇ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ। ਸੀਸੀਟੀਵੀ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਨੌਜਵਾਨ ਕਲੱਬ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਪਿਸਤੌਲ ਕੱਢੀ ਅਤੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਬਾਊਂਸਰ ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹੋ ਗਿਆ, ਉਹ ਕਲੱਬ ਦੇ ਬਾਹਰ ਐਂਟਰੀ ਦਾ ਕੰਮ ਕਰਦਾ ਸੀ। ਇਸ ਦੌਰਾਨ ਬਦਮਾਸ਼ਾਂ ਨੇ ਕੁੱਲ 4 ਗੋਲੀਆਂ ਚਲਾਈਆਂ। ਪਹਿਲੀ ਗੋਲੀ ਨੌਜਵਾਨ ਦੀ ਬਾਂਹ ਵਿੱਚ ਲੱਗੀ, ਜਿਸ ਤੋਂ ਬਾਅਦ ਬਾਊਂਸਰ ਹੇਠਾਂ ਡਿੱਗ ਪਿਆ। ਇਸ ਤੋਂ ਬਾਅਦ ਵੀ ਆਰੋਪੀਆਂ ਨੇ ਫਾਇਰਿੰਗ ਬੰਦ ਨਹੀਂ ਕੀਤੀ ਪਰ ਇੱਕ ਗੋਲੀ ਅੰਦਰ ਹੀ ਫਟ ਗਈ। ਇਸ ਦੌਰਾਨ ਬਾਊਂਸਰ ਉੱਠ ਕੇ ਭੱਜ ਗਿਆ, ਫਿਰ ਹਮਲਾਵਰਾਂ ਨੇ ਦੋ ਹੋਰ ਗੋਲੀਆਂ ਚਲਾਈਆਂ। ਇੱਕ ਗੋਲੀ ਨੌਜਵਾਨ ਦੇ ਪੇਟ ਨੂੰ ਛੂਹ ਕੇ ਨਿਕਲ ਗਈ, ਜਦੋਂ ਕਿ ਦੂਜੀ ਗੋਲੀ ਕੰਧ ਵਿੱਚ ਜਾ ਵੱਜੀ।
ਜਾਣਕਾਰੀ ਅਨੁਸਾਰ ਇਹ ਚਾਰੇ ਬਦਮਾਸ਼ ਇੱਕ ਥਾਰ ਕਾਰ ਵਿੱਚ ਕਲੱਬ ਪਹੁੰਚੇ ਸਨ। ਕਲੱਬ ਦੇ ਮਾਲਕ ਨੂੰ ਕਿਸੇ ਜਾਣਕਾਰ ਦਾ ਫੋਨ ਆਇਆ ਸੀ ਅਤੇ ਉਸੇ ਦੇ ਰਿਫੈਂਸ ਦੇ ਆਧਾਰ 'ਤੇ ਨੌਜਵਾਨਾਂ ਨੂੰ ਕਲੱਬ ਵਿੱਚ ਐਂਟਰੀ ਮਿਲੀ ਸੀ। ਪੁਲਿਸ ਜਾਣਕਾਰ ਨਾਲ ਵੀ ਗੱਲ ਕਰ ਰਹੀ ਹੈ ਅਤੇ ਮੁਲਜ਼ਮਾਂ ਬਾਰੇ ਪੁੱਛਗਿੱਛ ਕਰ ਰਹੀ ਹੈ।
ਪੁਲਿਸ ਨੇ ਸੀਸੀਟੀਵੀ ਦੇ ਆਧਾਰ 'ਤੇ ਸ਼ੁਰੂ ਕੀਤੀ ਕਾਰਵਾਈ
ਘਟਨਾ ਤੋਂ ਬਾਅਦ ਜ਼ਖਮੀ ਬਾਊਂਸਰ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਲਾਜ ਤੋਂ ਬਾਅਦ ਜ਼ਖਮੀ ਦੀ ਹਾਲਤ ਸਥਿਰ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹੈ। ਇਸ ਦੇ ਨਾਲ ਹੀ ਪੁਲਿਸ ਨੇ ਸੀਸੀਟੀਵੀ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਵਿੱਚ ਨੌਜਵਾਨਾਂ ਦੇ ਚਿਹਰੇ ਦਿਖਾਈ ਦੇ ਰਹੇ ਹਨ, ਉਨ੍ਹਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।
- PTC NEWS