Phagwara Firing Case : ਫਗਵਾੜਾ ਦੇ ਪਿੰਡ ਬੋਹਾਨੀ 'ਚ ਸਰਪੰਚ ਦੀ ਦੁਕਾਨ 'ਤੇ ਹਮਲਾਵਰਾਂ ਨੇ ਕੀਤੀ ਫਾਇਰਿੰਗ , 6 ਖੋਲ ਹੋਏ ਬਰਾਮਦ
Phagwara Firing Case : ਫਗਵਾੜਾ ਦੇ ਪਿੰਡ ਬੋਹਾਨੀ 'ਚ ਬੀਤੀ ਦੇਰ ਰਾਤ ਅਣਪਛਾਤੇ ਬਾਈਕ ਸਵਾਰਾਂ ਨੇ ਪਿੰਡ ਦੇ ਮੌਜੂਦਾ ਸਰਪੰਚ ਭੁਪਿੰਦਰ ਸਿੰਘ ਦੀ ਦੁੱਧ ਦੀ ਡੇਅਰੀ 'ਤੇ 6 ਰਾਊਂਡ ਫਾਇਰਿੰਗ ਕੀਤੀ ਹੈ। ਬਦਮਾਸ਼ਾਂ ਨੇ ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਚਲਾਈਆਂ। ਗੋਲੀਆਂ ਚੱਲਣ ਦੀ ਇਹ ਘਟਨਾ ਨੇੜਲੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਜਦੋਂ ਸਰਪੰਚ ਭੁਪਿੰਦਰ ਸਿੰਘ ਕੋਲੋਂ ਇਸ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਸਨੂੰ ਨਹੀਂ ਪਤਾ ਕਿ ਗੋਲੀਆਂ ਕਿਸਨੇ ਚਲਾਈਆਂ ਜਾਂ ਕਿਉਂ। ਪਹਿਲਾਂ ਕਦੇ ਵੀ ਅਜਿਹੀ ਘਟਨਾ ਨਹੀਂ ਵਾਪਰੀ। ਸਰਪੰਚੀ ਦੀਆਂ ਚੋਣਾਂ ਦੌਰਾਨ ਵੀ ਮਾਹੌਲ ਸ਼ਾਂਤ ਸੀ। ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਹ ਸਰਪੰਚੀ ਦੇ ਨਾਲ -ਨਾਲ ਦੁੱਧ ਦਾ ਕਾਰੋਬਾਰ ਕਰਦਾ ਹੈ। ਉਹ ਹਰ ਰੋਜ਼ ਸਵੇਰੇ ਪਿੰਡ ਜਾ ਕੇ ਦੁੱਧ ਇਕੱਠਾ ਕਰਦਾ ਹੈ।
ਇਸ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਉਸਦਾ ਪੁੱਤਰ ਵੀਰਵਾਰ ਸਵੇਰੇ ਡੇਅਰੀ 'ਤੇ ਪਹੁੰਚਿਆ। ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਿੱਚ ਇੱਕ ਦੁੱਧ ਦੀ ਡੇਅਰੀ ਚਲਾਉਂਦਾ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਸ਼ਟਰ ਵਿੱਚ ਛੇਕ ਸਨ। ਕੁਝ ਖਾਲੀ ਗੋਲੀਆਂ ਦੇ ਖੋਲ ਵੀ ਜ਼ਮੀਨ 'ਤੇ ਪਏ ਸਨ। ਸ਼ਟਰ ਵਿੱਚ ਚਾਰ ਗੋਲੀਆਂ ਲੱਗੀਆਂ ਸਨ ਅਤੇ ਡੇਅਰੀ ਦੇ ਨੇੜੇ ਦੋ ਮਿਸਫਾਇਰ ਗੋਲੀਆਂ ਵੀ ਪਈਆਂ ਸਨ। ਬਾਅਦ ਵਿੱਚ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ।
ਇਸ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕੀ ਸੀਸੀਟੀਵੀ ਕੈਮਰਿਆਂ ਵਿੱਚ ਨਜ਼ਰ ਆ ਰਹੇ ਵਿਅਕਤੀਆਂ ਨੇ ਮੂੰਹ ਬੰਨੇ ਹੋਏ ਹਨ। ਐਸਐਚਓ ਮੇਜਰ ਸਿੰਘ ਨੇ ਦੱਸਿਆ ਕਿ ਮੌਕੇ 'ਤੇ 6 ਖੋਲ ਬਰਾਮਦ ਕੀਤੇ ਗਏ ਹਨ। ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਗਈ ਹੈ ਅਤੇ ਬਦਮਾਸ਼ਾਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।
ਥਾਣਾ ਰਾਵਲਪਿੰਡੀ ਦੇ SHO ਮੇਜਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ। ਮੁਲਜ਼ਮਾਂ ਦਾ ਪਤਾ ਲਗਾਉਣ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। SHO ਮੇਜਰ ਸਿੰਘ ਨੇ ਕਿਹਾ ਕਿ ਇਲਾਕੇ ਦੇ ਸੀਸੀਟੀਵੀ ਫੁਟੇਜ ਤੋਂ ਸੁਰਾਗ ਮਿਲੇ ਹਨ। ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
- PTC NEWS