Ghaggar River Alert : ਘੱਗਰ ਦਾ ਪਾਣੀ ਚੜ੍ਹਨ ਕਾਰਨ ਪਟਿਆਲਾ -ਰਾਜਪੁਰਾ ਦੇ ਦਰਜਨਾਂ ਪਿੰਡਾਂ ’ਚ ਅਲਰਟ ਜਾਰੀ
Ghaggar River Alert : ਪਟਿਆਲਾ ਪ੍ਰਸ਼ਾਸਨ ਨੇ ਘੱਗਰ ਨਦੀ ਦੇ ਨੇੜੇ ਇੱਕ ਦਰਜਨ ਤੋਂ ਵੱਧ ਪਿੰਡਾਂ ਲਈ ਐਡਵਾਇਜ਼ਰੀ ਜਾਰੀ ਕਰਦਿਆਂ ਉਨ੍ਹਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ’ਤੇ ਪਹੁੰਚਣ ਕਾਰਨ ਪਿੰਡ ਵਾਸੀਆਂ ਨੂੰ ਰਾਜਪੁਰਾ, ਘਨੌਰ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਨਦੀ ਵੱਲ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ।
ਇਸ ਦੌਰਾਨ ਪਟਿਆਲਾ ਦੀ ਡੀਸੀ ਪ੍ਰੀਤੀ ਯਾਦਵ ਨੇ ਨਾਗਰਿਕਾਂ ਨੂੰ ਸ਼ਾਂਤ ਰਹਿਣ, ਅਫਵਾਹਾਂ ਫੈਲਾਉਣ ਤੋਂ ਬਚਣ ਅਤੇ ਪਾਣੀ ਨਾਲ ਸਬੰਧਤ ਕਿਸੇ ਵੀ ਐਮਰਜੈਂਸੀ ਦੀ ਤੁਰੰਤ ਸੂਚਨਾ ਜ਼ਿਲ੍ਹਾ ਕੰਟਰੋਲ ਰੂਮ ਦੇ ਨੰਬਰ 0175-2350550 ’ਤੇ ਦੇਣ ਦੀ ਅਪੀਲ ਕੀਤੀ ਹੈ। ਐਸ. ਡੀ. ਐਮ. ਰਾਜਪੁਰਾ ਅਵਿਕੇਸ਼ ਗੁਪਤਾ ਵਲੋਂ ਵੀ ਜਾਰੀ ਸਲਾਹ ਮੁਤਾਬਕ ਪਿੰਡ ਊਂਟਸਰ, ਨਨਹੇੜੀ, ਸੰਜਰਪੁਰ, ਲਾਛੜੂ, ਕਮਾਲਪੁਰ, ਰਾਮਪੁਰ, ਸੌਂਟਾ, ਮਾੜੂ ਅਤੇ ਚਮਾਰੂ ਸਮੇਤ ਨੇੜਲੇ ਇਲਾਕਿਆਂ ਦੇ ਵਸਨੀਕ ਸੂਚੇਤ ਰਹਿਣ ਤੇ ਘੱਗਰ ਨੇੜੇ ਨਾ ਜਾਣ।
ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿਚ ਮੀਂਹ ਕਾਰਨ ਬਿਆਸ ਅਤੇ ਸਤਲੁਜ ਵਿਚ ਪਾਣੀ ਦਾ ਪੱਧਰ ਵੀ ਵਧ ਰਿਹਾ ਹੈ। ਹਰੀਕੇ ਹੈੱਡ ਤੋਂ ਹੁਸੈਨੀਵਾਲਾ ਹੈੱਡ ਲਈ 20 ਹਜ਼ਾਰ ਤੋਂ 25 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਹੁਸੈਨੀਵਾਲਾ ਹੈੱਡ ਤੋਂ ਤਿੰਨ ਜਾਂ ਚਾਰ ਗੇਟ ਖੋਲ੍ਹ ਕੇ ਪਾਣੀ ਛੱਡਿਆ ਜਾ ਰਿਹਾ ਹੈ, ਜੋ ਫਾਜ਼ਿਲਕਾ ਵੱਲ ਜਾਵੇਗਾ।
ਦੱਸ ਦੇਈਏ ਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਪਿਛਲੇ 24 ਘੰਟਿਆਂ ਤੋਂ ਪਾਣੀ ਵਧ ਰਿਹਾ ਹੈ। ਹਿਮਾਚਲ ਦੇ ਪਹਾੜੀ ਇਲਾਕੇ ਅਤੇ ਚੰਡੀਗੜ੍ਹ ਦੇ ਆਸ ਪਾਸ ਦੇ ਇਲਾਕਿਆਂ 'ਚ ਪੈਣ ਵਾਲੇ ਮੀਂਹ ਦਾ ਪਾਣੀ ਘੱਗਰ ਦਰਿਆ ਵਿੱਚ ਆਉਂਦਾ ਹੈ। ਦਰਿਆ ਹਰ ਮਾਨਸੂਨ ਵਿੱਚ ਇਲਾਕਾ ਵਾਸੀਆਂ ਲਈ ਡਰ ਦਾ ਕਾਰਨ ਬਣਦਾ ਹੈ। ਕਿਸੇ ਸਮੇਂ ਇਸ ਦਰਿਆ ਨੂੰ ਇਲਾਕੇ ਦੇ ਕਿਸਾਨਾਂ ਲਈ ਵਰਦਾਨ ਮੰਨਿਆ ਜਾਂਦਾ ਸੀ ਪਰ ਸਾਲਾਨਾ ਹੜ੍ਹਾਂ ਕਾਰਨ ਇਹ ਹੌਲੀ-ਹੌਲੀ ਇਹ ਸਹਿਮ ਦਾ ਕਾਰਨ ਬਣ ਗਿਆ ਹੈ।
ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਹੋ ਰਹੀ ਬਾਰਿਸ਼ ਕਾਰਨ ਡੈਮਾਂ ਵਿਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਹਾਲਾਤ ਅਜਿਹੇ ਹਨ ਕਿ ਕਾਂਗੜਾ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਵਿਚ ਬਿਆਸ ਦਰਿਆ ਉਤੇ ਬਣੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਸਿਰਫ਼ 24 ਘੰਟਿਆਂ ਵਿੱਚ ਤਿੰਨ ਫੁੱਟ ਵੱਧ ਗਿਆ ਹੈ। ਅੱਜ ਇਥੇ ਵੀ ਗੇਟ ਖੋਲ੍ਹਣ ਦੀ ਤਿਆਰੀ ਹੈ। ਇਥੇ ਪ੍ਰਸ਼ਾਸਨ ਨੇ ਨੀਵੇਂ ਇਲਾਕਿਆਂ ਲਈ ਅਲਰਟ ਜਾਰੀ ਕਰ ਦਿੱਤਾ ਹੈ। ਉਧਰ, ਪੰਜਾਬ ਵਿਚੋਂ ਲੰਘਦੇ ਘੱਗਰ ਦਰਿਆ ਵਿਚ ਅੱਜ ਪਾਣੀ ਦਾ ਪੱਧਰ ਵਧ ਸਕਦਾ ਹੈ।
- PTC NEWS