''ਗੁਰੂ ਦਾ ਘਰ ਛੱਡ ਕੇ ਸਿਆਸਤ...'' ਗਿਆਨੀ ਰਘਬੀਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਆ ਕਰੜੇ ਹੱਥੀਂ
Giani Raghbri Singh on Giani Harpreet Singh Politics Entry : ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਾਗੀ ਅਕਾਲੀ ਧੜੇ ਦਾ ਪ੍ਰਧਾਨ ਬਣਨ ਅਤੇ ਸਿਆਸਤ ਵਿੱਚ ਦਾਖਲੇ 'ਤੇ ਸਿੱਖ ਸਿਆਸਤ ਵਿੱਚ ਹਲਚਲ ਮੱਚੀ ਹੋਈ ਹੈ। ਸਿਆਸਤ ਵਿੱਚ ਆਪਣੇ ਦਾਖਲੇ ਨੂੰ ਲੈ ਕੇ ਲਗਾਤਾਰ ਘਿਰ ਰਹੇ ਗਿਆਨੀ ਹਰਪ੍ਰੀਤ ਸਿੰਘ ਨੂੰ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਕਰੜੇ ਹੱਥੀਂ ਲਿਆ ਹੈ।
ਗਿਆਨੀ ਰਘਬੀਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਸਿਆਸੀ ਐਂਟਰੀ 'ਤੇ ਕਈ ਸਵਾਲ ਖੜੇ ਕੀਤੇ ਹਨ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਗੁਰੂ ਰਾਮਦਾਸ ਦੀ ਸੇਵਾ ਤੋਂ ਵੱਡੀ ਕੋਈ ਹੋਰ ਸੇਵਾ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰੂ ਦਾ ਘਰ ਛੱਡ ਕੇ ਸਿਆਸਤ ਨੂੰ ਚੁਣਨਾ ਕੋਈ ਸਹੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਕੋਲ ਕਦੇ ਅਜਿਹੀ ਗੱਲ ਹੋਵੇ ਤਾਂ ‘ਮੈਂ ਕਦੇ ਵੀ ਗੁਰੂ ਦੀ ਸੇਵਾ ਤੋਂ ਉੱਤੇ ਸਿਆਸਤ ਨਹੀਂ ਚੁਣਾਂਗਾ’।
ਸਾਬਕਾ ਜਥੇਦਾਰ ਨੇ ਕਿਹਾ ਕਿ ਸਿਆਸਤ 'ਚ ਐਂਟਰੀ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੇ ਦਾਅਵੇ ਹੋਰ ਅਤੇ ਇਰਾਦੇ ਹੋਰ ਪ੍ਰਗਟ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਗੁਰੂ ਦੇ ਲੜ ਲੱਗ ਦੇ ਜੀਵਨ ਜਿਊਣ ਵਾਲੇ ਬੰਦਿਆਂ ਦੇ ਇਰਾਦੇ ਨਹੀਂ, ਜਿਨ੍ਹਾਂ ਦੀ ਕਹਿਣੀ ਤੇ ਕਥਨੀ ਵਿੱਚ ਫਰਕ ਹੋਵੇ।
ਦੱਸ ਦਈਏ ਕਿ ਬੀਤੇ ਦਿਨੀਂ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਸਿਆਸੀ ਪਾਰੀ ਸ਼ੁਰੂ ਕੀਤੀ ਸੀ ਤੇ ਬਤੌਰ ਜਥੇਦਾਰ ਖੁਦ ਹੀ ਸੁਣਾਏ ਫੈਸਲੇ ਦੀ ਅਵੱਗਿਆ ਕਰਕੇ ਆਪਣਾ ਵੱਖਰਾ ਚੁੱਲ੍ਹਾ (ਵੱਖਰਾ ਸਿਆਸੀ ਧੜਾ) ਮਘਾਇਆ ਸੀ।
- PTC NEWS