Jalandhar ਕਮਿਸ਼ਨਰੇਟ ਪੁਲਿਸ ਦੀ ਸਾਲ 2025 ਦੌਰਾਨ ਵੱਡੀ ਕਾਮਯਾਬੀ, ਅਪਰਾਧ ਅਤੇ ਨਸ਼ਾ ਮਾਫੀਆ ਖ਼ਿਲਾਫ਼ ਸਖ਼ਤ ਕਾਰਵਾਈਆਂ
Jalandhar News : ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸਾਲ 2025 ਦੌਰਾਨ ਕਾਨੂੰਨ-ਵਿਵਸਥਾ ਕਾਇਮ ਰੱਖਦੇ ਹੋਏ ਅਪਰਾਧੀਆਂ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈਆ ਕੀਤੀਆਂ ਗਈਆਂ। ਇਸ ਅਰਸੇ ਦੌਰਾਨ ਕੁੱਲ 3,535 ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ 2,451 ਕੇਸ ਅਦਾਲਤਾਂ ਵਿੱਚ ਪੇਸ਼ ਕੀਤੇ ਗਏ, ਜੋ ਸਮੇਂ ਸਿਰ ਜਾਂਚ ਅਤੇ ਨਿਪਟਾਰੇ ਨੂੰ ਦਰਸਾਉਂਦਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਾਲ ਦੌਰਾਨ 431 ਗੰਭੀਰ ਅਪਰਾਧਾਂ ਦੇ ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ 243 ਕੇਸ ਸਫ਼ਲਤਾਪੂਰਵਕ ਟਰੇਸ ਕੀਤੇ ਗਏ। ਇਨ੍ਹਾਂ ਵਿੱਚ 224 ਵਿਅਕਤੀਆਂ ਖ਼ਿਲਾਫ਼ ਗੰਭੀਰ ਅਪਰਾਧ ਅਤੇ 206 ਸੰਪਤੀ ਸੰਬੰਧੀ ਗੰਭੀਰ ਅਪਰਾਧ ਸ਼ਾਮਲ ਹਨ।
ਜਾਂਚ ਦੌਰਾਨ ਵੱਡੀ ਮਾਤਰਾ ਵਿੱਚ ਚੋਰੀ ਹੋਈ ਸੰਪਤੀ ਬਰਾਮਦ ਕੀਤੀ ਗਈ। ਚੋਰੀ ਦੇ ਮੁਕੱਦਮਿਆਂ ਵਿੱਚ 146,90,460, ਛੀਨਾ ਝਪਟੀ ਦੇ ਦੇ ਕੇਸਾਂ ਵਿੱਚ 129,37,820 ਅਤੇ ਲੁੱਟ ਦੇ ਮਾਮਲਿਆਂ ਵਿੱਚ 513,87,000 ਦੀ ਰਕਮ ਬਰਾਮਦ ਕੀਤੀ ਗਈ। ਸਾਲ ਦੌਰਾਨ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਅਧੀਨ ਨਸ਼ਾ ਤਸਕਰੀ ਖ਼ਿਲਾਫ਼ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਗਈ। ਐਨ.ਡੀ.ਪੀ.ਐਸ. ਐਕਟ ਤਹਿਤ 1,193 ਮੁਕੱਦਮੇ ਦਰਜ ਕੀਤੇ ਗਏ ਅਤੇ 1,635 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਪੁਲਿਸ ਵੱਲੋਂ 46.209 ਕਿਲੋਗ੍ਰਾਮ ਹੈਰੋਇਨ, 220.695 ਕਿਲੋਗ੍ਰਾਮ ਪੋਸਤ ਦਾ ਭੁੱਕਾ, 8.990 ਕਿਲੋਗ੍ਰਾਮ ਅਫ਼ੀਮ, 15.805 ਕਿਲੋਗ੍ਰਾਮ ਗਾਂਜਾ, 5.761 ਕਿਲੋਗ੍ਰਾਮ ਚਰਸ, 205 ਗ੍ਰਾਮ ਕੋਕੇਨ, 20 ਗ੍ਰਾਮ ਆਈਸ, 106 ਗ੍ਰਾਮ ਨਸ਼ੀਲਾ ਪਾਊਡਰ ਅਤੇ 4,23,925 ਨਸ਼ੀਲੀਆਂ ਗੋਲੀਆਂ/ਕੈਪਸੂਲ ਬਰਾਮਦ ਕੀਤੇ ਗਏ।
ਕਤਲ, ਫਿਰੌਤੀ, ਵਿਸਫੋਟਕ ਪਦਾਰਥਾਂ ਦੀ ਵਰਤੋਂ, UAPA, ਸੰਗਠਿਤ ਅਪਰਾਧ, ਲੁੱਟ ਅਤੇ ਛੀਨਾਝਪਟੀ ਵਰਗੇ ਕਈ ਸਨਸਨੀਖੇਜ਼ ਅਤੇ ਬਲਾਇੰਡ ਕੇਸਾਂ ਨੂੰ ਤਕਨੀਕੀ ਸਹਾਇਤਾ ਅਤੇ ਸੰਯੁਕਤ ਪੁਲਿਸ ਕਾਰਵਾਈ ਰਾਹੀਂ ਸਫਲਤਾਪੂਰਵਕ ਹੱਲ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਅਧੀਨ ਲਿਆਂਦਾ ਗਿਆ। ਸਾਲ 2025 ਦੌਰਾਨ ਹਾਰਡਕੋਰ ਅਪਰਾਧੀਆਂ ਅਤੇ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਦੌਰਾਨ ਕੁੱਲ 7 ਪੁਲਿਸ ਮੁਕਾਬਲੇ ਹੋਏ। ਇਹ ਸਾਰੇ ਮੁਕਾਬਲੇ ਉਸ ਸਮੇਂ ਹੋਏ ਜਦੋਂ ਦੋਸ਼ੀਆਂ ਵੱਲੋਂ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ ਗਈ ਅਤੇ ਪੁਲਿਸ ਵੱਲੋਂ ਪੂਰੀ ਤਰ੍ਹਾਂ ਕਾਨੂੰਨ ਅਨੁਸਾਰ ਆਪਣੀ ਰੱਖਿਆ ਵਿੱਚ ਕਾਰਵਾਈ ਕੀਤੀ ਗਈ।
ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸੰਵੇਦਨਸ਼ੀਲ ਅਤੇ ਹਾਈ-ਪ੍ਰੋਫ਼ਾਈਲ ਕੇਸ ਤੁਰੰਤ ਟਰੇਸ ਕੀਤੇ ਗਏ
08.04.2025 ਨੂੰ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 3 ਦੇ ਅਧੀਨ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਰਿਹਾਇਸ਼ ਦੇ ਗੇਟ ਨੇੜੇ ਬੰਬ ਧਮਾਕਾ ਹੋਇਆ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲੰਧਰ ਪੁਲਿਸ ਨੇ 24 ਘੰਟਿਆਂ ਵਿੱਚ ਕੇਸ ਟਰੇਸ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜਨਤਾ ਦਾ ਭਰੋਸਾ ਬਹਾਲ ਕੀਤਾ। ਇਸ ਦੇ ਇਲਾਵਾ 22.10.2025 ਨੂੰ ਸੀਆਈਏ ਸਟਾਫ਼ ਜਲੰਧਰ ਵੱਲੋਂ ਪਿੰਡ ਸਲੇਮਪੁਰ ਮਸੰਦਾਂ ਵਿਖੇ ਨਾਕਾਬੰਦੀ ਦੌਰਾਨ ਨਕਲੀ ਪ੍ਰੈਸ ਸਟੀਕਰ ਲਗਾਈ ਆਲਟੋ ਕਾਰ ਨੂੰ ਰੋਕਿਆ ਗਿਆ। ਕਾਰ ਸਵਾਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ 'ਤੇ ਗੋਲੀਆਂ ਚਲਾਈਆਂ। ਪੁਲਿਸ ਨੇ ਹਿੰਮਤ ਅਤੇ ਸੰਯਮ ਨਾਲ ਕਾਰਵਾਈ ਕਰਦਿਆਂ ਤਿੰਨ ਦੋਸ਼ੀਆਂ ਮਨਕਰਨ ਸਿੰਘ, ਸਿਮਰਨਜੀਤ ਸਿੰਘ ਅਤੇ ਜੈਬੀਰ ਸਿੰਘ– ਸਾਰੇ ਜਲੰਧਰ ਦੇ ਵਸਨੀਕ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਦੋਸ਼ੀ ਮੋਹੱਲਾ ਬਾਲਮੀਕੀ ਜੀ, ਚੁਗਿੱਟੀ ਮੰਦਰ ਸਟ੍ਰੀਟ ਵਿਖੇ ਗੋਲੀਆਂ ਚਲਾਉਣ ਦੀ ਘਟਨਾ ਵਿੱਚ ਵੀ ਸ਼ਾਮਲ ਸਨ।
ਪੰਜ ਹਥਿਆਰਬੰਦ ਦੋਸ਼ੀ ਗ੍ਰਿਫ਼ਤਾਰ-ਗੈਰਕਾਨੂੰਨੀ ਹਥਿਆਰ ਬਰਾਮਦ
09.07.2025 ਨੂੰ ਵਰਕਸ਼ਾਪ ਚੌਕ, ਜਲੰਧਰ 'ਚ ਤਲਾਸ਼ੀ ਦੌਰਾਨ ਪੁਲਿਸ ਨੇ ਪੰਜ ਦੋਸ਼ੀਆਂ(ਅਭਿਸ਼ੇਕ, ਕਰਨਪ੍ਰੀਤ, ਅਮਨ ਉਰਫ਼ ਅਮਾਨਾ, ਹਰਵਿੰਦਰ ਕੁਮਾਰ ਉਰਫ਼ ਹਰਸ਼ ਅਤੇ ਮੋਹਿਤ ਉਰਫ਼ ਮੋਨੂ – ਸਾਰੇ ਜਲੰਧਰ ਦੇ ਵਸਨੀਕ) ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 8 ਪਿਸਤੌਲ, 12 ਕਾਰਤੂਸ ਅਤੇ 52 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਵਿਜੇ ਜੁਐਲਰਜ਼ ਡਾਕਾ ਕੇਸ - ਰਿਕਾਰਡ ਸਮੇਂ 'ਚ ਹੱਲ
30.10.2025 ਨੂੰ, ਭਾਰਗੋ ਕੈਂਪ ਸਥਿਤ ਵਿਜੇ ਜੁਐਲਰਜ਼ 'ਚ ਹੋਏ ਹਥਿਆਰਬੰਦ ਡਾਕੇ ਤੋਂ ਬਾਅਦ, ਕਮਿਸ਼ਨਰੇਟ ਪੁਲਿਸ ਨੇ ਗੰਭੀਰ ਜਾਂਚ ਸ਼ੁਰੂ ਕੀਤੀ। ਤਿੰਨ ਦਿਨਾਂ ਦੇ ਅੰਦਰ ਪੁਲਿਸ ਨੇ ਤਿੰਨ ਪਹਿਲਾਂ ਅਣਪਛਾਤੇ ਦੋਸ਼ੀਆਂ ਦੀ ਪਛਾਣ ਕੀਤੀ, ਉਨ੍ਹਾਂ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਅਤੇ ਲੁੱਟਿਆ ਹੋਇਆ ਸੋਨਾ ਅਤੇ ਨਕਦੀ ਸਫ਼ਲਤਾਪੂਰਵਕ ਬਰਾਮਦ ਕੀਤੀ, ਜਿਸ ਨਾਲ ਰਾਜਾਂ ਦਰਮਿਆਨ ਸਹਿਯੋਗ ਅਤੇ ਜਾਂਚੀ ਪਾਰਖ ਵਿੱਚ ਉਤਕ੍ਰਿਸ਼ਟਤਾ ਦਾ ਪ੍ਰਦਰਸ਼ਨ ਹੋਇਆ।
ਕਾਰ ਜੈਕਿੰਗ ਕੇਸ ਉਸੇ ਦਿਨ ਹੱਲ
23.12.2025 ਦੀ ਰਾਤ ਨੂੰ ਥਾਣਾ ਸਦਰ ਦੇ ਖੇਤਰ ਵਿੱਚ ਇੱਕ ਕੈਬ ਡਰਾਈਵਰ ਤੋਂ ਐਰਟੀਗਾ ਕਾਰ, ਮੋਬਾਈਲ ਅਤੇ ਨਕਦੀ ਲੁੱਟੀ ਗਈ। ਪੁਲਿਸ ਨੇ ਉਸੇ ਦਿਨ ਦੀਪਕ ਉਰਫ਼ ਕਾਲੂ ਅਤੇ ਗੈਬਰੀ ਗਿੱਲ ਜਲੰਧਰ ਦੇ ਵਸਨੀਕ ਨੂੰ ਗ੍ਰਿਫ਼ਤਾਰ ਕਰਕੇ ਸਾਰੀ ਲੁੱਟੀ ਹੋਈ ਸੰਪਤੀ ਬਰਾਮਦ ਕੀਤੀ।
ਬਟਾਲਾ ਕਤਲ ਕੇਸ ਨਾਲ ਜੁੜੇ ਖ਼ਤਰਨਾਕ ਅਪਰਾਧੀ ਮੁਕਾਬਲੇ ਬਾਅਦ ਗ੍ਰਿਫ਼ਤਾਰ
23.12.2025 ਨੂੰ ਬੁਲੰਦਪੁਰ ਰੋਡ ਨੇੜੇ ਜਾਂਚ ਦੌਰਾਨ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਪੁਲਸ 'ਤੇ ਗੋਲੀਆਂ ਚਲਾਈਆਂ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਦੋਸ਼ੀਆਂ (ਤੇਜਬੀਰ ਸਿੰਘ ਅਤੇ ਅਰਸ਼ਦੀਪ ਸਿੰਘ) ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਵਿੱਚ ਉਨ੍ਹਾਂ ਦਾ ਬਟਾਲਾ ਦੇ ਚੱਕਰੀ ਬਾਜ਼ਾਰ ਵਿੱਚ ਹੋਏ ਕਤਲ ਅਤੇ ਫਾਇਰਿੰਗ ਮਾਮਲੇ ਨਾਲ ਸੰਬੰਧ ਸਾਹਮਣੇ ਆਇਆ, ਜਿਸ ਵਿੱਚ 2 ਵਿਅਕਤੀਆਂ ਦੀ ਮੌਤ ਅਤੇ 8-9 ਜ਼ਖ਼ਮੀ ਹੋਏ ਸਨ।
ਨਵੇਂ ਉਪਰਾਲੇ
ਨਸ਼ਾ ਮਾਫ਼ੀਆ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਰੋਕਥਾਮ ਅਤੇ ਸੁਧਾਰਾਤਮਕ ਕਦਮ ਵੀ ਚੁੱਕੇ ਗਏ। 22 ਗੈਰਕਾਨੂੰਨੀ ਸੰਪਤੀਆਂ ਢਾਹੀਆਂ ਗਈਆਂ। 43.54 ਕਰੋੜ ਦੀਆਂ 15 ਪ੍ਰਸਤਾਵਾਂ ਜਮ੍ਹਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚੋਂ 32.83 ਕਰੋੜ ਦੀਆਂ 12 ਪ੍ਰਸਤਾਵਾਂ ਮਨਜ਼ੂਰ ਹੋਈਆਂ। ਐਨ.ਡੀ.ਪੀ.ਐਸ. ਐਕਟ ਅਧੀਨ 19 ਪ੍ਰੋਕਲੇਮਡ ਅਜ਼ੈਂਡਰ ਗ੍ਰਿਫ਼ਤਾਰ ਕੀਤੇ ਗਏ। ਸੇਫ਼ ਪੰਜਾਬ ਹੈਲਪਲਾਈਨ 'ਤੇ ਮਿਲੀਆਂ 667 ਸ਼ਿਕਾਇਤਾਂ ਵਿੱਚੋਂ 300 ਐਫ਼ਆਈਆਰ ਦਰਜ ਹੋਈਆਂ। 697 ਵਿਅਕਤੀਆਂ ਨੂੰ ਡੀ-ਐਡੀਕਸ਼ਨ ਸੈਂਟਰਾਂ 'ਚ ਦਾਖ਼ਲ ਕਰਵਾਇਆ ਗਿਆ, 383 ਵਿਅਕਤੀ OOAT ਸੈਂਟਰਾਂ 'ਚ ਇਲਾਜ ਅਧੀਨ ਹਨ, 236 ਵਿਅਕਤੀਆਂ ਖ਼ਿਲਾਫ਼ ਧਾਰਾ 64-4 ਤਹਿਤ ਕਾਰਵਾਈ ਕੀਤੀ ਗਈ ਅਤੇ 906 ਨਸ਼ਾ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ।
ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਇੰਟੀਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ (ICCC) ਰਾਹੀਂ ਈ-ਚਾਲਾਨ ਸਿਸਟਮ ਲਾਗੂ ਕੀਤਾ ਗਿਆ ਹੈ। ਇਸ ਤਹਿਤ 13 ਮੁੱਖ ਟ੍ਰੈਫਿਕ ਚੌਰਾਹਿਆਂ 'ਤੇ 142 ਹਾਈ ਰੈਜ਼ੋਲੂਸ਼ਨ ਕੈਮਰੇ ਲਗਾਏ ਗਏ ਹਨ, ਜੋ ਲਾਲ ਬੱਤੀ ਉਲੰਘਣਾ, ਤੇਜ਼ ਰਫ਼ਤਾਰ ਅਤੇ ਗਲਤ ਪਾਸੇ ਡਰਾਈਵਿੰਗ ਦੀ 24×7 ਨਿਗਰਾਨੀ ਕਰਦੇ ਹਨ। ਇਸ ਤੋਂ ਇਲਾਵਾ, ਸ਼ਹਰ ਭਰ ਵਿੱਚ 183 ਜੰਕਸ਼ਨਾਂ 'ਤੇ 1,003 ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜਿਸ ਨਾਲ ਅਪਰਾਧ ਪਤਾ ਲਗਾਉਣ ਅਤੇ ਤੁਰੰਤ ਪੁਲਿਸ ਕਾਰਵਾਈ ਵਿੱਚ ਵੱਡੀ ਮਦਦ ਮਿਲੀ ਹੈ। ਐਮਰਜੈਂਸੀ ਕਾਲ ਬਾਕਸ, ਪਬਲਿਕ ਐਡਰੈੱਸ ਸਿਸਟਮ ਅਤੇ ਵੀਡੀਓ ਡਿਸਪਲੇਅ ਵੀ ਸਥਾਪਿਤ ਕੀਤੇ ਗਏ ਹਨ।
- PTC NEWS