Uppal Farm Video Case : ''ਗਲਤ-ਫਹਿਮੀ ਹੋ ਗਈ ਸੀ'', ਦੋਵਾਂ ਪਰਿਵਾਰਾਂ 'ਚ ਹੋਇਆ ਸਮਝੌਤਾ, ਪੀੜਤਾ ਬੋਲੀ - ਮਸਲਾ ਹੱਲ ਹੋ ਗਿਐ
Jalandhar Sexual Assault Case : ਜਲੰਧਰ 'ਚ 19 ਸਾਲਾ ਕੁੜੀ ਵੱਲੋਂ ਆਪਣੇ ਮੰਗੇਤਰ ਅਤੇ ਉਸ ਦੇ ਦੋਸਤ ਖਿਲਾਫ਼ ਸਰੀਰਕ ਸ਼ੋਸ਼ਣ ਕਰਨ ਅਤੇ ਵੀਡੀਓ ਬਣਾ ਕੇ ਲੀਕ ਕਰਨ ਦੇ ਮਾਮਲੇ ਵਿੱਚ ਵੱਡਾ ਯੂ-ਟਰਨ ਸਾਹਮਣੇ ਆਇਆ ਹੈ। ਪੀੜਤ ਕੁੜੀ ਨੇ ਦੋਵਾਂ ਨੌਜਵਾਨਾਂ ਖਿਲਾਫ਼ ਦੋਸ਼ ਲਾਏ ਸਨ, ਜਿਸ 'ਤੇ ਪੁਲਿਸ ਨੇ ਦੋਵਾਂ ਨੌਜਵਾਨਾਂ ਖਿਲਾਫ਼ ਕੇਸ ਵੀ ਦਰਜ ਕਰ ਲਿਆ ਸੀ। ਪਰ ਖ਼ਬਰ ਸਾਹਮਣੇ ਆਈ ਹੈ ਕਿ ਦੋਵਾਂ ਪਰਿਵਾਰਾਂ ਵਿੱਚ ਮਾਮਲਾ ਹੱਲ ਹੋ ਗਿਆ ਹੈ ਅਤੇ ਸਮਝੌਤਾ ਕਰ ਲਿਆ ਗਿਆ ਹੈ। ਦੋਵਾਂ ਪਰਿਵਾਰਾਂ ਵੱਲੋਂ ਇਸ ਮਸਲੇ ਨੂੰ 'ਗਲਤ-ਫਹਿਮੀ ਹੋ ਗਈ ਸੀ'' ਕਿਹਾ ਜਾ ਰਿਹਾ ਹੈ।
ਦੋਵਾਂ ਪਰਿਵਾਰਾਂ ਨੇ ਗਿਲੇ-ਸ਼ਿਕਵੇ ਦੂਰ ਕਰ ਲਏ ਹਨ : ਮੁੰਡੇ ਦਾ ਪਿਤਾ
ਮੁੰਡੇ ਦੇ ਪਿਤਾ ਅਵਤਾਰ ਸਿੰਘ ਸੰਧੂ ਨੇ ਕਿਹਾ ਕਿ ਅੱਜ ਅਸੀਂ ਦੋਵਾਂ ਪਰਿਵਾਰਾਂ ਨੇ ਮਿਲ ਕੇ ਵਿਵਾਦ ਨੂੰ ਹੱਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਦੋਵਾਂ ਪਰਿਵਾਰਾਂ ਦੇ ਮਨਾਂ ਅੰਦਰ ਜੋ ਵੀ ਇਸ ਵਿਵਾਦ ਨੂੰ ਲੈ ਕੇ ਗਿਲੇ-ਸ਼ਿਕਵੇ ਸਨ ਉਹ ਦੂਰ ਕਰ ਲਏ ਹਨ, ਜਿਸ ਤੋਂ ਬਾਅਦ ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਜੋ ਵੀ ਗੱਲਾਂ ਸਨ, ਉਹ ਸਿਰਫ਼ ਫਰਜ਼ੀ ਸਨ। ਨਾਲ ਹੀ ਜੇਕਰ ਕਿਸੇ ਵਿਅਕਤੀ ਦਾ ਨਾਂਅ ਵਗੈਰਾ ਵੀ ਆਇਆ ਤਾਂ ਉਹ ਵੀ ਸੁਣੀਆ-ਸੁਣਾਈਆਂ ਗੱਲਾਂ ਤੋਂ ਲਿਆ ਗਿਆ।ਉਨ੍ਹਾਂ ਕਿਹਾ, ''ਜੇਕਰ ਮੇਰੇ ਮੁੰਡੇ ਤੋਂ ਮਾਮਲੇ ਵਿੱਚ ਕੋਈ ਗਲਤੀ ਹੋਈ ਹੈ ਤਾਂ ਮੈਂ ਮਾਫੀ ਮੰਗਦਾ ਹਾਂ।''
''ਮਸਲਾ ਹੱਲ ਹੋ ਗਿਐ, ਮੈਂ ਕਾਰਵਾਈ ਨਹੀਂ ਚਾਹੁੰਦੀ''
ਉਧਰ, ਪੀੜਤਾ ਕੁੜੀ ਨੇ ਰਜ਼ਾਮੰਦੀ ਤੋਂ ਬਾਅਦ ਵੀਡੀਓ ਵਿੱਚ ਕਿਹਾ, ''ਪਿਛਲੇ ਕੁੱਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਜੋ ਗੱਲਾਂ ਚੱਲ ਰਹੀਆਂ ਸਨ, ਉਸ ਸਬੰਧੀ ਜਦੋਂ ਅਸੀਂ ਇੱਕ-ਦੂਜੇ ਨਾਲ ਬੈਠ ਕੇ ਗੱਲਬਾਤ ਕੀਤੀ ਤਾਂ ਉਹ ਗਲਤ-ਫਹਿਮੀ ਸੀ। ਅਸੀਂ ਇੱਕ-ਦੂਜੇ ਨੂੰ ਸਮਝਾਇਆ ਹੈ। ਇਸ ਲਈ ਸਾਡਾ ਮਸਲਾ ਹੱਲ ਹੋ ਗਿਆ ਹੈ, ਮੈਂ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਚਾਹੁੰਦੀ।''
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸੀ ਸੂ-ਮੋਟੋ
ਦੱਸ ਦਈਏ ਕਿ ਬੀਤੇ ਦਿਨ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ ਵਿੱਚ ਸੂ-ਮੋਟੋ ਨੋਟਿਸ ਲਿਆ ਸੀ ਅਤੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗੀ ਦੱਸਿਆ ਸੀ। ਕਮਿਸ਼ਨ ਵੱਲੋਂ ਮਾਮਲੇ 'ਚ ਐਸਐਸਪੀ ਜਲੰਧਰ ਨੂੰ 22 ਅਗਸਤ ਤੱਕ ਦੋ ਦਿਨਾਂ ਵਿੱਚ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਸਨ।
- PTC NEWS