ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ 12ਵੀਂ ਦੇ ਨਤੀਜੇ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਹਰਿਆਣਾ ਦੇ ਸਿੱਖ ਨੌਜਵਾਨ ਨੂੰ ਦਿੱਤੀ ਵਧਾਈ
Haryana 12th Class Result : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (Jathedar Kuldeep Singh Gargaj) ਨੇ ਅੱਜ ਵੀਡੀਓ ਕਾਲ ਕਰਕੇ ਹਰਿਆਣਾ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ 99.4% ਨੰਬਰਾਂ ਨਾਲ ਸੂਬੇ ਅੰਦਰ ਪਹਿਲਾ ਸਥਾਨ ਹਾਸਲ ਕਰਨ ਵਾਲੇ ਸਾਬਤ ਸੂਰਤ ਸਿੱਖ ਨੌਜਵਾਨ ਅਰਪਨਦੀਪ ਸਿੰਘ ਸਪੁੱਤਰ ਯਾਦਵਿੰਦਰ ਸਿੰਘ (Sikh youth Arpandeep Singh) ਵਾਸੀ ਜ਼ਿਲ੍ਹਾ ਕੈਥਲ ਨੂੰ ਵਧਾਈ ਦਿੱਤੀ। ਜਥੇਦਾਰ ਗੜਗੱਜ ਨੇ ਅਰਪਨਦੀਪ ਸਿੰਘ ਦੀ ਹੌਸਲਾ ਅਫ਼ਜਾਈ ਕਰਦਿਆਂ ਖੁਸ਼ੀ ਪ੍ਰਗਟਾਈ ਕਿ ਉਨ੍ਹਾਂ ਨੇ ਸਾਬਤ ਸੂਰਤ ਪਛਾਣ ਕਾਇਮ ਰੱਖੀ ਹੈ, ਜੋ ਕਿ ਸਿੱਖ ਨੌਜਵਾਨਾਂ ਲਈ ਪ੍ਰੇਰਣਾਸਰੋਤ ਹੈ।
ਜਥੇਦਾਰ ਗੜਗੱਜ ਨੇ ਸਿੱਖ ਨੌਜਵਾਨ ਲਈ ਅਰਦਾਸ ਕੀਤੀ ਕਿ ਉਹ ਆਪਣੇ ਜੀਵਨ ਵਿੱਚ ਚੰਗੇ ਰੁਤਬੇ ਨੂੰ ਹਾਸਲ ਕਰਨ ਅਤੇ ਇਸੇ ਤਰ੍ਹਾਂ ਆਪਣੇ ਮਾਪਿਆਂ ਤੇ ਸਿੱਖ ਕੌਮ ਦਾ ਨਾਮ ਰੋਸ਼ਨ ਕਰਦੇ ਰਹਿਣ। ਉਨ੍ਹਾਂ ਅਰਪਨਦੀਪ ਸਿੰਘ ਨੂੰ ਕਿਹਾ ਕਿ ਜਦੋਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਉਣਗੇ ਤਾਂ ਉਨ੍ਹਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਜਾਵੇਗਾ।
ਉਨ੍ਹਾਂ ਸਿੱਖ ਨੌਜਵਾਨ ਨੂੰ ਗੁਰਬਾਣੀ ਨਾਲ ਜੁੜਨ ਅਤੇ ਜੀਵਨ ਵਿੱਚ ਕਰੜੀ ਮਿਹਨਤ ਕਰਨ ਲਈ ਵੀ ਪ੍ਰੇਰਿਆ। ਇਸ ਮੌਕੇ ਜਥੇਦਾਰ ਗੜਗੱਜ ਨੇ ਸਿੱਖ ਨੌਜਵਾਨ ਦੇ ਪਿਤਾ ਯਾਦਵਿੰਦਰ ਸਿੰਘ ਤੇ ਭਰਾ ਅਕਾਸ਼ਦੀਪ ਸਿੰਘ ਨਾਲ ਵੀ ਗੱਲ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ।
- PTC NEWS